ਮੁਹਾਲੀ ਨਗਰ ਨਿਗਮ ਲੜਕੀਆਂ ਦੇ ਔਰਤਾਂ ਦੀ ਸੁਰੱਖਿਆ ਲਈ ''ਹਾਈ ਐਕਸ਼ਨ'' ਵਿੱਚ
ਔਰਤਾਂ ਨੂੰ ਨਿਰਭੈ ਬਣਾਉਣ ਲਈ ਮਾਰਕੀਟਾਂ ਵਿੱਚ ਲੱਗਣਗੇ 4.5 ਕਰੋੜ ਦੀ ਲਾਗਤ ਨਾਲ 100 ਕੈਮਰੇ
5 Dariya News
ਮੋਹਾਲੀ 21-Oct-2021
ਮੁਹਾਲੀ ਨਗਰ ਨਿਗਮ ਛੇਤੀ ਹੀ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਵਾਸਤੇ ਉਨ੍ਹਾਂ ਸਥਾਨਾਂ ਤੇ ਸੌ ਕੈਮਰੇ ਲਗਾਉਣ ਜਾ ਰਹੀ ਹੈ ਜਿੱਥੇ ਔਰਤਾਂ ਅਤੇ ਲੜਕੀਆਂ ਦਾ ਆਉਣ ਜਾਣ ਸਭ ਤੋਂ ਜ਼ਿਆਦਾ ਹੈ। ਕੇਂਦਰ ਸਰਕਾਰ ਵੱਲੋਂ ਨਿਰਭਯਾ ਸਕੀਮ ਦੇ ਤਹਿਤ ਨਗਰ ਨਿਗਮ ਇਸ ਵਾਸਤੇ ਕੁਝ ਹੱਦ ਤਕ ਫੰਡ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਨਗਰ ਨਿਗਮ ਔਰਤਾਂ ਦੀ ਸੁਰੱਖਿਆ ਵਾਸਤੇ ''ਹਾਈ ਐਕਸ਼ਨ ਮੋਡ'' ਵਿਚ ਆ ਗਈ ਹੈ ਤੇ ਕੇਂਦਰ ਸਰਕਾਰ ਦੇ ਫੰਡਾਂ ਤੋਂ ਇਲਾਵਾ ਆਪਣੇ ਵੱਲੋਂ ਵਾਧੂ ਫੰਡ ਲਗਾ ਕੇ ਲਗਪਗ ਸਾਢੇ ਚਾਰ ਕਰੋੜ ਰੁਪਏ ਇਸ ਮੰਤਵ ਲਈ ਖਰਚ ਕਰਨ ਜਾ ਰਹੀ ਹੈ। ਇਸ ਸਬੰਧੀ ਮੁਹਾਲੀ ਨਗਰ ਨਿਗਮ ਦੀ ਇੱਕ ਮੀਟਿੰਗ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ, ਡੀ ਐੱਸ ਪੀ ਟ੍ਰੈਫਿਕ ਸਮੇਤ ਹੋਰ ਅਧਿਕਾਰੀ ਸ਼ਾਮਲ ਹੋਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਔਰਤਾਂ ਦੀ ਸੁਰੱਖਿਆ ਵਾਸਤੇ ਕਈ ਕਦਮ ਚੁੱਕੇ ਗਏ ਹਨ, ਪਰੰਤੂ ਇਸ ਦੇ ਬਾਵਜੂਦ ਔਰਤਾਂ ਦੇ ਵਿਰੁਧ ਅਤਿਆਚਾਰ ਕਾਫੀ ਵੱਧ ਰਿਹਾ ਹੈ। ਵਿਸ਼ਵੀਕਰਨ ਕਾਰਨ ਪੜ੍ਹਿਆਂ ਲਿਖਿਆਂ ਔਰਤਾਂ ਇਸ ਸਮੇਂ ਸੋਸਾਇਟੀ ਵਿੱਚ ਮਰਦਾਂ ਨਾਲ ਹਰ ਖੇਤਰ ਵਿੱਚ ਬਰਾਬਰੀ ਤੇ ਕੰਮ ਕਰ ਰਹੀਆਂ ਹਨ। ਹੁਣ ਵੀ ਔਰਤਾਂ ਤੇ ਲੜਕੀਆਂ ਨਾਲ ਛੇੜਖਾਨੀ ਅਤੇ ਦੁਰਵਿਹਾਰ ਦੀਆਂ ਘਟਨਾਵਾਂ/ਵਾਰਦਾਤਾਂ ਹੁੰਦੀਆਂ ਹੀ ਰਹਿੰਦੀਆਂ ਹਨ। ਇਨ੍ਹਾਂ ਹਾਲਾਤਾਂ ਕਾਰਨ ਕਈ ਔਰਤਾਂ ਜ਼ਰੂਰੀ ਸੇਵਾਵਾਂ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ਨੂੰ ਵੇਖਦੇ ਹੋਏ ਭਾਰਤ ਸਰਕਾਰ ਵਲੋਂ ਨਿਰਭੈ ਫੰਡ ਸਥਾਪਿਤ ਕੀਤਾ ਗਿਆ ਹੈ ਜਿਸ ਰਾਹੀਂ ਔਰਤਾਂ ਦੀ ਸੁਰੱਖਿਆ ਵਾਸਤੇ ਸ਼ਹਿਰਾਂ ਵਿੱਚ ਸਰਵੇਲੈਂਸ ਇਨਫਰਾਸਟਰੱਕਚਰ (Surveillance Infrastructure) ਨੂੰ ਅਪਗਰੇਡ ਕਰਨ ਦਾ ਪ੍ਰਸਤਾਵ ਹੈ। ਇਸ ਵਾਸਤੇ ਰਾਜ ਸਰਕਾਰ ਵਲੋਂ ਪੰਜਾਬ ਅਰਬਨ ਲੋਕਲ ਬਾਡੀਜ਼ ਸਰਵੇਲੈਂਸ ਗਰਿੱਡ ਫੌਰ ਵੂਮਨ ਸੇਫਟੀ ("Punjab Urban Local Bodies Surveillance Grid for Women Safety), ਪਨਗਰਿੱਡ - ਡਬਲਿਊ ਐੱਸ (PUNGRID-WS)" ਸਕੀਮ ਬਣਾਈ ਗਈ ਹੈ ਜਿਸ ਅਧੀਨ ਸ਼ਹਿਰ ਦੀਆਂ ਉਨ੍ਹਾਂ ਥਾਂਵਾਂ ਤੇ ਜਿਥੇ ਔਰਤਾਂ ਦਾ ਆਉਣ ਜਾਣਾ ਜਿਆਦਾ ਹੈ, ਜਿਵੇਂ ਕਿ ਲੜਕੀਆਂ ਦਾ ਕਾਲਜ, ਯੂਨੀਵਰਸਿਟੀ, ਵਿਦਿਅਕ ਅਦਾਰੇ ਤੇ ਮਾਰਕੀਟਾਂ ਵਾਲੀਆਂ ਥਾਵਾਂ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣੇ ਹਨ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੱਸਿਆ ਕਿ ਇਸ ਸਕੀਮ ਦੇ ਤਹਿਤ ਪਹਿਲੇ ਪੜਾਅ ਵਿੱਚ 100 ਸੀਸੀਟੀਵੀ ਕੈਮਰੇ ਮੋਹਾਲੀ ਸ਼ਹਿਰ ਵਿਚ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਮਰਿਆਂ ਦੀ ਨਿਗਰਾਨੀ ਪੰਜਾਬ ਪੁਲਿਸ, ਵੱਖ ਵੱਖ ਲਾਅ ਐਨਫੋਰਸਮੈਂਟ ਏਜੰਸੀਆਂ ਅਤੇ ਰਾਜ ਸਰਕਾਰ ਅਥਾਰਟੀ ਵਲੋਂ ਕੀਤੀ ਜਾਵੇਗੀ, ਜਿਸ ਨਾਲ ਔਰਤਾਂ ਦੀ ਸੁਰੱਖਿਆ ਵਿੱਚ ਕਾਫੀ ਵਾਧਾ ਹੋਵੇਗਾ।ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੱਸਿਆ ਕਿ ਪੁਲਿਸ ਵਿਭਾਗ ਵਲੋਂ ਉਨ੍ਹਾਂ ਥਾਵਾਂ ਦੀ ਪਛਾਣ ਕਰਵਾਈ ਗਈ ਜਿਥੇ ਔਰਤਾਂ ਦੇ ਅਪਰਾਧ ਰੇਟ ਵਧਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਦੇ ਆਧਾਰ ਤੇ ਪਹਿਲੇ ਪੜਾਅ ਅਧੀਨ ਮੁਹਾਲੀ ਸ਼ਹਿਰ ਵਿੱਚ ਸੌ ਕੈਮਰੇ ਲਗਾਏ ਜਾ ਰਹੇ ਹਨ ਜੋ ਕਿ ਨਗਰ ਨਿਗਮ ਵੱਲੋਂ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਮੁਹਾਲੀ ਸ਼ਹਿਰ ਦੀਆਂ ਅੌਰਤਾਂ ਬੇਫ਼ਿਕਰ ਅਤੇ ਬੇਖ਼ੌਫ਼ ਹੋ ਕੇ ਆਪਣੇ ਕੰਮਾਂਕਾਰਾਂ ਲਈ ਕਿਸੇ ਵੀ ਸਮੇਂ ਕਿਤੇ ਵੀ ਆ ਜਾ ਸਕਣ।ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਸ ਸੰਬੰਧੀ ਇਕ ਵਿਸਤ੍ਰਿਤ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ ਗਈ ਹੈ ਅਤੇ ਇਸ ਦੇ ਤਹਿਤ ਮੋਹਾਲੀ ਸ਼ਹਿਰ ਵਿਚ ਪਹਿਲੇ ਪੜਾਅ ਅਧੀਨ ਫੇਜ਼ 7 ਤੇ ਫੇਜ਼ 3 ਬੀ 2 ਦੀ ਮਾਰਕੀਟ ਅਤੇ ਫੇਜ਼ 5 ਵਿਚ ਕੁੜੀਆਂ ਦੇ ਆਈਟੀਆਈ ਨੇਡ਼ੇ 100 ਕੈਮਰੇ ਲਗਾਏ ਜਾ ਰਹੇ ਹਨ ਜਿਨ੍ਹਾਂ ਵਿਚੋਂ 80 ਫਿਕਸ ਹੋਣਗੇ ਅਤੇ 20 ਮੂਵਿੰਗ ਕੈਮਰੇ ਹੋਣਗੇ ਜਿਨ੍ਹਾਂ ਦੀ ਕੁੱਲ ਕੀਮਤ 4.50 ਕਰੋੜ ਰੁਪਏ ਹੋਵੇਗੀ।ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਜਿਥੇ ਜਿਥੇ ਕੈਮਰੇ ਲੱਗਣੇ ਜਾ ਰਹੇ ਹਨ ਉੱਥੇ ਨਾ ਸਿਰਫ਼ ਔਰਤਾਂ ਦੇ ਖਿਲਾਫ ਹੋਣ ਵਾਲੇ ਅਪਰਾਧਾਂ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ ਸਗੋਂ ਹੋਰ ਅਪਰਾਧਾਂ ਜਿਵੇਂ ਮਾਰਕੀਟਾਂ ਵਿੱਚ ਚੋਰੀ ਚਕਾਰੀ ਅਤੇ ਲੜਾਈ ਝਗੜਿਆਂ ਦੀ ਸਰਵੇਲੈਂਸ ਵੀ ਹੋਵੇਗੀ ਅਤੇ ਇਨ੍ਹਾਂ ਉੱਤੇ ਵੀ ਕਾਬੂ ਪਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਅਪਰਾਧਕ ਪ੍ਰਵਿਰਤੀ ਵਾਲੇ ਲੋਕਾਂ ਨੂੰ ਹੁਣ ਖ਼ੁਦ ਚੌਕਸ ਰਹਿਣਾ ਪਵੇਗਾ ਕਿਉਂਕਿ ਨਿਰਭਯਾ ਸਕੀਮ ਦੇ ਤਹਿਤ ਸੀਸੀਟੀਵੀ ਕੈਮਰੇ ਲੱਗਣ ਉਪਰੰਤ ਉਨ੍ਹਾਂ ਉੱਤੇ ਪੁਲੀਸ ਦੀ ਚੌਕਸ ਨਜ਼ਰ ਹੋਰ ਵੀ ਵਧ ਜਾਵੇਗੀ ।