5 Dariya News

ਤਹਿਸੀਲ ਕੰਪਲੈਕਸ ਭਿੱਖੀਵਿੰਡ ਅੰਦਰ ਬਣੇ ਪਬਲਿਕ ਬਾਥਰੂਮਾਂ ਦੀ ਹਾਲਤ ਬੇਹੱਦ ਤਰਸਯੋਗ

ਗੰਦਗੀ ਦੇ ਰਹੀ ਬਿਮਾਰੀਆਂ ਨੂੰ ਸੱਦਾ,ਮੌਜੂਦਾ ਪ੍ਰਸ਼ਾਸਨ ਬੇਖਬਰ

5 Dariya News (ਲਖਵਿੰਦਰ ਸਿੰਘ ਗੋਲਣ)

ਤਰਨ-ਤਾਰਨ/ਭਿੱਖੀਵਿੰਡ(ਲਖਵਿੰਦਰ ਸਿੰਘ ਗੋਲਣ) 09-Sep-2021

ਭਿੱਖੀਵਿੰਡ ਤਹਿਸੀਲ ਕੰਪਲੈਕਸ ਅੰਦਰ ਲੋਕਾਂ ਦੀ ਸਹੂਲਤ ਲਈ ਬਣੇ ਬਾਥਰੂਮ ਅੱਜ ਬਦ ਤੋਂ ਬਦਤਰ ਹਾਲਾਤ ਵਿੱਚ ਦੇਖੇ ਜਾ ਸਕਦੇ ਹਨ। ਇੱਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਦੇ ਕਾਰਨ ਪੂਰੇ ਵਿਸ਼ਵ ਭਰ ਵਿੱਚ ਸਰਕਾਰਾਂ ਦਾ ਲੋਕਾਂ ਨੂੰ ਸਾਫ ਸਫਾਈ ਸਬੰਧੀ ਜਾਗਰੂਕ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ।ਉੱਥੇ ਹੀ ਦੂਜੇ ਪਾਸੇ ਤਹਿਸੀਲ ਕੰਪਲੈਕਸ ਭਿੱਖੀਵਿੰਡ ਅੰਦਰ ਬਣੇ ਪਬਲਿਕ ਬਾਥਰੂਮਾਂ ਦੀ ਘਟੀਆ ਹਾਲਤ ਪ੍ਰਸ਼ਾਸਨ ਉੱਤੇ ਸਵਾਲ ਖੜੇ ਕਰ ਰਹੀ ਹੈ।ਇਨ੍ਹਾਂ ਬਾਥਰੂਮਾਂ ਦੀ ਤਰਸਯੋਗ ਹਾਲਾਤ ਦੇਖ ਕੇ ਲੱਗਦਾ ਹੈ ਕਿ ਜਿਵੇਂ ਇਹ ਹਜ਼ਾਰਾਂ ਸਾਲ ਪਹਿਲਾਂ ਬਣੇ ਹੋਣ।ਇਹਨਾਂ ਬਾਥਰੂਮਾਂ ਅੰਦਰ ਪਾਣੀ ਦਾ ਕੋਈ ਖਾਸ ਪ੍ਰਬੰਧ ਨਹੀ ਹੈ।ਇਸ ਤੋਂ ਇਲਾਵਾ ਜੇਕਰ ਔਰਤਾਂ ਵਾਲੇ ਬਾਥਰੂਮ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਖਸਤਾ ਹਾਲਤ 'ਚ ਹਨ।ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਤਹਿਸੀਲ ਨੂੰ ਲਗਭੱਗ 52 ਦੇ ਕਰੀਬ ਪਿੰਡ ਲੱਗਦੇ ਹਨ।ਇੱਥੇ ਰੋਜ਼ਾਨਾਂ ਸੈਂਕੜੇ ਔਰਤਾਂ,ਮਰਦ ਅਤੇ ਸੀਨੀਅਰ ਸਿਟੀਜਨ ਆਪਣੇ ਸਰਕਾਰੀ ਕੰਮ ਕਰਵਾਉਣ ਲਈ ਆਉਂਦੇ ਹਨ। 

ਸਰਕਾਰੀ ਅਫਸਰਾਂ ਦੀ ਲਾਪਰਵਾਹੀ ਦਾ ਆਲਮ ਤਾਂ ਇਹ ਹੈ ਕਿ ਤਹਿਸੀਲ ਕੰਪਲੈਕਸ ਅੰਦਰ ਲੱਗਾ ਆਰ.ਓ ਸਿਸਟਮ ਵੀ ਬੰਦ ਪਿਆ ਹੈ। ਪਾਣੀ ਨਾ ਮਿਲਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਇਹ ਦੱਸਣਾ ਬੇਹੱਦ ਜਰੂਰੀ ਹੈ ਕਿ ਕਿ ਇਹ ਆਰ.ਓ ਸਿਸਟਮ ਬੀਤੇ 1 ਸਾਲ ਤੋਂ ਖਰਾਬ ਪਿਆ ਹੋਇਆ ਹੈ। ਪ੍ਰੰਤੂ ਤਹਿਸੀਲਦਾਰ ਸਾਹਿਬ ਅਤੇ ਡਿਪਾਰਟਮੈਂਟ ਦੇ ਹੋਰ ਅਧਿਕਾਰੀਆਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਇਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਤਹਿਸੀਲ ਕੰਪਲੈਕਸ ਦੇ ਬਾਥਰੂਮ ਅਤੇ ਆਰ.ਓ ਸਿਸਟਮ ਨੂੰ ਠੀਕ ਕਰਵਾਇਆ ਜਾਵੇ।ਉੱਧਰ ਜਦੋਂ ਇਸ ਮਾਮਲੇ ਸਬੰਧੀ ਨਾਇਬ ਤਹਿਸੀਲਦਾਰ ਅਜੇਪਾਲ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤਹਿਸੀਲ ਕੰਪਲੈਕਸ ਦਾ ਨਵਾਂ ਪੋਰਸ਼ਨ ਤਿਆਰ ਹੋਣ ਸਬੰਧੀ ਡਿਪਾਰਟਮੈਂਟ ਵੱਲੋਂ ਐਸਟੀਮੇਟ ਭੇਜਿਆ ਗਿਆ ਹੈ। ਹਾਲਾਂਕਿ ਤਹਿਸੀਲ ਕੰਪਲੈਕਸ ਦੇ ਇਨ੍ਹਾਂ ਬਦ ਤੋਂ ਬਦਤਰ ਹੋਏ ਬਾਥਰੂਮਾਂ ਦੀ ਰਿਪੇਅਰ ਸਬੰਧੀ ਨਾਇਬ ਤਹਿਸੀਲਦਾਰ ਅਜੇਪਾਲ ਜੀ ਕੋਈ ਠੋਸ ਜਵਾਬ ਨਹੀ ਦੇ ਸਕੇ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਜਾਗ ਕੇ ਇਸ ਗੱਲ ਨੂੰ ਕਿੰਨਾ ਗੰਭੀਰ ਲੈਂਦਾ ਹੈ।