5 Dariya News

ਪੰਜਾਬ ਸਰਕਾਰ ‘ਵਿਕਾਸ ਤੇ ਲੋਕ ਭਲਾਈ’ ਏਜੰਡੇ ’ਤੇ 24 ਘੰਟੇ ਕੰਮ ਕਰ ਰਹੀ ਹੈ : ਰਾਣਾ ਗੁਰਜੀਤ ਸਿੰਘ

ਕੈਬਨਿਟ ਮੰਤਰੀ ਵਲੋਂ ਵੱਖ-ਵੱਖ ਪਿੰਡਾਂ ਅੰਦਰ ਲਗਭਗ 2 ਕਰੋੜ ਰੁਪੈ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ

5 Dariya News

ਕਪੂਰਥਲਾ 27-Nov-2021

ਪੰਜਾਬ ਦੇ ਤਕਨੀਕੀ ਸਿੱਖਿਆ, ਜਲ ਸੰਭਾਲ ਤੇ ਬਾਗਬਾਨੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵਲੋਂ ‘ਵਿਕਾਸ ਤੇ ਲੋਕ ਭਲਾਈ’ ਦੇ ਏਜੰਡੇ ਦੀ ਪੂਰਤੀ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ।ਅੱਜ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਸਮੇਤ ਕਪੂਰਥਲਾ ਹਲਕੇ ਵਿਚ ਲਗਭਗ 2 ਕਰੋੜ ਰੁਪੈ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਨ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ‘ਸ਼ਾਇਦ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਸਮਾਜ ਦੇ ਹਰ ਵਰਗ ਨੂੰ ਪੰਜਾਬ ਸਰਕਾਰ ਉਸਦੀ ਪਹੁੰਚ ਤੇ ਉਸਦੀ ਭਲਾਈ ਲਈ ਕੰਮ ਕਰਦੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬੇਜਮੀਨੇ ਲੋਕਾਂ ਨੂੰ ਪਲਾਟਾਂ ਦੀਆਂ ਸਨਦਾਂ ਦੇਣ ਦੇ ਲਾਰੇ ਤਾਂ ਪਿਛਲੇ ਕਈ ਦਹਾਕਿਆਂ ਤੋਂ ਲਗਾਏ ਜਾ ਰਹੇ ਸਨ, ਪਰ ਅਸਲ ਵਿਚ ਲੋੜਵੰਦਾਂ ਲੋਕ ਆਪਣੇ ਘਰਾਂ ਦੇ ਮਾਲਕ ਹੁਣ ਬਣੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਪੂਰਥਲਾ ਹਲਕੇ ਦੇ ਵਿਕਾਸ ਲਈ 10 ਕਰੋੜ ਰੁਪੈ ਦੀ ਗਰਾਂਟ ਜਾਰੀ ਕੀਤੀ ਜਾ ਰਹੀ ਹੈ, ਜਿਸ ਨਾਲ 100 ਫੀਸਦੀ ਆਬਾਦੀ ਨੂੰ ਪੀਣ ਵਾਲਾ ਪਾਣੀ, ਸੀਵਰੇਜ਼, ਪੱਕੀਆਂ ਗਲੀਆਂ ਮੁਹੱਈਆ ਕਰਵਾਈਆਂ ਜਾਣਗੀਆਂ। 

ਕੈਬਨਿਟ ਮੰਤਰੀ ਵਲੋਂ ਧਾਲੀਵਾਲ ਦੋਨਾ ਵਿਖੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਨੂੰ ਪਲਾਂਟਾਂ ਦੀਆਂ ਸਨਦਾਂ ਦੀ ਵੰਡ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ  ਚੂਹੜਵਾਲ ਚੁੰਗੀ ਨੇੜੇ 40 ਲੱਖ ਰੁਪੈ ਦੀ ਲਾਗਤ ਵਾਲੀ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਈ। ਪਿੰਡ ਨੂਰਪੁਰ ਰਾਜਪੂਤਾਂ ਵਿਖੇ ਵੀ 40 ਲੱਖ ਦੀ ਲਾਗਤ ਵਾਲੀ, ਪਿੰਡ ਰੂਪਨਪੁਰ ਵਿਖੇ 50 ਲੱਖ ਰੁਪੈ ਦੀ ਲਾਗਤ ਵਾਲੀ ਸੜਕ, ਪਿੰਡ ਔਜਲਾ ਜੋਗੀ ਵਿਖੇ 60 ਲੱਖ ਰੁਪੈ ਦੀ ਲਾਗਤ ਵਾਲੀ ਸੜਕ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ।ਉਨ੍ਹਾਂ ਬਜੁਰਗਾਂ ਨੂੰ ਸਤਿਕਾਰ ਦਿੰਦਿਆਂ ਪਿੰਡ ਰੂਪਨਪੁਰ ਵਿਖੇ ਸੜਕ ਦਾ ਕੰਮ ਸ਼ੁਰੂ ਦੀ ਰਸਮ ਵੀ ਉਨ੍ਹਾਂ ਹੱਥੋਂ ਕਰਵਾਈ।ਉਨ੍ਹਾਂ ਪਿੰਡਾਂ ਦੇ ਸਰਪੰਚਾਂ ਤੇ ਮੋਹਤਬਰ ਲੋਕਾਂ ਅਪੀਲ ਕੀਤੀ ਕਿ ਉਹ ਵਿਕਾਸ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਤੇ ਕੰਮ ਦੀ ਗੁਣਵੱਤਾ ਬਣਾਈ ਰੱਖਣ ਲਈ ਨਿਗਰਾਨ ਦੀ ਭੂਮਿਕਾ ਨਿਭਾਉਣ।ਇਸ ਮੌਕੇ ਮੇਅਰ ਕੁਲਵੰਤ ਕੌਰ, ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ, ਮਾਰਕੀਟ ਕਮੇਟੀ ਦੇ ਵਾਇਸ ਚੇਅਰਮੈਨ ਰਜਿੰਦਰ ਕੌੜਾ, ਸੀਨੀਅਰ ਕੌਂਸਲਰ ਨਰਿੰਦਰ ਮਨਸੂ, ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਬਿਸ਼ਨਪੁਰ ਤੇ ਪਿੰਡਾਂ ਦੇ ਸਰਪੰਚ-ਪੰਚ ਹਾਜ਼ਰ ਸਨ।