5 Dariya News

ਡਾ.ਰਾਜ ਕੁਮਾਰ ਨੇ ਚੱਬੇਵਾਲ, ਬਸੀ ਕਲਾਂ, ਕੋਟ ਫਤੂਹੀ ਅਤੇ ਬਹਿਬਲਪੁਰ ’ਚ ਲਾਭਪਾਤਰੀਆਂ ਨੂੰ ਸੌਂਪੇ ਵਧੀ ਪੈਨਸ਼ਨ ਦੇ ਚੈਕ

ਕੈਪਟਨ ਅਮਰਿੰਦਰ ਸਿੰਘ ਨੇ ਲੋੜਵੰਦਾਂ ਦੀ ਬਾਂਹ ਫੜਦਿਆਂ ਪੈਨਸ਼ਨ ਦੀ ਰਕਮ ਕੀਤੀ ਤਿੰਨ ਗੁਣਾ

5 Dariya News

ਹੁਸ਼ਿਆਰਪੁਰ 31-Aug-2021

ਵਿਧਾਇਕ ਡਾ. ਰਾਜ ਕੁਮਾਰ ਨੇ ਅੱਜ ਚੱਬੇਵਾਲ, ਬਸੀ ਕਲਾਂ, ਕੋਟ ਫਤੂਹੀ ਅਤੇ ਬਹਿਬਲਪੁਰ ਵਿਚ ਪੰਜਾਬ ਸਰਕਾਰ ਵਲੋਂ ਵਧੀ ਹੋਈ ਪੈਨਸ਼ਨ ਦੇ ਚੈਕ ਲਾਭਪਾਤਰੀਆਂ ਨੂੰ ਸੌਂਪਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਕੀਤਾ ਇਕ ਹੋਰ ਵਾਅਦਾ ਨਿਭਾਉਂਦਿਆਂ ਪੈਨਸ਼ਨ ਦੀ ਰਕਮ 1500 ਰੁਪਏ ਕਰ ਦਿੱਤੀ ਹੈ ਜੋ ਕਿ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਵੱਡੀ ਸਹਾਇਤਾ ਹੈ।ਇਸ ਮੌਕੇ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ 2017 ਵਿਚ ਸੱਤਾ ਸੰਭਾਲਣ ਉਪਰੰਤ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਰਾਜ ਸਰਕਾਰ ਨੇ ਸਮਾਜਿਕ ਸੁਰੱਖਿਆ ਪੈਨਸ਼ਨ 500 ਰੁਪਏ ਤੋਂ ਵਧਾ ਕੇ 750 ਰੁਪਏ ਪ੍ਰਤੀ ਮਹੀਨਾ ਕੀਤੀ ਸੀ ਜਿਹੜੀ ਕਿ ਹੁਣ 1500 ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਸਿਕ ਵਿੱਤੀ ਮਦਦ ਨਾਲ ਸੂਬੇ ਵਿਚ 27 ਲੱਖ ਲਾਭਪਾਤਰੀਆਂ, ਜਿਨ੍ਹਾਂ ਵਿਚ ਬਜ਼ੁਰਗ, ਵਿਧਵਾਵਾਂ, ਬੇਸਹਾਰਾ ਬੱਚਿਆਂ ਅਤੇ ਦਿਵਆਂਗ ਲਾਭਪਾਤਰੀ ਸ਼ਾਮਲ ਹਨ, ਨੂੰ ਪੰਜਾਬ ਸਰਕਾਰ ਵਲੋਂ ਹਰ ਮਹੀਨੇ ਸਰਕਾਰੀ ਖ਼ਜਾਨੇ ਵਿਚੋਂ ਸਲਾਨਾ 4800 ਕਰੋੜ ਰੁਪਏ ਸਮਾਜਿਕ ਸੁਰੱਖਿਆ ਪੈਨਸ਼ਨਾਂ ਲਈ ਖਰਚ ਹੋਣਗੇ।

 ਉਨ੍ਹਾਂ ਕਿਹਾ ਕਿ 500 ਰੁਪਏ ਤੋਂ ਵਧਾ ਕੇ ਪੈਨਸ਼ਨ ਦੀ ਰਕਮ ਤਿੰਨ ਗੁਣਾ ਕਰਨਾ ਰਾਜ ਸਰਕਾਰ ਦਾ ਲੋੜਵੰਦ ਅਤੇ ਗਰੀਬਾਂ ਦੀ ਭਲਾਈ ਦੇ ਖੇਤਰ ਵਿਚ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਲੱਖਾਂ ਪਰਿਵਾਰਾਂ ਨੂੰ ਆਰਥਿਕ ਮਦਦ ਮੁਹੱਈਆ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਆਸ਼ੀਰਵਾਦ ਸਕੀਮ ਤਹਿਤ ਲੜਕੀਆਂ ਦੀ ਸ਼ਾਦੀ ਸਮੇਂ ਦਿੱਤੀ ਜਾਣ ਵਾਲੀ ਵਿੱਤੀ ਮਦਦ ਨੂੰ 21 ਹਜ਼ਾਰ ਰੁਪੲ ਤੋਂ ਵਧਾ ਕੇ 51 ਹਜ਼ਾਰ ਰੁਪਏ ਕਰ ਦਿੱਤਾ ਹੈ ਜੋ ਕਿ ਆਪਣੇ-ਆਪ ’ਚ ਇਕ ਇਤਿਹਾਸਕ ਅਤੇ ਵੱਡਾ ਕਦਮ ਹੈ ਜਿਸ ਨਾਲ ਲਾਭਪਾਤਰੀਆਂ ਨੂੰ ਇਹ ਵਿੱਤੀ ਸਹਾਇਕ 1 ਜੁਲਾਈ 2021 ਤੋਂ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਆਸ਼ੀਰਵਾਦ ਸਕੀਮ ਵਿਚ ਦੂਜਾ ਵਾਧਾ ਕੀਤਾ ਗਿਆ ਹੈ ਕਿਉਂਕਿ ਪਹਿਲਾਂ ਇਹ ਰਕਮ 15 ਹਜ਼ਾਰ ਰੁਪਏ ਸੀ ਜਿਸ ਨੂੰ 2017 ਵਿਚ ਸਤਾ ਸੰਭਾਲਣ ਉਪਰੰਤ 21 ਹਜ਼ਾਰ ਰੁਪਏ ਕੀਤਾ ਗਿਆ ਸੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਬਸੀ ਕਲਾਂ ਦੇ ਸਰਪੰਚ ਵਿਦਿਆ ਦੇਵੀ ਤੇ ਪੰਚਾਇਤ ਮੈਂਬਰ, ਪਿੰਡ ਕੋਟ ਫਤੂਹੀ ਦੇ ਸਰਪੰਚ ਗੁਰਮੇਲ ਸਿੰਘ, ਪਿੰਡ ਬਹਿਬਲਪੁਰ ਦੇ ਸਰਪੰਚ ਸੁਰਜੀਤ ਸਿੰਘ, ਪਿੰਡ ਸੈਦੋਪੱਟੀ ਦੇ ਸਰਪੰਚ ਰਾਮ ਕਿਸ਼ਨ, ਚੱਬੇਵਾਲ ਤੋਂ ਸ਼ਿਵ ਰੰਜਨ ਰੋਮੀ ਤੋਂ ਇਲਾਵਾ ਸੀ.ਡੀ.ਪੀ.ਓ. ਰਣਜੀਤ ਕੌਰ, ਸੁਪਰਵਾਈਜ਼ਰ ਅਰਸ਼ਦੀਪ ਕੌਰ, ਰਾਜ ਰਾਣੀ ਆਦਿ ਮੌਜੂਦ ਸਨ।