5 Dariya News

ਡਾ. ਰਾਜ ਕੁਮਾਰ ਚੱਬੇਵਾਲ ਨੇ 587 ਲਾਭਪਾਤਰੀਆਂ ਨੂੰ 2.28 ਕਰੋੜ ਰੁਪਏ ਦੀ ਕਰਜਾ ਰਾਹਤ ਦੇ ਚੈਕ ਸੌਂਪੇ

ਖਨੌੜਾ, ਫੁਗਲਾਣਾ, ਸਿੰਬਲੀ ਅਤੇ ਮੇਹਟਿਆਣਾ ਵਿਖੇ ਖੁਦ ਜਾ ਕੇ ਪ੍ਰਦਾਨ ਕੀਤੀ ਕਰਜਾ ਰਾਹਤ

5 Dariya News

ਹੁਸ਼ਿਆਰਪੁਰ 18-Oct-2021

ਪੰਜਾਬ ਸਰਕਾਰ ਵਲੋਂ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਸ਼ੁਰੂ ਕੀਤੀ ਕਰਜਾ ਰਾਹਤ ਸਕੀਮ ਤਹਿਤ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਨੇ ਅੱਜ ਵੱਖ-ਵੱਖ ਪਿੰਡਾਂ ਵਿਚ ਜਾ ਕੇ 587 ਲਾਭਪਾਤਰੀਆਂ ਨੂੰ 2,28,56,192 ਰੁਪਏ ਦੀ ਕਰਜਾ ਰਾਹਤ ਦੇ ਚੈਕ ਸੌਂਪਦਿਆਂ ਕਿਹਾ ਕਿ ਲੋੜਵੰਦਾਂ ਅਤੇ ਗਰੀਬਾਂ ਦੀ ਭਲਾਈ ਪੰਜਾਬ ਸਰਕਾਰ ਦੀ ਇਕ ਮੁੱਖ ਤਰਜ਼ੀਹ ਹੈ।ਖਨੌੜਾ, ਫੁਗਲਾਣਾ, ਸਿੰਬਲੀ ਅਤੇ ਮੇਹਟਿਆਣਾ ਵਿਖੇ ਕਰਜਾ ਰਾਹਤ ਦੇ ਚੈਕ ਸੌਂਪਣ ਵੇਲੇ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਹਰ ਵਰਗ ਦੀ ਭਲਾਈ ਲਈ ਵੱਡੇ ਫੈਸਲੇ ਕੀਤੇ ਹਨ ਜਿਨ੍ਹਾਂ ਦੀ ਸਾਰੇ ਪਾਸੇ ਸਲਾਹੁਤਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਮਹੱਤਵਪੂਰਨ ਲੋਕ ਪੱਖੀ ਫੈਸਲਾ ਲੈਂਦਿਆਂ 2 ਕਿਲੋਵਾਟ ਤੱਕ ਦੇ ਘਰੇਲੂ ਖਪਤਕਾਰਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕੀਤੇ ਹਨ ਜਿਸ ਦਾ ਰਾਜ ਅੰਦਰ 53 ਲੱਖ ਰੁਪਏ ਦੇ ਕਰੀਬ  ਘਰੇਲੂ ਕੁਨੈਕਸ਼ਨਾਂ ਨੂੰ ਸਿੱਧਾ ਫਾਇਦਾ ਹੋਵੇਗਾ ਅਤੇ ਸਰਕਾਰ ਵਲੋਂ ਇਸ ਕਾਰਜ ਲਈ 1200 ਕਰੋੜ ਰੁਪਏ ਦੇ ਕਰੀਬ ਵਿੱਤੀ ਵਿਵਸਥਾ ਨੂੰ ਵੀ ਝੰਡੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਕੈਬਨਿਟ ਨੇ ਇਕ ਹੋਰ ਅਹਿਮ ਫੈਸਲਾ ਲੈਂਦਿਆਂ ਸ਼ਹਿਰੀ ਅਤੇ ਪੇਂਡੂ ਜਲ ਸਪਲਾਈ ਦੀਆਂ ਦਰਾਂ ਨੂੰ ਘਟਾ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੇਂਡੂ ਜਲ ਸਪਲਾਈ ਸਕੀਮਾਂ ਦੀਆਂ ਦਰਾਂ ਵਿਚ 70 ਫੀਸਦੀ ਕਟੌਤੀ ਕੀਤੀ ਗਈ ਹੈ ਜਿਸ ਨਾਲ ਪਿੰਡ ਵਿਚ ਹਰ ਘਰ ਲਈ ਹੁਣ ਇਹ ਦਰ ਪ੍ਰਤੀ ਮਹੀਨਾ 166 ਰੁਪਏ ਤੋਂ ਘਟਾ ਕੇ 50 ਰੁਪਏ ਹੋ ਗਈ ਹੈ।ਡਾ. ਰਾਜ ਕੁਮਾਰ ਨੇ ਦੱਸਿਆ ਕਿ ਕਰਜਾ ਰਾਹਤ ਸਕੀਮ ਤਹਿਤ ਹਲਕਾ ਚੱਬੇਵਾਲ ਵਿਚ ਕੁਲ 4464 ਲਾਭਪਾਤਰੀਆਂ ਨੂੰ 8.67 ਕਰੋੜ ਰੁਪਏ ਦੀ ਕਰਜਾ ਰਾਹਤ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ‘ਮੇਰਾ ਘਰ-ਮੇਰੇ ਨਾਮ’ ਸਕੀਮ ਵੀ ਲਾਲ ਲਕੀਰ ਅੰਦਰ ਰਹਿੰਦੇ ਵਸਨੀਕਾਂ ਲਈ ਵੱਡਾ ਫਾਇਦਾ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਮਾਲਕੀ ਦੇ ਹੱਕ ਮਿਲਣਗੇ।