25 ਲਾਈਨਾਂ ਵਾਲੀ 10 ਮੀਟਰ ਸ਼ੁਟਿੰਗ ਰੇਂਜ ਦਾ ਵਿਧਾਇਕ ਨੇ ਕੀਤਾ ਉਦਘਾਟਨ
ਸਖ਼ਤ ਮਿਹਨਤ ਸਦਕਾ ਵੱਡੀ ਤੋਂ ਵੱਡੀ ਮੰਜ਼ਿਲ ਵੀ ਸਰ ਕੀਤੀ ਜਾ ਸਕਦੀ ਹੈ : ਨਾਜਰ ਸਿੰਘ ਮਾਨਸ਼ਾਹੀਆ
5 Dariya News
ਮਾਨਸਾ 09-Nov-2021
ਸਖ਼ਤ ਮਿਹਨਤ ਸਦਕਾ ਹੀ ਵੱਡੀ ਤੋਂ ਵੱਡੀ ਮੰਜ਼ਿਲ ਨੂੰ ਸਰ ਕੀਤਾ ਜਾ ਸਕਦਾ ਹੈ ਅਤੇ ਜੋ ਵਿਦਿਆਰਥੀ ਆਪਣਾ ਲਕਸ਼ ਪ੍ਰਾਪਤ ਕਰਨ ਲਈ ਮਿਹਨਤ ਕਰਦੇ ਹਨ ਉਨ੍ਹਾਂ ਦਾ ਟੀਚਾ ਜ਼ਰੂਰ ਸਰ ਹੁੰਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਾਨਸਾ ਵਿਧਾਇਕ ਨਾਜਰ ਸਿੰਘ ਮਾਨਸਾਹੀਆ ਨੇ ਅੱਜ ਭਾਈ ਬਹਿਲੋ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਬਣਾਈ ਗਈ ਸ਼ੂੰਟਿਗ ਰੇਂਜ ਦਾ ਉਦਘਾਟਨ ਕਰਦਿਆ ਕੀਤਾ।ਇਸ ਮੌਕੇ ਵਿਧਾਇਕ ਸ਼੍ਰੀ ਮਾਨਸ਼ਾਹੀਆ ਨੇ ਕਿਹਾ ਕਿ ਇਸ ਰੇਂਜ ਦਾ ਨੀਂਹ ਪੱਥਰ ਕਰੀਬ 1 ਸਾਲ ਪਹਿਲਾਂ ਰੱਖਿਆ ਗਿਆ ਸੀ ਅਤੇ ਅੱਜ ਇਸ ਦਾ ਉਦਘਾਟਨ ਕਰਕੇ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ ਕਿਉਂਕਿ ਇਸ ਸ਼ੂਟਿੰਗ ਰੇਂਜ ਨਾਲ ਇਲਾਕੇ ਦੇ ਖਿਡਾਰੀਆਂ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ 10 ਮੀਟਰ ਨੈਸ਼ਨਲ ਪੱਧਰ ਦਾ 25 ਲਾਈਨਾਂ ਵਾਲਾ ਸ਼ੂਟਿੰਗ ਰੇਂਜ ਹੈ ਜਿਸ ਨਾਲ ਹੋਰ ਰਾਜਾਂ ਅਤੇ ਜ਼ਿਲਿ੍ਹਆਂ ਦੇ ਵਿਦਿਆਰਥੀ ਇੱਥੇ ਮੁਕਾਬਲੇ ਲਈ ਆਉਣਗੇ।
ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚੇ ਦੇ ਸਭ ਤੋਂ ਪਹਿਲੇ ਗੁਰੂ ਉਸ ਦੇ ਮਾਤਾ-ਪਿਤਾ ਹੁੰਦੇ ਹਨ ਅਤੇ ਮਾਤਾ-ਪਿਤਾ ਦੀਆਂ ਉਮੀਦਾਂ ’ਤੇ ਪ੍ਰਵਾਨ ਕਿਸ ਤਰ੍ਹਾਂ ਚੜ੍ਹਨਾ ਹੈ ਇਹ ਤੁਹਾਡਾ ਸਭ ਤੋਂ ਪਹਿਲਾ ਨਿਸ਼ਾਨਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਸਾਨੂੰ ਅਜਿਹਾ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਡੇ ਇਲਾਕੇ, ਸੂਬੇ ਅਤੇ ਦੇਸ਼ ਨੂੰ ਤੁਹਾਡੇ ਉੱਤੇ ਮਾਣ ਹੋਵੇ। ਉਨ੍ਹਾਂ ਕਿਹਾ ਕਿ ਕੋਈ ਵੀ ਖੇਡ ਹੋਵੇ ਉਸ ਲਈ ਸਖ਼ਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ।ਇਸ ਮੌਕੇ ਸਾਬਕਾ ਡਿਪਟੀ ਸਪੀਕਰ ਸ਼੍ਰੀ ਜਸਵੰਤ ਸਿੰਘ ਫਫੜੇ ਭਾਈਕੇ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਨਵਨੀਤ ਜੋਸ਼ੀ, ਸਰਪੰਚ ਫਫੜੇ ਭਾਈਕੇ ਸ਼੍ਰੀ ਇਕਬਾਲ ਸਿੰਘ, ਸਰਪੰਚ ਬੱਪੀਆਣਾ ਸ਼੍ਰੀ ਕੁਲਦੀਪ ਸਿੰਘ, ਸਰਪੰਚ ਹਸਨਪੁਰ ਸ਼੍ਰੀ ਭੋਲਾ ਸਿੰਘ, ਪ੍ਰਿੰਸੀਪਲ ਸ਼੍ਰੀ ਕੁਲਦੀਪ ਸਿੰਘ ਚਹਿਲ, ਜਗਸੀਰ ਸਿੰਘ, ਇੰਚਾਰਜ ਸ਼ੂਟਿੰਗ ਰੇਂਜ ਸ਼੍ਰੀ ਕੁਲਦੀਪ ਸਿੰਘ, ਸਰਬਜੀਤ ਸਿੰਘ, ਮੈਡਮ ਖੁਸ਼ਬੂ ਅਤੇ ਮੈਡਮ ਹਰਪ੍ਰੀਤ ਕੌਰ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਪਿੰਡ ਦੇ ਮੋਹਤਵਰ ਵਿਅਕਤੀ ਅਤੇ ਵਿਦਿਆਰਥੀ ਮੌਜੂਦ ਸਨ।