5 Dariya News

ਭਾਰੀ ਬਾਰਿਸ਼ ਨੇ ਖੋਲੀਆਂ ਕਾਂਗਰਸ ਸਰਕਾਰ ਦੇ ਵਿਕਾਸ ਕਾਰਜਾਂ ਦੀਆਂ ਪੋਲਾਂ

ਵਾਰਡ ਨੰਬਰ 9 ਦੇ ਵਾਸੀ ਆਪਣੀ ਜੇਬਾਂ 'ਚੋ ਪੈਸਾ ਖਰਚ ਕੇ ਕਰਵਾ ਰਹੇ ਹਨ ਗਲੀ ਦੀ ਮੁਰੰਮਤ

5 Dariya News (ਲਖਵਿੰਦਰ ਗੌਲਣ)

ਤਰਨ-ਤਾਰਨ/ਭਿੱਖੀਵਿੰਡ 15-Sep-2021

ਬੀਤੇ ਦਿਨੀਂ ਹੋਈ ਭਾਰੀ ਬਾਰਿਸ਼ ਨੇ ਕਾਂਗਰਸ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਭਾਰੀ ਬਾਰਿਸ਼ ਕਾਰਨ ਗਲੀਆਂ ਨੇ ਦਰਿਆਵਾਂ ਦਾ ਰੂਪ ਧਾਰਨ ਕਰਕੇ ਇਹ ਸਾਬਿਤ ਕਰ ਦਿੱਤਾ ਕਿ ਕਾਂਗਰਸ ਸਰਕਾਰ ਦੇ ਵਿਕਾਸ ਦੇ ਦਾਅਵੇ ਖੋਖਲੇ ਹੀ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਭਿੱਖੀਵਿੰਡ ਦੇ ਵਾਰਡ ਨੰਬਰ 9 ਵਿੱਚ ਇੰਟਰਲੌਕ ਟਾਇਲਾ ਅਕਾਲੀ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਲਗਵਾਈਆਂ ਸਨ।ਦੂਜੇ ਪਾਸੇ ਕਾਂਗਰਸ ਸਰਕਾਰ ਦਾ ਕਾਰਜਕਾਲ ਥੋੜੇ ਹੀ ਸਮੇਂ 'ਚ ਖਤਮ ਹੋਣ ਵਾਲਾ ਹੈ ਪਰ ਵਿਕਾਸ ਕਿਤੇ ਵੀ ਦਿਖਾਈ ਨਹੀ ਦਿੰਦਾ।ਦਰਅਸਲ ਭਾਰੀ ਬਾਰਿਸ਼ ਕਾਰਨ ਭਿੱਖੀਵਿੰਡ ਦੀਆਂ ਗਲੀਆਂ ਨੇ ਦਰਿਆਵਾਂ ਦਾ ਰੂਪ ਧਾਰਨ ਕਰ ਲਿਆ ਸੀ। ਇਥੋਂ ਦੀਆਂ ਗਲੀਆਂ 'ਚ ਪਾਏ ਗਏ ਸੀਵਰੇਜਾ ਦਾ ਸਾਈਜ਼ ਛੋਟਾ ਹੋਣ ਕਾਰਨ ਬਾਰਿਸ਼ ਦਾ ਪਾਣੀ ਗਲੀਆਂ ਵਿੱਚ ਹੀ ਖੜਾ ਹੋ ਜਾਂਦਾ ਹੈ। 

ਬਾਰਿਸ਼ ਕਾਰਨ ਆ ਰਹੀਆਂ ਮੁਸ਼ਕਿਲਾਂ ਕਾਰਨ ਲੋਕ ਬਹੁਤ ਪਰੇਸ਼ਾਨ ਹਨ। ਉਹਨਾਂ ਦਾ ਮੰਨਣਾ ਹੈ ਕਿ ਸਰਕਾਰਾਂ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਸਿਰਫ ਵੋਟਾਂ ਲੈਣ ਲਈ ਹੀ ਕਰਦੀਆਂ ਹਨ। ਇੱਥੇ ਇਹ ਦੱਸਣਾ ਬੇਹੱਦ ਜਰੂਰੀ ਹੈ ਕਿ ਵਾਰਡ ਨੰਬਰ 9 ਵਾਲੀ ਗਲੀ ਦਾ ਕੁਝ ਹਿੱਸਾ ਭਾਰੀ ਬਾਰਿਸ਼ ਕਾਰਨ ਟੁੱਟ ਗਿਆ ਸੀ। ਗਲੀ ਦੀ ਮੁਰੰਮਤ ਕਰਵਾਉਣ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੀਂਵ ਕੁਮਾਰ ਭਾਗੂ ਵੱਲੋਂ ਗਲੀ ਦੇ ਲੋਕਾਂ ਕੋਲੋਂ ਪੈਸੇ ਇਕੱਠੇ ਕੀਤੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਐਮ.ਸੀ ਅਤੇ ਨਗਰ ਪੰਚਾਇਤ ਦੇ ਅਧਿਕਾਰੀਆਂ ਦਾ ਭਿੱਖੀਵਿੰਡ ਦੀਆਂ ਗਲੀਆਂ ਦੇ ਵਿਕਾਸ ਵੱਲ ਕੋਈ ਧਿਆਨ ਨਹੀ ਹੈ। ਉਹਨਾਂ ਕਿਹਾ ਕਿ ਉਹ ਆਪਣੀਆਂ ਜੇਬਾਂ 'ਚੋ ਪੈਸੇ ਖਰਚਣ ਲਈ ਮਜਬੂਰ ਹਨ। ਇਸ ਮੌਕੇ ਭਿੱਖੀਵਿੰਡ ਵਾਸੀਆਂ ਨੇ ਐਮ.ਐਲ.ਏ ਸੁਖਪਾਲ ਸਿੰਘ ਭੁੱਲਰ ਤੋਂ ਮੰਗ ਕੀਤੀ ਕਿ ਭਿੱਖੀਵਿੰਡ ਸ਼ਹਿਰ ਦੇ ਵਿਕਾਸ ਵੱਲ ਵੀ ਧਿਆਨ ਦਿੱਤਾ ਜਾਵੇ।