5 Dariya News

ਨਰਮਾਂ ਉਤਪਾਦਕਾਂ ਲਈ ਨਿਗੂਣੇ ਮੁਆਵਜ਼ੇ ਦੀ ਮੁੜ ਸਮੀਖਿਆ ਕਰਨ ਮੁੱਖ ਮੰਤਰੀ : ਸੁਖਬੀਰ ਸਿੰਘ ਬਾਦਲ

ਕਿਹਾ ਕਿ ਖੇਤ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦੇਣ ਲਈ ਵਿਧੀ ਐਲਾਨੀ ਜਾਵੇ ਤੇ ਉਹਨਾਂ ਨੂੰ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ

5 Dariya News

ਖਰੜ 31-Oct-2021

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੁੰ ਆਖਿਆ ਕਿ ਉਹ ਹਾਲ ਹੀ ਵਿਚ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨੁਕਸਾਨੀ ਗਈ ਨਰਮੇ ਦੀ ਫਸਲ ਦੇ ਮਾਮਲੇ ਵਿਚ ਕਿਸਾਨਾਂ ਲਈ ਐਲਾਨੇ ਨਿਗੂਣੇ ਮੁਆਵਜ਼ੇ ਦੀ ਸਮੀਖਿਆ ਕਰਨ ਅਤੇ ਉਹਨਾਂ ਨੇ ਮੁੱਖ ਮੰਤਰੀ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੁੰ ਦਿੱਲੀ ਕਾਂਗਰਸ ਕਮੇਟੀ ਦਾ ਪਰਮਾਨੈਂਟ ਇਨਵਾਇਟੀ ਬਣਾਉਣ ਦੇ ਫੈਸਲੇ ਵਿਰੁੱਧ ਆਵਾਜ਼ ਨਾ ਚੁੱਕਣ ’ਤੇ ਵੀ ਚੰਨੀ ਦੀ ਜ਼ੋਰਦਾਰ ਨਿਖੇਧੀ ਕੀਤੀ।ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਨਾਲ ਠੱਗੀ ਮਾਰੀ ਹੈ ਤੇ ਇਹ ਉਹਨਾਂ ਨੂੰ ਸਿਰਫ ਅੰਸ਼ਕ ਮੁਆਵਜ਼ਾ ਦੇ ਰਹੀ ਹੈ ਜਦੋਂ ਕਿ ਗੁਲਾਬੀ ਸੁੰਡੀ ਦੇ ਹਮਲੇ ਵਿਚ ਉਹਨਾਂ ਦੀ ਨਰਮੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਉਹਨਾਂ ਕਿਹਾ ਕਿ ਕਿਸਾਨ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਮੰਗ ਰਹੇ ਹਨ ਪਰ ਕਾਂਗਰਸ ਸਰਕਾਰ ਉਹਨਾਂ ਨੂੰ 35 ਫੀਸਦੀ ਨੁਕਸਾਨ ਤੱਕ ਲਈ 2 ਹਜ਼ਾਰ ਰੁਪਏ ਅਤੇ 75 ਫੀਸਦੀ ਤੱਕ ਨੁਕਸਾਨ ਲਈ 5400 ਰੁਪਏ ਮੁਆਵਜ਼ੇ ਦੀ ਪੇਸ਼ਕਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਸਰਕਾਰ ਕਿਸਾਨਾਂ ਨੁੰ ਮੁਆਵਜ਼ੇ ਦੀ ਸਿਰਫ ਇਸੇ ਦਰ ਵਿਚ ਲਪੇਟਣਾ ਚਾਹੁੰਦੀ ਹੈ ਤੇ ਆਖ ਰਹੀ ਹੈ ਕਿ ਨਰਮੇ ਦੀ ਫਸਲ ਦਾ ਸਿਰਫ ਅੰਸ਼ਕ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਇਸਦਾ ਮਤਲਬ ਇਹ ਹੈ ਕਿ 100 ਫੀਸਦੀ ਨੁਕਸਾਨ ਲਈ 12000 ਰੁਪਏ ਦਾ ਐਲਾਨਿਆ ਮੁਆਵਜ਼ਾ ਕਿਸਾਨਾਂ ਨੂੰ ਨਹੀਂ ਮਿਲੇਗਾ।ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਸਰਕਾਰ ਨੇ ਨਰਮਾ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਹਨਾਂ ਕਿਹਾ ਕਿ ਨਰਮੇ ਦੀ ਫਸਲ ਤਬਾਹ ਹੋਣ ਨਾਲ ਜਿਹੜੇ ਖੇਤ ਮਜ਼ਦੂਰਾਂ ਦਾ ਜੀਵਨ ਨਿਰਵਾਹ ਪ੍ਰਭਾਵਤ ਹੋਇਆ ਹੈ, ਉਹਨਾਂ ਦੀ ਸਾਰ ਨਹੀਂ ਲਈ ਗਈ। ਉਹਨਾਂ ਕਿਹਾ ਕਿ ਸਰਕਾਰ ਨੇ ਖੇਤ ਮਜ਼ਦੂਰਾਂ ਨੂੰ ਕੁੱਲ ਮੁਆਵਜ਼ਾ ਰਕਮ ਦਾ 10 ਫੀਸਦੀ ਦੇਣ ਦੀ ਪੇਸ਼ਕਸ਼ ਕਰ ਕੇ ਉਹਨਾਂ ਨਾਲ ਠੱਗੀ ਮਾਰੀ ਹੈ। 

ਉਹਨਾਂ ਕਿਹਾ ਕਿ ਮੁਆਵਜ਼ਾ ਦੇਣ ਲਈ ਕੋਈ ਸਮਾਂ ਹੱਦ ਨਿਰਧਾਰਿਤ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਅਸੀਂ ਖੇਤ ਮਜ਼ਦੂਰਾਂ ਨਾਲ ਇਸ ਅਨਿਆਂ ਨੁੰ ਰੱਣ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਉਹਨਾਂ ਨੂੰ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਮੁਆਵਜ਼ਾ ਦਿੱਤਾ ਜਾਵੇ।ਜਗਦੀਸ਼ ਟਾਈਟਲਰ ਨੁੰ ਕਾਂਗਰਸ ਦੀ ਸਿਖ਼ਰਲੀ ਕਮੇਟੀ ਵਿਚ ਨਿਯੁਕਤ ਕਰਨ ਦੇ ਮਾਮਲੇ ਦੀ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਤਲੇਆਮ ਦੇ ਦੋਸ਼ੀ ਨੂੰ ਮੁੜ ਅਹੁਦਾ ਦੇ ਕੇ ਨਿਵਾਜਣ ਦੀ ਸਾਜ਼ਿਸ਼ ਦਾ ਹਿੱਸਾ ਬਣ ਕੇ ਮੁੱਖ ਮੰਤਰੀ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਨੁੰ ਸੱਟ ਮਾਰੀ ਹੈ। ਉਹਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪਧਾਨ ਸੁਨੀਲ ਜਾਖੜ ਨੇ ਵੀ ਸਾਰੇ ਮਾਮਲੇ ਵਿਚ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਭੂਮਿਕਾ ’ਤੇ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਕੋਈ ਵੀ ਸਪਸ਼ਟੀਕਰਨ ਦੇਣ ਜਾਂ ਫਿਰ ਇਸ ਕਦਮ ਖਿਲਾਫ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕੋਲ ਜ਼ੋਰਦਾਰ ਵਿਰੋਧ ਕਰਨ ਦੋਵਾਂ ਤੋਂ ਹੀ ਟਾਲਾ ਵੱਟਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸੇ ਵੀ ਮੁੱਖ ਮੰਤਰੀ ਤੋਂ ਇਸ ਤਰੀਕੇ ਦੇ ਵਿਹਾਰ ਦੀ ਆਸ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਪੰਜਾਬੀ ਆਪਣੀ ਸਾਂਝੀ ਪਛਾਣ ਦੇ ਅਪਮਾਨ ਨੁੰ ਬਰਦਾਸ਼ਤ ਨਹੀਂ ਕਰਨਗੇ।ਉਹਨਾਂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਗ੍ਰਹਿ ਮੰਤਰੀ ਵੱਲੋਂ ਵੀ ਗਾਂਧੀ ਪਰਿਵਾਰ ਦੀ ਜੀ ਹਜ਼ੂਰੀ ਕਰਨ ਅਤੇ ਟਾਈਟਲਰ ਨੂੰ ਅਹਿਮ ਅਹੁਦਾ ਦੇਣ ਦਾ ਰਸਮੀ ਵਿਰੋਧ ਕਰਨ ਦੀ ਦਲੇਰੀ ਨਹੀਂ ਵਿਖਾਈ।ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਤਸਵੀਰਾਂ ਖਿੱਚਵਾਉਣੀਆਂ ਬੰਦ ਕਰਨ ਅਤੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨਾ ਸ਼ੁਰੂ ਕਰਨ। ਉਹਨਾਂ ਕਿਹਾ ਕਿ ਤੁਹਾਡੇ ਕੋਲ ਸਿਰਫ ਦੋ ਮਹੀਨੇ ਦਾ ਸਮਾਂ ਬਾਕੀ ਹੈ। ਉਹਨਾਂ ਕਿਹਾ ਕਿ ਤੁਹਾਨੁੰ ਇਸ ਸਮੇਂ ਦੀ ਵਰਤੋਂ ਲੋਕਾਂ ਦੇ ਦੁੱਖ ਤਕਲੀਫਾਂ ਦੂਰ ਕਰਨ ਅਤੇ ਲੋਕਾਂ ਨਾਲ ਤੁਹਾਡੀ ਪਾਰਟੀ ਵੱਲੋਂ ਕੀਤੇ ਵਾਅਦੇ ਪੂਰੇ ਕਰਨ ਲਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਤੁਸੀਂ ਸਸਤੀ ਸ਼ੌਹਰਤ ਹਾਸਲ ਕਰਨ ’ਤੇ ਡਟੇ ਹੋ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਪਹਿਲਾਂ ਕਿਸਾਨਾਂ ਨੁੰ ਉਹਨਾਂ ਦੀ ਨਰਮੇ ਦੀ ਤਬਾਹ ਹੋਈ ਫਸਲ ਦਾ ਮੁਆਵਜ਼ਾ ਦੇ ਕੇ ਉਹਨਾਂ ਦੀਆਂ ਮੁਸ਼ਕਿਲਾਂ ਘਟਾਉਣੀਆਂ ਚਾਹੀਦੀਆਂ ਹਨ। 

ਉਹਨਾਂ ਕਿਹਾ ਕਿ ਇਸੇ ਤਰੀਕੇ ਚੰਨੀ ਨੂੰ ਡੀਜ਼ਲ ’ਤੇ ਸੂਬੇ ਦੇ ਵੈਟ ਵਿਚ ਕਟੌਤੀ ਕਰਨੀ ਚਾਹੀਦੀ ਹੈ, ਡੀ ਏ ਪੀ ਖਾਦ ਦੀ ਉਪਲਬਧਤਾ ਯਕੀਨੀ ਬਣਾਉਣਾ ਚਾਹੀਦੀ ਹੈ ਤੇ ਇਸਦੀ ਕਾਲਾ ਬਜ਼ਾਰੀ ਬੰਦ ਕਰਵਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਨਵੇਂ ਮੁੱਖ ਮੰਤਰੀ ਨੇ ਆਪਣਾ ਸਾਰਾ ਸਮਾਂ ਬਹਾਨੇ ਘੜਨ ਅਤੇ ਮੰਤਰਾਲੇ ਵੰਡਣ ਤੇ ਸ਼ਰਾਬ ਤੇ ਮਾਇਨਿੰਗ ਮਾਫੀਆ ਦੇ ਮੁਤਾਬਕ ਚੱਲਣ ਵਿਚ ਗੁਜ਼ਾਰਿਆ ਹੈ।ਇਸ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਿਸਵਾਂ ਟੀ ਪੁਆਇੰਟ ਤੋਂ ਮਾਰਬਲ ਮਾਰਕੀਟ ਮੁੱਲਾਂਪੁਰ ਤੱਕ ਵੱਡੇ ਰੋਡ ਸ਼ੋਅ ਦੀ ਅਗਵਾਈ ਕੀਤੀ ਜਿਸ ਦੌਰਾਨ ਉਹਨਾਂ ਦੇ ਨਾਲ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਮੌਜੂਦ ਰਹੇ। ਹਜ਼ਾਰਾਂ ਲੋਕ ਅਕਾਲੀ ਦਲ ਦੇ ਹੱਕ ਵਿਚ ਨਿਤਰਾਏ ਤੇ ਉਹਨਾਂ ਨੇ ਭ੍ਰਿਸ਼ਟ, ਘੁਟਾਲਿਆਂ ਭਰੀ ਤੇ ਲੋਕ ਵਿਰੋਧੀ ਕਾਂਗਰਸ ਸਰਕਾਰ ਵਿਚ ਬੇਸਵਿਸਾਹੀ ਦਰਸਾਈ। ਉਹਨਾਂ ਨੇ ਖਰੜ ਵਿਖੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਰਾਜਧਾਨੀ ਸ਼ਹਿਰ ਚੰਡੀਗੜ੍ਹ ਦੇ ਇੰਨਾ ਨਜ਼ਦੀਕ ਹੋਣ ਦੇ ਬਾਵਜੂਦ ਇਸ ਸ਼ਰਿ ਵਿਚ ਆਧੂਨਿਕ ਸਹੂਲਤਾਂ ਨਹੀਂ ਹਨ। ਉਹਨਾਂ ਨੇ ਲੋਕਾਂ ਨੁੰ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਖਰੜ ਦੇ ਏਕੀਕ੍ਰਿਤ ਵਿਕਾਸ ਵਾਸਤੇ ਮਾਸਟਰ ਪਲਾਨ ਤਿਆਰ ਕਰਵਾਇਆ ਜਾਵੇਗਾ।ਬਾਅਦ ਵਿਚ ਨਯਾਗਾਓਂ ਵਿੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਇਸ ਇਲਾਕੇ ਨੂੰ ਨਿਊ ਚੰਡੀਗੜ੍ਹ ਪ੍ਰਾਜੈਕਟ ਦੀ ਤਰਜ਼ ’ਤੇ ਵਿਕਸਤ ਕੀਤਾ ਜਾਵੇਗਾ। ਉਹਨਾਂ ਨੇ ਨੌਜਵਾਨਾਂ ਨਾਲ ਕੌਫੀ ਵਿਦ ਯੂਥ ਪ੍ਰੋਗਰਾਮ ਵਿਚ ਵੀ ਸ਼ਮੂਲੀਅਤ ਕੀਤੀ ਅਤੇ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਤੇ ਨਵੇਂ ਪੰਜਾਬ ਵਾਸਤੇ ਆਪਣੀ ਸੋਚ ਬਾਰੇ ਗੱਲ ਕੀਤੀ।ਅਕਾਲੀ ਦਲ ਦੇ ਪ੍ਰਧਾਨ ਨੇ ਵਪਾਰੀਆਂ, ਰੀਅਲ ਅਸਟੇਟ ਵਪਾਰੀਆਂ, ਡਾਕਟਰਾਂ, ਵਕੀਲਾਂ ਅਤੇ ਕੁਝ ਸਰਪੰਚਾਂ ਤੇ ਪੰਚਾਂ ਨਾ ਵੀ ਗੱਲਬਾਤ ਕੀਤੀ।ਇਸ ਮੌਕੇ ’ਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਵੀ ਹਾਜ਼ਰ ਸਨ।