5 Dariya News

ਰਾਸ਼ਟਰਪਤੀ ਨੇ ਐਲਪੀਯੂ ਦੇ ਓਲੰਪੀਅਨਾਂ ਦਾ ਕੀਤਾ 'ਖੇਲ ਰਤਨ' ਐਵਾਰਡ ਨਾਲ ਸਨਮਾਨ

ਐਲਪੀਯੂ ਦੇ ਇਤਿਹਾਸ ਸਿਰਜਣਹਾਰ ਖਿਡਾਰੀ ਨੀਰਜ ਚੋਪੜਾ ਅਤੇ ਮਨਪ੍ਰੀਤ ਸਿੰਘ ਨੂੰ ਉਹਨਾਂ ਦੇ ਅਸਾਧਾਰਨ ਖੇਡ ਹੁਨਰ ਲਈ ਦੇਸ਼ ਦੇ ਚੋਟੀ ਦੇ ਖੇਡ ਪੁਰਸਕਾਰ ਨਾਲ ਕੀਤਾ ਗਿਆ ਹੈ ਸਨਮਾਨਿਤ

5 Dariya News

ਜਲੰਧਰ 13-Nov-2021

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਸ਼ਨੀਵਾਰ, 13 ਨਵੰਬਰ 2021 ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ.ਪੀ.ਯੂ.) ਦੇ ਦੋ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਸਰਵਉੱਚ ਰਾਸ਼ਟਰੀ ਸਨਮਾਨ 'ਖੇਲ ਰਤਨ' ਨਾਲ ਸਨਮਾਨਿਤ ਕੀਤਾ। ਓਲੰਪਿਕ-2021 ਜੈਵਲਿਨ ਥਰੋਅ ਵਿੱਚ ਸੋਨ ਮੈਡਲ  ਜੇਤੂ ਨੀਰਜ ਚੋਪੜਾ  ਅਤੇ ਕਾਂਸੀ ਦਾ ਤਗਮਾ ਜੇਤੂ ਹਾਕੀ ਟੀਮ ਦੇ ਕੈਪਟਨ ਮਨਪ੍ਰੀਤ ਸਿੰਘ ਕ੍ਰਮਵਾਰ ਬੀ ਏ  ਅਤੇ ਐਮ ਬੀ ਏ  ਪ੍ਰੋਗਰਾਮਾਂ ਦੇ ਐਲਪੀਯੂ ਦੇ ਵਿਦਿਆਰਥੀ ਹਨ। ਇਹ ਮੁਕਾ  ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਦੇਸ਼ ਦੇ ਉੱਘੇ ਖਿਡਾਰੀਆਂ ਨੂੰ ਰਾਸ਼ਟਰੀ ਖੇਡ ਪੁਰਸਕਾਰ-2021 ਪ੍ਰਦਾਨ ਕਰਨ ਦਾ ਸਮਾਰੋਹ ਸੀ। ਮਾਨਯੋਗ ਰਾਸ਼ਟਰਪਤੀ ਨੇ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਐਲਪੀਯੂ ਦੇ ਵਿਦਿਆਰਥੀਆਂ ਨੂੰ ਖੇਡ ਪੁਰਸਕਾਰ ਪ੍ਰਦਾਨ ਕੀਤੇ।ਭਾਰਤ ਦੇ ਸਰਵਉੱਚ ਖੇਡ ਸਨਮਾਨ ਵਜੋਂ ਜਾਣਿਆ ਜਾਂਦਾ, 'ਖੇਲ ਰਤਨ ਪੁਰਸਕਾਰ' ਵਰਤਮਾਨ ਵਿੱਚ 'ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ' ਵਜੋਂ ਜਾਣਿਆ ਜਾਂਦਾ ਹੈ। ਐਲਪੀਯੂ ਦੇ ਦੋਵੇਂ ਵਿਦਿਆਰਥੀ ਇਸ ਸਾਲ ਦੇ 12 ਐਥਲੀਟਾਂ ਦੀ ਪ੍ਰਸਿੱਧ ਜੇਤੂ ਸੂਚੀ ਵਿੱਚ ਪ੍ਰਮੁੱਖ ਤੌਰ 'ਤੇ ਸ਼ਾਮਲ ਸਨ। ਖੇਲ ਰਤਨ ਪੁਰਸਕਾਰ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਅਤੇ ਸਭ ਤੋਂ ਵਧੀਆ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ।ਭਾਰਤ ਦੇ ਖੇਡ ਮੰਤਰਾਲੇ ਦੇ ਅਨੁਸਾਰ, ਐਲਪੀਯੂ ਦੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਲਈ ਪੁਰਸਕਾਰ ਦਿੱਤਾ ਗਿਆ  ਹੈ। ਲਗਭਗ 30 ਸਾਲ ਪਹਿਲਾਂ ਸਾਲ 1992 ਵਿੱਚ ਸਥਾਪਿਤ, ਸਿਰਫ 57 ਨਾਮਵਰ ਖਿਡਾਰੀਆਂ ਨੂੰ ਉਨ੍ਹਾਂ ਦੇ ਵਿਲੱਖਣ ਖੇਡ ਹੁਨਰ ਲਈ, ਹੁਣ ਤੱਕ ਇਸ 'ਖੇਲ ਰਤਨ' ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ।

ਐਲਪੀਯੂ ਦੇ  ਜੇਤੂਆਂ ਅਤੇ ਐਲਪੀਯੂ ਨਾਲ ਸੰਬੰਧਤ ਸਾਰਿਆਂ ਨੂੰ ਵਧਾਈ ਦਿੰਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਨੇ  ਖੁਸ਼ੀ ਜ਼ਾਹਰ ਕੀਤੀ ਅਤੇ ਸਾਂਝਾ ਕੀਤਾ ਕਿ ਐਲਪੀਯੂ ਹਮੇਸ਼ਾ ਉਨ੍ਹਾਂ ਦੀ ਮੁਹਾਰਤ ਦੇ ਵਿਭਿੰਨ ਖੇਤਰਾਂ ਵਿੱਚ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਸਮਰਥਨ ਦੇਣ ਲਈ ਤਿਆਰ ਰਹਿੰਦਾ ਹੈ। ਅਸੀਂ ਆਪਣੇ ਵਿਸ਼ਵ ਪ੍ਰਸਿੱਧ ਖਿਡਾਰੀਆਂ- ਨੀਰਜ ਚੋਪੜਾ ਅਤੇ ਮਨਪ੍ਰੀਤ ਸਿੰਘ ਨੂੰ ਦਿੱਤੇ ਗਏ ਚੋਟੀ ਦੇ ਸਨਮਾਨਾਂ ਨੂੰ ਦੇਖ ਕੇ ਬਹੁਤ ਖੁਸ਼ ਹਾਂ ਅਤੇ ਮਾਣ ਮਹਿਸੂਸ ਕਰਦੇ ਹਾਂ। ਉਨ੍ਹਾਂ ਨੇ ਆਪਣੇ ਉੱਚ ਉਤਸ਼ਾਹੀ ਖੇਡ ਹੁਨਰ ਰਾਹੀਂ ਦੇਸ਼ ਅਤੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ।''ਪਾਣੀਪਤ (ਹਰਿਆਣਾ) ਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ, ਨੀਰਜ ਚੋਪੜਾ ਪੰਜਾਬ ਦੇ ਐਲਪੀਯੂ ਵਿੱਚ ਬੈਚਲਰ ਆਫ਼ ਆਰਟਸ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ। ਉਹ ਇਸ ਸਮੇਂ ਵਿਸ਼ਵ ਅਥਲੈਟਿਕਸ ਦੁਆਰਾ ਅੰਤਰਰਾਸ਼ਟਰੀ ਪੱਧਰ 'ਤੇ ਦੂਜੇ ਸਥਾਨ 'ਤੇ ਹੈ। ਉਹ ਓਲੰਪਿਕ ਵਿੱਚ ਦੇਸ਼ ਲਈ ਸੋਨ ਮੈਡਲ  ਜਿੱਤਣ ਵਾਲਾ ਭਾਰਤ ਦਾ ਪਹਿਲਾ ਟਰੈਕ ਅਤੇ ਫੀਲਡ ਅਥਲੀਟ ਹੈ। 2020 ਟੋਕੀਓ ਓਲੰਪਿਕ ਵਿੱਚ ਆਪਣੀ ਸ਼ੁਰੂਆਤ ਵਿੱਚ ਹੀ , ਚੋਪੜਾ ਨੇ 87.58 ਮੀਟਰ ਦੀ ਜੈਵਲਿਨ ਥਰੋਅ ਨਾਲ ਸੋਨ ਮੈਡਲ  ਜਿੱਤਿਆ। ਹੁਣ ਤੱਕ, ਐਲਪੀਯੂ ਦਾ  ਵਿਦਿਆਰਥੀ ਨੀਰਜ ਸਿਰਫ਼ ਦੋ ਭਾਰਤੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਵਿਅਕਤੀਗਤ ਓਲੰਪਿਕ ਸੋਨ ਮੈਡਲ  ਜਿੱਤਿਆ ਹੈ। ਨਾਲ ਹੀ, ਉਹ ਇੱਕ ਵਿਅਕਤੀਗਤ ਈਵੈਂਟ ਵਿੱਚ ਸਭ ਤੋਂ ਘੱਟ ਉਮਰ ਦਾ ਭਾਰਤੀ ਓਲੰਪਿਕ ਸੋਨ ਤਮਗਾ ਜੇਤੂ ਹੈ, ਅਤੇ ਆਪਣੇ ਓਲੰਪਿਕ ਡੈਬਿਊ ਵਿੱਚ ਸੋਨ ਤਮਗਾ ਜਿੱਤਣ ਵਾਲਾ ਇੱਕੋ ਇੱਕ ਹੈ।

ਐਮਬੀਏ  ਪ੍ਰੋਗਰਾਮ ਦਾ ਇੱਕ ਹੋਰ ਵਿਦਿਆਰਥੀ ਮਨਪ੍ਰੀਤ ਸਿੰਘ ਭਾਰਤ ਦੀ ਪੁਰਸ਼ ਰਾਸ਼ਟਰੀ ਹਾਕੀ ਟੀਮ ਦਾ ਕਪਤਾਨ ਹੈ। ਉਸਨੇ ਟੋਕੀਓ 2020 ਓਲੰਪਿਕ ਵਿੱਚ ਕਾਂਸੀ ਦਾ ਮੈਡਲ  ਜਿੱਤਣ ਵਿੱਚ ਆਪਣੀ ਟੀਮ ਦੀ ਅਗਵਾਈ ਕੀਤੀ। ਟੋਕੀਓ 2020 ਓਲੰਪਿਕ ਵਿੱਚ, ਉਹ ਉਦਘਾਟਨੀ ਸਮਾਰੋਹ ਦੌਰਾਨ ਝੰਡਾਬਰਦਾਰ ਵੀ ਸੀ। ਉਸਦੀ ਅਗਵਾਈ ਵਿੱਚ, ਭਾਰਤੀ ਹਾਕੀ ਟੀਮ ਨੇ 1980 ਤੋਂ ਲੈ ਕੇ  ਹੁਣ ਤਕ ਦੇ ਲੰਬੇ ਸਮੇਂ ਬਾਅਦ  ਓਲੰਪਿਕ 2020 ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।ਐਲਪੀਯੂ ਪਹਿਲਾਂ ਹੀ ਓਲੰਪਿਕ 2020 ਦੀ  ਸ਼ਾਨਦਾਰ ਜਿੱਤਾਂ ਤੋਂ ਬਾਅਦ ਕੈਂਪਸ ਦੇ ਦੌਰੇ 'ਤੇ ਪਰਤੇ ਆਪਣੇ 13 ਮੈਡਲ  ਜੇਤੂ ਵਿਦਿਆਰਥੀਆਂ ਨੂੰ 2 ਕਰੋੜ ਰੁਪਏ ਤੋਂ ਵੱਧ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਕਰ ਚੁੱਕਾ ਹੈ। ਇਨ੍ਹਾਂ ਵਿੱਚ ਸੋਨੇ ਦਾ ਮੈਡਲ ਜੇਤੂ ਨੀਰਜ ਚੋਪੜਾ; ਮਨਪ੍ਰੀਤ ਸਿੰਘ ਅਤੇ ਕਾਂਸੀ ਤਮਗਾ ਜੇਤੂ ਹਾਕੀ ਟੀਮ ਦੇ ਛੇ ਹੋਰ ਮੈਂਬਰ; ਕਾਂਸੀ ਤਮਗਾ ਜੇਤੂ ਪਹਿਲਵਾਨ ਬਜਰੰਗ ਪੁਨੀਆ; ਚਾਂਦੀ ਜੇਤੂ ਪੈਰਾਲੰਪੀਅਨ ਨਿਸ਼ਾਦ ਕੁਮਾਰ ਅਤੇ ਹੋਰ ਸ਼ਾਮਿਲ ਹਨ । ਵਿਦਿਆਰਥੀਆਂ ਨੂੰ ਦੇਸ਼, ਯੂਨੀਵਰਸਿਟੀ ਅਤੇ ਆਪਣੇ ਲਈ ਮਾਣ ਕਮਾਉਣ ਲਈ ਪ੍ਰੇਰਿਤ ਕਰਦੇ ਰਹਿਣ ਲਈ ਐਲਪੀਯੂ ਕੈਂਪਸ ਦੀ ਇੱਕ ਸੜਕ ਦਾ ਨਾਂ 'ਨੀਰਜ ਚੋਪੜਾ ਮਾਰਗ' ਵੀ ਰੱਖਿਆ ਗਿਆ ਹੈ।ਇਹ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਐਲਪੀਯੂ ਓਲੰਪੀਅਨ ਵਿਦਿਆਰਥੀਆਂ ਨੇ ਖੇਡਾਂ ਦੇ 121 ਸਾਲਾਂ ਦੇ ਲੰਬੇ ਅਰਸੇ ਵਿੱਚ ਐਥਲੈਟਿਕਸ ਵਿੱਚ ਨੀਰਜ ਚੋਪੜਾ ਦੁਆਰਾ ਪਹਿਲਾ ਸੋਨ ਮੈਡਲ  ਸਮੇਤ ਰਿਕਾਰਡ ਓਲੰਪਿਕ ਮੈਡਲ  ਜਿੱਤੇ ਹਨ। ਇਸੇ ਤਰ੍ਹਾਂ, ਐਲਪੀਯੂ ਦਾ ਪੈਰਾਲੰਪੀਅਨ ਅਥਲੀਟ ਭਾਰਤ ਦੀ ਪੈਰਾ-ਐਥਲੀਟਾਂ ਦੀ ਉਸ ਟੀਮ ਦਾ ਹਿੱਸਾ ਹੈ ਜਿਸ ਨੇ ਪਹਿਲੀ ਵਾਰ ਪੰਜ ਸੋਨ ਮੈਡਲਾਂ  ਸਮੇਤ ਦੇਸ਼ ਲਈ ਸਭ ਤੋਂ ਵੱਧ  19 ਮੈਡਲ  ਜਿੱਤ ਕੇ ਇਤਿਹਾਸ ਰਚਿਆ ਹੈ।