ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਬਰਨਾਲਾ ਬੱਸ ਸਟੈਂਡ ਅਤੇ ਪੀ.ਆਰ.ਟੀ.ਸੀ. ਵਰਕਸ਼ਾਪ ਦੀ ਅਚਨਚੇਤ ਚੈਕਿੰਗ
2.5 ਕਰੋੜ ਰੁਪਏ ਨਾਲ ਬੱਸ ਸਟੈਂਡ ਬਰਨਾਲਾ ਨੂੰ ਨਵੀਂ ਦਿੱਖ ਦੇਣ ਦਾ ਐਲਾਨ
5 Dariya News
ਬਰਨਾਲਾ 23-Oct-2021
ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਰਨਾਲਾ ਬੱਸ ਸਟੈਂਡ ਅਤੇ ਪੀ.ਆਰ.ਟੀ.ਸੀ. ਵਰਕਸ਼ਾਪ ਦੀ ਅਚਨਚੇਤ ਚੈਕਿੰਗ ਕੀਤੀ।ਇਸ ਦੌਰਾਨ ਉਨਾਂ ਜਿਥੇ ਦਰਪੇਸ਼ ਮੁਸ਼ਕਲਾਂ ਬਾਰੇ ਸਵਾਰੀਆਂ ਨਾਲ ਗੱਲਬਾਤ ਕੀਤੀ, ਉਥੇ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮੁਲਾਜਮਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਸ੍ਰੀ ਰਾਜਾ ਵੜਿੰਗ ਨੇ ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੂੰ ਬਰਨਾਲਾ ਬੱਸ ਅੱਡੇ ਦੀ ਸਾਫ-ਸਫਾਈ ਦੇ ਪੁਖਤਾ ਪ੍ਰਬੰਧਾਂ ਅਤੇ ਹੋਰ ਬਿਹਤਰੀ ਲਈ ਹਦਾਇਤ ਕੀਤੀ। ਇਸ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਕੁੱਲ 2.5 ਕਰੋੜ ਰੁਪਏ ਨਾਲ ਬਰਨਾਲਾ ਦੇ ਬੱਸ ਅੱਡੇ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ 1.5 ਕਰੋੜ ਰੁਪਏ ਅਤੇ ਨਗਰ ਸੁਧਾਰ ਟਰੱਸਟ ਵੱਲੋਂ 1 ਕਰੋੜ ਰੁਪਏ ਖਰਚ ਕਿ ਬੱਸ ਅੱਡੇ ਨੂੰ ਨਵਿਆਉਣ ਦਾ ਕਾਰਜ ਸਿਰੇ ਚਾੜਿਆ ਜਾਵੇਗਾ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਮੱਖਣ ਸ਼ਰਮਾ ਦੇ ਹਵਾਲੇ ਨਾਲ ਉਨਾਂ ਦੱਸਿਆ ਕਿ ਬੱਸ ਅੱਡੇ ਦੇ ਸੁਧਾਰ ਲਈ 1 ਕਰੋੜ ਰੁਪਏ ਦੇ ਟੈਂਡਰ ਲਗਾਏ ਹਨ ਅਤੇ ਜਲਦ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।ਕੈਬਨਿਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੱਸ ਅੱਡੇ ‘ਤੇ ਬੈਠੀਆਂ ਬਜ਼ੁਰਗ ਔਰਤਾਂ ਗੱਲਬਾਤ ਕਰਕੇ ਉਨਾਂ ਨੂੰ ਸਫ਼ਰ ਦੌਰਾਨ ਆਉਂਦੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਲਈ ਗਈ।ਇਸ ਮੌਕੇ ਉਨਾਂ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ ਰਾਜ, ਸੀਨੀਅਰ ਪੁਲਿਸ ਕਪਤਾਨ ਸ਼੍ਰੀਮਤੀ ਅਲਕਾ ਮੀਨਾ, ਐਸ.ਡੀ.ਐਮ. ਸ਼੍ਰੀ ਵਰਜੀਤ ਵਾਲੀਆ, ਚੇਅਰਮੈਨ ਇੰਮਪਰੂਵਮੈਂਟ ਟਰਸਟ ਸ਼੍ਰੀ ਮੱਖਣ ਸ਼ਰਮਾ, ਆਰ.ਟੀ.ਏ. ਸ਼੍ਰੀ ਕਰਨਬੀਰ ਸਿੰਘ ਛੀਨਾ, ਜੀ.ਐਮ. ਪੀ.ਆਰ.ਟੀ.ਸੀ. ਸ਼੍ਰੀ ਐਮ.ਪੀ. ਸਿੰਘ ਵੀ ਮੌਜੂਦ ਸਨ।