ਪਟਿਆਲਾ ਇੰਡਸਟਰੀਜ਼ ਐਸੋਸੀਏਸ਼ਨ ਦੇ ਵਫਦ ਨੇ ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨਾਲ ਮੁਲਾਕਾਤ
ਛੋਟੇ ਤੇ ਦਰਮਿਆਨੇ ਉਦਯੋਗਾਂ ਦੀ ਬਿਹਤਰੀ ਲਈ ਚਰਚਾ
5 Dariya News
ਪਟਿਆਲਾ 13-Oct-2021
ਪਟਿਆਲਾ ਇੰਡਸਟਰੀਜ਼ ਐਸੋਸੀਏਸ਼ਨ ਦੇ ਵਫਦ ਨੇ ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੂੰ ਅਹੁਦਾ ਸੰਭਾਲਣ ’ਤੇ ਸਨਮਾਨਤ ਕਰਨ ਲਈ ਮੁਲਾਕਾਤ ਕੀਤੀ। ਇਸ ਵਫ਼ਦ ਵਿੱਚ ਸ਼੍ਰੀ ਐਚਪੀਐਸ ਲਾਂਬਾ, ਸ਼੍ਰੀ ਜੈ ਨਾਰਾਇਣ, ਸ਼੍ਰੀ ਸੰਜੇ ਸਿੰਗਲਾ, ਸ਼੍ਰੀ ਯਸ਼ ਮਹਿੰਦਰ ਅਤੇ ਸ਼੍ਰੀ ਰਾਜੇਸ਼ ਸਿੰਗਲਾ ਸ਼ਾਮਲ ਸਨ। ਇਸ ਮੌਕੇ ਡਾਇਰੈਕਟਰ ਉਦਯੋਗ ਪੰਜਾਬ ਸ੍ਰੀ ਸੀ ਸਿਬਿਨ ਵੀ ਹਾਜ਼ਰ ਸਨ। ਇਸ ਵਫ਼ਦ ਨੇ ਪੰਜਾਬ ਵਿੱਚ ਉਦਯੋਗਾਂ ਨੂੰ ਦਰਪੇਸ਼ ਮੁੱਦਿਆਂ ਨੂੰ ਉਭਾਰਿਆ ਅਤੇ ਐਮਐਸਐਮਈ ਦੇ ਵਿੱਚ ਉਦਯੋਗਿਕ ਵਿਕਾਸ ਨੂੰ ਬਿਹਤਰ ਬਣਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ।ਵਫ਼ਦ ਨੇ ਐਮਐਸਐਮਈ ਸੈਕਟਰ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਉਦਯੋਗਿਕ ਨੀਤੀ 'ਤੇ ਮੁੜ ਵਿਚਾਰ ਕਰਨ ਦੇ ਉਦੇਸ਼ ਨਾਲ ਕੁਝ ਮੁੱਖ ਨੁਕਤੇ ਵਿਚਾਰਨ ਸਮੇਤ ਨਵੇਂ ਘੋਸ਼ਿਤ ਉਦਯੋਗਿਕ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਜਿਵੇਂ ਕਿ ਮਾਸਟਰ ਪਲਾਨ, ਬਿਜਲੀ ਗਰਿੱਡ, ਸੜਕਾਂ ਨੂੰ ਚੌੜਾ ਕਰਨਾ, ਪਾਣੀ ਦੀ ਉਪਲਬਧਤਾ ਅਤੇ ਸੀਵਰੇਜ ਸੁਵਿਧਾਵਾਂ, ਉਦਯੋਗ ਦੇ ਪਲਾਨ/ਨਕਸ਼ੇ ਪਾਸ ਕਰਨ ਲਈ 2-3 ਵਿਭਾਗਾਂ ਦੀ ਬਜਾਏ, ਇੱਕ ਨੋਡਲ ਏਜੰਸੀ ਬਣਾ ਕੇ ਐਨਓਸੀ ਨੂੰ ਸੁਚਾਰੂ ਬਣਾਉਣਾ ਅਤੇ ਛੋਟੇ ਤੇ ਦਰਮਿਆਨੇ ਉਦਯੋਗਾਂ ਲਈ ਪ੍ਰਤੀ ਯੂਨਿਟ ਬਿਜਲੀ ਚਾਰਜ ਬਾਰੇ ਚਰਚਾ ਵੀ ਕੀਤੀ।
ਸ੍ਰੀ ਐਚ.ਪੀ.ਐਸ ਲਾਂਬਾ ਨੇ ਦੱਸਿਆ ਕਿ ਇਸਤੋਂ ਬਿਨ੍ਹਾਂ ਈਐਸਆਈ ਅਤੇ ਈਪੀਐਫ ਵਿਭਾਗਾਂ ਦੇ ਕੰਮਕਾਜ ਬਾਰੇ ਵੀ ਵਿਚਾਰ ਵਟਾਂਦਰਾ ਕਰਕੇ ਇਸ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਦੇ ਸੁਝਾਅ ਮੁੱਖ ਸਕੱਤਰ ਸ੍ਰੀ ਅਨਿਰੁੱਧ ਤਿਵਾੜੀ ਨਾਲ ਸਾਂਝੇ ਕੀਤੇ ਗਏ। ਇਸ ’ਤੇ ਮੁੱਖ ਸਕੱਤਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਪ੍ਰਫ਼ੁਲਤ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ। ਪਟਿਆਲਾ ਸਰਹਿੰਦ ਸੜਕ ਨੂੰ ਚਾਰ ਮਾਰਗੀ ਕਰਨ ’ਤੇ ਜ਼ੋਰ ਦਿੰਦਿਆਂ ਇਸ ਮਾਰਗ ਦੇ ਨਿਰਮਾਣ ਨੂੰ ਛੇਤੀ ਸ਼ੁਰੂ ਕਰਨ ਦੀ ਬੇਨਤੀ ਕੀਤੀ ਗਈ, ਜਿਸ ਨੂੰ ਮੁੱਖ ਸਕੱਤਰ ਨੇ ਸਹੀ ਅਧਿਕਾਰੀਆਂ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਹੈ।ਵਫ਼ਦ ਵੱਲੋਂ ਸੀਨੀਅਰ ਉਦਯੋਗਪਤੀ ਸ਼੍ਰੀ ਪ੍ਰਵੇਸ਼ ਮੰਗਲਾ, ਸ਼੍ਰੀ ਨਰੇਸ਼ ਗੁਪਤਾ, ਸ਼੍ਰੀ ਅਸ਼ਵਨੀ ਗਰਗ, ਸ਼੍ਰੀ ਵਿਕਰਮ ਗੋਇਲ, ਸ਼੍ਰੀ ਪੀ ਐਸ ਵਾਲੀਆ, ਸ਼੍ਰੀ ਸੁਨੀਲ ਸੂਦ ਅਤੇ ਸ਼੍ਰੀ ਰਜਿੰਦਰ ਗੁਪਤਾ ਨੇ ਮੁੱਖ ਸਕੱਤਰ ਦੁਆਰਾ ਮੁੱਦਿਆਂ ਨੂੰ ਪਹਿਲ ਦੇ ਅਧਾਰ ’ਤੇ ਸੁਲਝਾਉਣ ਦੇ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।