5 Dariya News

ਦੇਸ਼ ਦੇ ਵਿਕਾਸ ਅਤੇ ਦੱਬੇ ਕੁਚਲੇ ਲੋਕਾਂ ਦੇ ਉਥਾਨ ਵਿੱਚ ਡਾਕਟਰ ਬੀ ਆਰ ਅੰਬੇਡਕਰ ਦਾ ਵੱਡਾ ਯੋਗਦਾਨ : ਵਿਜੇ ਸਾਂਪਲਾ

ਮੋਗਾ ਵਿਖੇ ਡਾਕਟਰ ਬੀ ਆਰ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਸਮਾਗਮ ਵਿੱਚ ਸ਼ਿਰਕਤ

5 Dariya News

ਮੋਗਾ 06-Dec-2021

ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਦੇਸ਼ ਦੇ ਵਿਕਾਸ ਅਤੇ ਦੱਬੇ ਕੁਚਲੇ ਲੋਕਾਂ ਦੇ ਉਥਾਨ ਵਿੱਚ ਡਾਕਟਰ ਬੀ ਆਰ ਅੰਬੇਡਕਰ ਦਾ ਬਹੁਤ ਵੱਡਾ ਯੋਗਦਾਨ ਹੈ ਜਿਸਨੂੰ ਕੋਈ ਵੀ ਤਾਕਤ ਝੁਠਲਾ ਨਹੀਂ ਸਕਦੀ। ਉਹ ਅੱਜ ਇਥੇ ਇਕ ਸੰਸਥਾ ਵੱਲੋਂ ਡਾਕਟਰ ਬੀ ਆਰ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।ਉਹਨਾਂ ਕਿਹਾ ਕਿ ਡਾਕਟਰ ਬੀ ਆਰ ਅੰਬੇਡਕਰ ਬਾਰੇ ਕਈ ਲੋਕਾਂ ਵੱਲੋਂ ਭਰਮ ਭੁਲੇਖੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਸਪੱਸ਼ਟ ਹੈ ਕਿ ਉਹ ਇਕੱਲੇ ਦਲਿਤਾਂ ਦੇ ਹੀ ਮਸੀਹਾ ਨਹੀਂ ਸਨ ਸਗੋਂ ਉਹ ਕੁੱਲ ਦੇਸ਼ ਵਾਸੀਆਂ ਦੇ ਮਸੀਹਾ ਸਨ। ਜਿੱਥੇ ਉਹਨਾਂ ਨੇ ਦੱਬੇ ਕੁਚਲੇ ਲੋਕਾਂ ਨੂੰ ਉਪਰ ਚੁੱਕਣ ਲਈ ਯਤਨ ਕੀਤੇ ਉਥੇ ਹੀ ਉਹਨਾਂ ਨੇ ਦੇਸ਼ ਦੀ ਆਰਥਿਕਤਾ ਨੂੰ ਉਪਰ ਚੁੱਕਣ ਲਈ ਆਪਣੀਆਂ ਸਲਾਹਾਂ ਦਿੱਤੀਆਂ। ਉਹ ਇਕ ਬਹੁਤ ਵਧੀਆ ਅਰਥ ਸ਼ਾਸ਼ਤਰੀ ਵੀ ਸਨ।

ਉਹਨਾਂ ਕਿਹਾ ਕਿ ਕਈ ਦੇਸ਼ਾਂ ਦੇ ਸੰਵਿਧਾਨ ਬਦਲ ਚੁੱਕੇ ਹਨ ਪਰ ਸਾਡੇ ਦੇਸ਼ ਦਾ ਸੰਵਿਧਾਨ ਬਦਲਣ ਦੀ ਜ਼ਰੂਰਤ ਕਦੇ ਵੀ ਮਹਿਸੂਸ ਨਹੀਂ ਹੋਈ। ਉਹਨਾਂ ਕਿਹਾ ਕਿ ਵਿਸ਼ਵ ਦੇ ਕਈ ਦੇਸ਼ ਵੀ ਬਾਬਾ ਸਾਹਿਬ ਨੂੰ ਫਾਲੋ ਕਰਦੇ ਹਨ। ਸਾਨੂੰ ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ ਦੇ ਨਾਹਰੇ ਉੱਤੇ ਚੱਲਣਾ ਚਾਹੀਦਾ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਾਂਪਲਾ ਨੇ ਕਿਹਾ ਕਿ ਉਹਨਾਂ ਦੇ ਕਮਿਸ਼ਨ ਵਲੋਂ ਯਤਨ ਕੀਤੇ ਜਾ ਰਹੇ ਹਨ ਕਿ ਅਦਾਲਤਾਂ ਦੀਆਂ ਅਸਾਮੀਆਂ ਵਿੱਚ ਵੀ ਰਾਖਵਾਂਕਰਨ ਜਰੂਰੀ ਕਰਵਾਇਆ ਜਾ ਸਕੇ। ਇਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕੁਝ ਰਾਜਾਂ ਵੱਲੋਂ ਵੀ ਸਬੰਧਤ ਐਕਟ ਨੂੰ ਨਜ਼ਰ ਅੰਦਾਜ਼ ਕਰਕੇ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਕਮਿਸ਼ਨ ਵੱਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।