ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਆਏ ਨੌਜਵਾਨ ਦੀ ਖਾਲੜਾ ਪੁਲਿਸ ਨੇ ਪਿੰਡ ਵਾਸੀਆਂ ਤੋਂ ਮੁਆਫੀ ਮੰਗਵਾ ਕੇ ਛੁਡਵਾਈ ਜਾਨ, ਪੁਲਿਸ ਨੇ ਨਹੀਂ ਕੀਤੀ ਕੋਈ ਕਾਰਵਾਈ
ਖਾਲੜਾ ਪੁਲਿਸ ਦੀ ਇਸ ਕਾਰਵਾਈ ਤੇ ਸਮੂਹ ਸਿੱਖ ਜਥੇਬੰਦੀਆਂ ਅਤੇ ਸਤਿਕਾਰ ਕਮੇਟੀ ਦੇ ਸਿੰਘਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ
5 Dariya News (ਲਖਵਿੰਦਰ ਸਿੰਘ ਗੋਲਣ)
ਤਰਨ ਤਾਰਨ/ਭਿੱਖੀਵਿੰਡ 24-Sep-2021
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਨ੍ਹਾਂ ਘਟਨਾਵਾਂ ਦਾ ਬਾਰ-ਬਾਰ ਹੋਣਾ ਪੰਜਾਬ ਪੁਲਿਸ ਦੀ ਢਿੱਲੀ ਕਾਰੁਜਗਾਰੀ ਉੱਪਰ ਵੱਡੇ ਸਵਾਲ ਖੜ੍ਹੇ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇੱਕ ਹੋਰ ਮਾਮਲਾ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਡਲੀਰੀ ਤੋਂ ਸਾਹਮਣੇ ਆਇਆ ਹੈ। ਇਕੱਤਰ ਹੋਈ ਜਾਣਕਾਰੀ ਅਨੁਸਾਰ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦੇਣ ਇੱਕ ਨੌਜਵਾਨ ਪਿੰਡ ਡਲੀਰੀ ਦੇ ਗੁਰਦੁਆਰਾ ਸੰਧੂਆਂ ਦੀ ਪੱਤੀ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਨੌਜਵਾਨ ਜਦੋਂ ਗੁਰਦੂਆਰਾ ਸਾਹਿਬ ਦੇ ਦਰਬਾਰ ਦੀ ਖਿੜਕੀ ਨੂੰ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਵਕਤ ਇਸਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਲਿਆ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਖਾਲੜਾ ਦੀ ਪੁਲਿਸ ਗੁਰਦੁਆਰਾ ਸਾਹਿਬ ਪਹੁੰਚੀ। ਖਾਲੜਾ ਪੁਲਿਸ ਨੇ ਬੇਅਦਬੀ ਕਰਨ ਆਏ ਨੌਜਵਾਨ ਤੇ ਕਾਰਵਾਈ ਕਰਨ ਦੀ ਬਜਾਏ ਉਸ ਤੋਂ ਪਿੰਡ ਡਲੀਰੀ ਦੇ ਵਾਸੀਆਂ ਤੋਂ ਮੁਆਫ਼ੀ ਮੰਗਵਾ ਕੇ ਛੱਡ ਦਿੱਤਾ। ਪੁਲਿਸ ਦੇ ਇਸ ਘਟੀਆ ਵਤੀਰੇ ਤੋਂ ਸਮੂਹ ਸਿੱਖ ਜਥੇਬੰਦੀਆਂ ਅਤੇ ਸਤਿਕਾਰ ਕਮੇਟੀਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਮਾਮਲੇ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਗ੍ਰੰਥੀ ਸੁਖਬੀਰ ਸਿੰਘ ਪੁੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਬੀਤੀ ਕੱਲ ਮੈਂ ਪਿੰਡ ਡਲੀਰੀ ਦੇ ਗੁਰਦੁਆਰਾ ਸੰਧੂਆਂ ਦੀ ਪੱਤੀ ਵਿਖੇ ਮੌਜੂਦ ਸੀ। ਉੱਥੇ ਅਸੀਂ ਇੱਕ ਨੌਜਵਾਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀ ਬਾਰੀ ਦਾ ਸ਼ੀਸ਼ਾ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਨੂੰ ਰੰਗੇ ਹੱਥੀਂ ਫੜਿਆ। ਉਹਨਾਂ ਦੱਸਿਆ ਕਿ ਕਾਬੂ ਆਏ ਨੌਜਵਾਨ ਨੇ ਖ਼ੁਦ ਇਹ ਗੱਲ ਕਬੂਲ ਕੀਤੀ ਹੈ ਕਿ ਉਹ ਕਿਸੇ ਦੇ ਕਹਿਣ ਤੇ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਆਇਆ ਹੈ ਅਤੇ ਇਹ ਕੰਮ ਉਹ ਪਹਿਲੀ ਵਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਜਦ ਇਸ ਘਟਨਾ ਦਾ ਪਤਾ ਪਿੰਡ ਡਲੀਰੀ ਦੇ ਵਾਸੀਆਂ ਨੂੰ ਲੱਗਾ ਤਾਂ ਪਿੰਡ ਵਾਸੀ ਭਾਰੀ ਤਾਦਾਦ ਵਿਚ ਗੁਰਦੁਆਰਾ ਸਾਹਿਬ ਵਿਖੇ ਪੁੱਜੇ। ਗੁਰਦੁਆਰਾ ਸਾਹਿਬ 'ਚ ਇਕੱਠੇ ਹੋਏ ਲੋਕਾਂ ਨੇ ਬੇਅਦਬੀ ਕਰਨ ਦੀ ਘਟਨਾ ਨੂੰ ਅੰਜ਼ਾਮ ਦੇਣ ਆਏ ਨੌਜਵਾਨ ਦੀ ਖੂਬ ਕੁੱਟਮਾਰ ਕੀਤੀ ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋਈ ਹੈ।
ਇਸ ਤੋਂ ਬਾਅਦ ਕਾਬੂ ਆਏ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਖਾਲੜਾ ਪੁਲਿਸ ਦੇ ਹਵਾਲੇ ਕਰ ਦਿੱਤਾ। ਪ੍ਰੰਤੂ ਉਸ ਨੌਜਵਾਨ ਤੇ ਕਾਰਵਾਈ ਕਰਨ ਦੀ ਬਜਾਏ ਖਾਲੜਾ ਪੁਲਿਸ ਨੇ ਪਿੰਡ ਡਲੀਰੀ ਦੇ ਵਾਸੀਆਂ ਨੂੰ ਕੋਰਟ ਦੀਆਂ ਤਰੀਕਾਂ ਭੁਗਤਣ ਅਤੇ ਵਕੀਲ ਕਰਨ ਦਾ ਡਰਾਵਾ ਦੇ ਕੇ ਨੌਜਵਾਨ ਕੋਲੋਂ ਪਿੰਡ ਡਲੀਰੀ ਦੇ ਸਮੂਹ ਵਾਸੀਆਂ ਪਾਸੋਂ ਮੁਆਫੀ ਮੰਗਵਾ ਕੇ ਉਸ ਦੀ ਜਾਨ ਛੁਡਵਾ ਦਿੱਤੀ। ਪੁਲਿਸ ਦੀ ਇਸ ਕਾਰਵਾਈ ਤੇ ਸਮੂਹ ਸਿੱਖ ਜਥੇਬੰਦੀਆਂ ਅਤੇ ਸਤਿਕਾਰ ਕਮੇਟੀ ਦੇ ਆਗੂਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸਤਿਕਾਰ ਕਮੇਟੀ ਪ੍ਰਧਾਨ ਭਾਈ ਰਣਜੀਤ ਸਿੰਘ ਉਧੋਕੇ ਨੇ ਕਿਹਾ ਕਿ ਮੈਨੂੰ ਅਫ਼ਸੋਸ ਇਸ ਗੱਲ ਦਾ ਹੈ ਕਿ ਅਸੀਂ ਉਸ ਪਿਓ ਦੇ ਪੁੱਤਰ ਹਾਂ ਜਿਸ ਨੇ ਸਾਡੀਆਂ ਪੁਸ਼ਤਾਂ ਦੀ ਰਾਖੀ ਲਈ ਆਪਣਾ ਸਰਬੰਸ ਵਾਰ ਦਿੱਤਾ। ਪ੍ਰੰਤੂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਅੱਜ ਤੱਕ ਸਜ਼ਾ ਨਹੀਂ ਦਵਾ ਸਕੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਸਾਫ ਸਾਫ ਕਿਹਾ ਜਾ ਰਿਹਾ ਸੀ ਕਿ ਇਹ ਨੌਜਵਾਨ ਬੇਅਦਬੀ ਕਰਨ ਦੇ ਇਰਾਦੇ ਨਾਲ ਆਇਆ ਸੀ। ਪ੍ਰੰਤੂ ਖਾਲੜਾ ਪੁਲਿਸ ਨੇ ਉਸ ਨੌਜਵਾਨ ਤੇ ਕਾਰਵਾਈ ਕਰਨ ਦੀ ਬਜਾਏ ਨੌਜਵਾਨ ਕੋਲੋਂ ਮੁਆਫ਼ੀ ਮੰਗਵਾ ਕੇ ਕੇਸ ਨੂੰ ਰਫਾ ਦਫਾ ਕਰ ਦਿੱਤਾ ਹੈ। ਭਾਈ ਰਣਜੀਤ ਸਿੰਘ ਉਧੋਕੇ ਨੇ ਜ਼ਿਲਾ ਤਰਨਤਾਰਨ ਦੇ ਐਸ.ਐਸ.ਪੀ ਉਪਿੰਦਰਜੀਤ ਸਿੰਘ ਘੁੰਮਣ ਪਾਸੋਂ ਮੰਗ ਕੀਤੀ ਕਿ ਦੋਸ਼ੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀ ਦਾ ਪੱਖ ਪਾਲਣ ਵਾਲੇ ਪੁਲਿਸ ਅਧਿਕਾਰੀਆਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ। ਉੱਧਰ ਜਦੋਂ ਇਸ ਮਾਮਲੇ ਸਬੰਧੀ ਥਾਣਾ ਖਾਲੜਾ ਦੇ ਐਸ.ਐਚ.ਓ ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਨੂੰ ਪਿੰਡ ਵਾਸੀਆਂ ਵੱਲੋਂ ਕੋਈ ਵੀ ਲਿਖਤੀ ਸ਼ਿਕਾਇਤ ਨਹੀ ਦਿੱਤੀ ਗਈ। ਜਦੋਂ ਪੱਤਰਕਾਰਾਂ ਨੇ ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਸਾਹਿਬ ਸਿੰਘ ਵੱਲੋਂ ਪਿੰਡ ਡਲੀਰੀ ਦੇ ਵਾਸੀਆਂ ਨੂੰ ਵਕੀਲਾਂ ਅਤੇ ਕੋਰਟ ਦੀਆਂ ਤਰੀਕਾਂ ਦਾ ਡਰਾਵਾ ਦੇ ਕੇ ਪਿੰਡ ਵਾਸੀਆਂ ਕੋਲੋਂ ਦੋਸ਼ੀ ਨੂੰ ਮੁਆਫ਼ੀ ਮੰਗਵਾ ਕੇ ਉਸ ਨੂੰ ਛੱਡਣ ਬਾਰੇ ਪੁੱਛਿਆ ਗਿਆ ਤਾਂ ਐਸ.ਐਚ.ਓ ਜਸਵੰਤ ਸਿੰਘ ਨੇ ਕਿਹਾ ਕਿ ਇਹ ਗੱਲ ਮੇਰੇ ਧਿਆਨ ਵਿੱਚ ਨਹੀਂ ਸੀ। ਇਸ ਸਬੰਧੀ ਏ.ਐਸ.ਆਈ ਸਾਹਿਬ ਸਿੰਘ ਨਾਲ ਵਾਰ ਵਾਰ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।