5 Dariya News

ਘਨੌਲੀ-ਨਾਲਾਗੜ ਰੋਡ ਦੀ ਉਸਾਰੀ ਸਮਾਂਬੱਧ ਸੀਮਾ ਵਿਚ ਮੁਕੰਮਲ ਕੀਤੀ ਜਾਵੇਗੀ : ਮਨੀਸ਼ ਤਿਵਾੜੀ

ਇਲਾਕੇ ਦੇ ਵਿਕਾਸ ਲਈ ਹੋਰ ਸੜਕਾਂ ਦਾ ਵੀ ਮਜਬੂਤੀਕਰਨ ਕੀਤਾ ਜਾਵੇਗਾ

5 Dariya News

ਰੂਪਨਗਰ 16-Nov-2021

ਇਲਾਕੇ ਦੀ ਚਿਰੋਕਣੀ ਮੰਗ ਪੂਰਾ ਕਰਦਿਆਂ ਅੱਜ ਮੈਂਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਨੇ 6.97 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਘਨੌਲੀ-ਨਾਲਾਗੜ (ਹਿਮਾਚਲ ਪ੍ਰਦੇਸ਼ ਬਾਰਡਰ) ਰੋਡ ਦੀ ਉਸਾਰੀ ਦੀ ਸ਼ੁਰੂਆਤ ਕਰਵਾਈ।ਇਸ ਮੌਕੇ ਸ਼੍ਰੀ ਤਿਵਾੜੀ ’ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਇਸ ਰੋਡ ਦੀ ਉਸਾਰੀ ਛੇ ਮਹੀਨੇ ਵਿਚ ਯਕੀਨੀ ਤੌਰ ’ਤੇ ਮੁਕੰਮਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੇਜਰ ਡਿਸਟਰਿਕ ਰੋਡ-59 ਦੇ ਬਣਨ ਨਾਲ ਇਲਾਕੇ ਦੇ ਲੋਕਾਂ ਅਤੇ ਉਦਯੋਗਾਂ ਨੂੰ ਕਾਫੀ ਫਾਇਦਾ ਪਹੁੰਚੇਗਾ। ਸ਼੍ਰੀ ਤਿਵਾੜੀ ਨੇ ਅੱਗੇ ਇਲਾਕੇ ਦੇ ਲੋਕਾਂ ਨੂੰ ਇਸ ਰੋਡ ਦੀ ਉਸਾਰੀ ਦੌਰਾਨ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਰੋਡ ਤੋਂ ਇਲਾਵਾ ਇਲਾਕੇ ਦੇ ਵਿਕਾਸ ਲਈ ਹੋਰ ਸੜਕਾਂ ਦਾ ਵੀ ਮਜਬੂਤੀਕਰਨ ਕੀਤਾ ਜਾਵੇਗਾ। ਇਸ ਨਾਲ ਮੁੱਢਲੀਆਂ ਸੁਵਿਧਾਵਾਂ ਚ ਵਾਧਾ ਹੋਵੇਗਾ ਅਤੇ ਵਿਕਾਸ ਦੀ ਰਫਤਾਰ ਵਧੇਗੀ।ਘਨੌਲੀ-ਨਾਲਾਗੜ ਰੋਡ ਅਪਟੂ ਹਿਮਾਚਲ ਪ੍ਰਦੇਸ਼ ਬਾਰਡਰ (ਐਮ.ਡੀ.ਆਰ.-59), ਸੀ.ਆਰ.ਆਈ.ਐਫ. ਸਕੀਮ 2021-22 ਤਹਿਤ ਬਣਾਈ ਜਾ ਰਹੀ ਹੈ ਅਤੇ ਇਸ ਸੜਕ ਦੀ ਲੰਬਾਈ 3 ਕਿਲੋਮੀਟਰ ਅਤੇ ਚੋੜਾਈ 10 ਮੀਟਰ ਹੈ। ਸੜਕ ਨੂੰ ਕੰਕਰੀਟ ਰੋਡ ਦੇ ਤੌਰ ਤੇ ਅਪਗ੍ਰੇਡ ਕਰਨ ਲਈ ਸੀ.ਆਰ.ਆਈ.ਐਫ. ਸਕੀਮ 2021-22 ਤਹਿਤ ਬਣਾਉਣ ਦੀ ਮੰਜੂਰੀ ਮਿਲੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸੜਕ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਕੰਮ  ਨੂੰ ਸਮਾਂਬੱਧ ਸੀਮਾ ਵਿਚ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਅਮਰਜੀਤ ਸਿੰਘ ਸੈਣੀ, ਗੁਰਵਿੰਦਰ ਬਿੱਲਾ, ਸੁਰਿੰਦਰ ਸਿੰਘ ਹਰੀਪੁਰ, ਬਾਲ ਕ੍ਰਿਸ਼ਨ ਬਿੱਟੂ, ਸਰਬਜੀਤ ਸਿੰਘ ਸਰਪੰਚ ਘਨੌਲੀ, ਰਵੀ ਵਰਮਾ ਵੀ ਮੌਜੂਦ ਰਹੇ।