5 Dariya News

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਤਿੰਨ ਰੋਜ਼ਾ ਸੰਗਰੂਰ ਵਿਰਾਸਤੀ ਮੇਲੇ ਦਾ ਉਦਘਾਟਨ

7 ਕਰੋੜ ਰੁਪਏ ਦੀ ਲਾਗਤ ਨਾਲ ਪੁਨਰਸੁਰਜੀਤ ਕਰਨ ਉਪਰੰਤ ਮੁੱਖ ਮੰਤਰੀ ਚੰਨੀ ਨੇ ਮਨੁੱਖਤਾ ਨੂੰ ਸਮਰਪਿਤ ਕੀਤੇ ਸੰਗਰੂਰ ਕੋਠੀ, ਬਨਾਸਰ ਬਾਗ, ਮਾਰਬਲ ਬਾਰਾਂਦਰੀ ਅਤੇ ਘੰਟਾ ਘਰ

5 Dariya News

ਸੰਗਰੂਰ 14-Dec-2021

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸੰਗਰੂਰ ਦੀ ਵਿਰਾਸਤ ਨੂੰ ਰੂਪਮਾਨ ਕਰਦੇ ਤਿੰਨ ਰੋਜ਼ਾ ‘ਸੰਗਰੂਰ ਵਿਰਾਸਤੀ ਮੇਲੇ’ ਦਾ ਬਨਾਸਰ ਬਾਗ਼ ਤੋਂ ਆਗਾਜ਼ ਕੀਤਾ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਸੰਗਰੂਰ ਕੋਠੀ, ਬਨਾਸਰ ਬਾਗ, ਮਾਰਬਲ ਬਾਰਾਂਦਰੀ ਅਤੇ ਘੰਟਾ ਘਰ ਨੂੰ ਪੁਨਰ ਸੁਰਜੀਤ ਕਰਨ ਅਤੇ ਅਪਗ੍ਰੇਡੇਸ਼ਨ ਕਰਨ ਉਪਰੰਤ ਮਨੁੱਖਤਾ ਨੂੰ ਸਮਰਪਿਤ ਕਰਨ ਦੀ ਰਸਮ ਵਿੱਤ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਅਤੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਮੌਜੂਦਗੀ ਵਿੱਚ ਅਦਾ ਕੀਤੀ।ਇਸ ਮੌਕੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਵਿਰਾਸਤੀ ਮੇਲੇ ਦੀ ਸਟੇਜ ਤੋਂ ਅਦਾਕਾਰਾਂ ਅਤੇ ਲੋਕ ਸਾਜ਼ ਵਜਾਉਣ ਵਾਲਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਖੁਦ ਵੀ ਨੌਜਵਾਨ ਕਲਾਕਾਰਾਂ ਨਾਲ ਖੜ ਕੇ ਸਾਜ਼ ਵਜਾਏ। 

ਜ਼ਿਲਾ ਪ੍ਰਸ਼ਾਸਨ ਦੀ ਤਰਫੋਂ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਤੇ ਹੋਰ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਇੱਕ ਪੁਸਤਕ ‘ਸੰਗਰੂਰ ਦੈੱਨ ਐਂਡ ਨਾਓ ਟੇਲ ਆਫ਼ ਏ ਸਿਟੀ’ ਵੀ ਭੇਟ ਕੀਤੀ।ਇਸ ਮੌਕੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸੰਗਰੂਰ ਵਿਰਾਸਤੀ ਮੇਲੇ ਤਹਿਤ 15 ਅਤੇ 16 ਦਸੰਬਰ ਨੂੰ ਵੀ ਬਨਾਸਰ ਬਾਗ ਵਿਖੇ ਲੋਕ ਕਲਾਵਾਂ ’ਤੇ ਆਧਾਰਤ ਸਮਾਗਮਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ ਜਿਸ ਵਿੱਚ ਪੰਜਾਬ ਭਰ ਤੋਂ ਆਏ ਕਲਾਕਾਰ ਅਤੇ ਨਾਟਕਕਾਰ ਆਪਣੇ ਹੁਨਰ ਦੀ ਬਾਖੂਬੀ ਪੇਸ਼ਕਾਰੀ ਕਰਨਗੇ।ਅੱਜ ਦੇ ਉਦਘਾਟਨੀ ਸਮਾਰੋਹ ਮੌਕੇ ਸ਼੍ਰੀ ਸੰਜੇ ਕੁਮਾਰ ਵਿਸ਼ੇਸ਼ ਮੁੱਖ ਸਕੱਤਰ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ, ਸ਼੍ਰੀਮਤੀ ਕੰਵਲਪ੍ਰੀਤ ਕੌਰ ਡਾਇਰੈਕਟਰ ਸੈਰ ਸਪਾਟਾ ਵਿਭਾਗ, ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ, ਏ.ਡੀ.ਸੀ ਸ਼੍ਰੀ ਅਨਮੋਲ ਸਿੰਘ ਧਾਲੀਵਾਲ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।