5 Dariya News

ਐਲਪੀਯੂ ਨੇ ਓਲੰਪਿਕ ਮੈਡਲ ਜਿੱਤਣ ਵਾਲੇ ਆਪਣੇ ਨੀਰਜ ਚੋਪੜਾ ਸਮੇਤ 13 ਵਿਦਿਆਰਥੀਆਂ ਨੂੰ 1.75 ਕਰੋੜ ਰੁਪਏ ਦੇ ਇਨਾਮਾਂ ਨਾਲ ਕੀਤਾ ਸਨਮਾਨਿਤ

ਮਨਪ੍ਰੀਤ ਸਿੰਘ ਨੇ ਹਾਕੀ ਟੀਮ ਦੇ 9 ਹੋਰ ਮੈਂਬਰਾਂ ਦੇ ਨਾਲ 85 ਲੱਖ ਰੁਪਏ ਪ੍ਰਾਪਤ ਕੀਤੇ

5 Dariya News

ਜਲੰਧਰ 31-Aug-2021

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਨੇ ਅੱਜ ਟੋਕੀਓ ਓਲੰਪਿਕ 2020 ਵਿੱਚ ਭਾਰਤ ਦਾ ਮਾਣ ਵਧਾਉਣ ਲਈ ਨੀਰਜ ਚੋਪੜਾ ਅਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਦਸ ਮੈਂਬਰਾਂ ਸਮੇਤ ਆਪਣੇ 13 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਟੋਕੀਓ ਓਲੰਪਿਕ 2020 ਵਿੱਚ ਭਾਰਤ ਲਈ ਇਕਲੌਤਾ ਗੋਲਡ ਜਿੱਤਣ ਲਈ ਨੀਰਜ ਨੂੰ 50 ਲੱਖ ਰੁਪਏ ਅਤੇ 'ਗੋਲਡ ਜੈਵਲਿਨ' ਅਤੇ ਮਨਪ੍ਰੀਤ ਸਿੰਘ ਅਤੇ ਹਾਕੀ ਟੀਮ ਦੇ 9 ਹੋਰ ਮੈਂਬਰਾਂ ਨੂੰ 85 ਲੱਖ ਰੁਪਏ ਮਿਲੇ। ਨੀਤੀ ਆਯੋਗ ਦੇ ਸੀਈਓ ਸ਼੍ਰੀ ਅਮਿਤਾਭ ਕਾਂਤ ਦੇ ਨਾਲ ਮੁੱਖ ਮਹਿਮਾਨ ਦੇ ਰੂਪ ਵਿੱਚ ਐਲਪੀਯੂ ਨੇ ਅੱਜ ਆਪਣੇ ਓਲੰਪਿਕ ਚੈਂਪੀਅਨਸ ਨੂੰ ਯੂਨੀਵਰਸਿਟੀ ਵਿਚ ਉਨ੍ਹਾਂ ਦੀ ਵਾਪਸੀ ਦਾ ਜਸ਼ਨ ਮਨਾਉਣ ਲਈ  ਕੈਂਪਸ ਵਿੱਚ ਸ਼ਾਨਦਾਰ  'ਸਨਮਾਨ ਸਮਾਰੋਹ' ਆਯੋਜਿਤ ਕੀਤਾ ਸੀ ।ਯੂਨੀਵਰਸਿਟੀ ਨੇ ਕਾਂਸੀ ਦਾ ਮੈਡਲ  ਜੇਤੂ ਬਜਰੰਗ ਪੁਨੀਆ ਲਈ 10 ਲੱਖ ਰੁਪਏ ਦਾ ਇਨਾਮ ਅਤੇ ਪੈਰਾਲੰਪਿਕਸ ਹਾਈ ਜੰਪ ਸਿਲਵਰ ਮੈਡਲ ਜੇਤੂ ਨਿਸ਼ਾਦ ਕੁਮਾਰ ਨੂੰ 25 ਲੱਖ ਰੁਪਏ ਦੇ ਇਨਾਮ ਦਾ ਵੀ ਐਲਾਨ ਕੀਤਾ। ਇਹ ਦੋਵੇਂ ਵੀ ਯੂਨੀਵਰਸਿਟੀ ਦੇ ਹੀ ਵਿਦਿਆਰਥੀ ਹਨ|ਨੀਰਜ ਦੇ ਗੋਲਡ ਮੈਡਲ ਜੇਤੂ ਥ੍ਰੋ ਦੀ ਯਾਦ ਵਿੱਚ ਯੂਨੀਵਰਸਿਟੀ ਨੇ 87.58 ਮੀਟਰ ਦੇ ਵਿਸ਼ੇਸ਼ ਨੀਰਜ ਚੋਪੜਾ ਮਾਰਗ ਦਾ ਵੀ ਉਦਘਾਟਨ ਕੀਤਾ, ਜੋ ਕਿ ਐਲਪੀਯੂ ਦੇ ਵਿਸ਼ਾਲ ਖੇਡ ਕੰਪਲੈਕਸ ਵੱਲ ਜਾਣ ਵਾਲਾ ਮਾਰਗ ਹੈ ਜੋ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚਾ ਪੇਸ਼ ਕਰਦਾ ਹੈ। ਸੜਕ ਦੀ ਦੂਰੀ ਨੀਰਜ ਦੇ ਜੇਤੂ ਓਲੰਪਿਕ ਜੇਵਲਿਨ ਦੇ  ਸੁੱਟਣ ਦੀ ਦੂਰੀ ਦੇ ਬਰਾਬਰ ਹੈ | ਯੂਨੀਵਰਸਿਟੀ ਨੇ ਇਸ ਸਾਲ ਟੋਕੀਓ ਓਲੰਪਿਕ 2020 ਵਿੱਚ ਕੁਸ਼ਤੀ, ਹਾਕੀ, ਅਥਲੈਟਿਕਸ (ਜੈਵਲਿਨ ਥ੍ਰੋ ਅਤੇ ਸਪ੍ਰਿੰਟਿੰਗ) ਅਤੇ ਪੈਰਾਲਿੰਪਿਕਸ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਦੇ ਹੋਏ 14 ਵਿਦਿਆਰਥੀਆਂ ਦੇ ਨਾਲ ਇੱਕ ਅਨੋਖਾ ਰਿਕਾਰਡ ਬਣਾਇਆ ਹੈ। ਇਨ੍ਹਾਂ 14 ਵਿੱਚੋਂ 13 ਨੇ ਓਲੰਪਿਕ ਮੈਡਲ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ।ਨੀਤੀ ਆਯੋਗ ਦੇ ਸੀਈਓ, ਸ਼੍ਰੀ ਅਮਿਤਾਭ ਕਾਂਤ ਨੇ ਕਿਹਾ, “ਮੈਂ ਇਸ ਪਲ ਨੂੰ ਭਾਰਤ ਦੇ ਓਲੰਪਿਕ ਚੈਂਪੀਅਨਸ ਅਤੇ ਉਨ੍ਹਾਂ ਦੇ  ਐਲਪੀਯੂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਇਹ  ਲੱਖਾਂ ਭਾਰਤੀਆਂ ਲਈ ਖੁਸ਼ੀ ਅਤੇ ਉਮੀਦ ਲਿਆਏ ਹਨ| ਯੂਨੀਵਰਸਿਟੀ ਵੱਲੋਂ ਖੇਡਾਂ ਲਈ ਕੀਤੇ  ਯਤਨਾਂ ਨੂੰ ਵੇਖਣਾ ਸ਼ਲਾਘਾਯੋਗ ਹੈ। ” 

ਉਨ੍ਹਾਂ ਅੱਗੇ ਕਿਹਾ, “ਕਿਸੇ ਵਿਅਕਤੀ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਬਹੁਤ ਮਹੱਤਵਪੂਰਨ ਹੁੰਦੀਆਂ ਹਨ। ਜਿਹੜੇ ਵਿਦਿਆਰਥੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹਨ ਉਹ ਉਨ੍ਹਾਂ ਦੀ ਤੁਲਨਾ ਵਿੱਚ ਜੀਵਨ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹਨ ਜੋ ਸਿਰਫ ਪੜ੍ਹਾਈ ਤੇ ਧਿਆਨ ਕੇਂਦ੍ਰਤ ਕਰਦੇ ਹਨ | ਮੇਰੀ ਇੱਛਾ ਹੈ ਕਿ ਮੇਰੇ ਬੱਚੇ ਖਿਡਾਰੀ ਬਣਨ ਨਾ ਕਿ ਆਈਏਐਸ ਅਧਿਕਾਰੀ। ਜਦੋਂ ਅਸੀਂ ਸਾਰੇ ਇਸ ਤਰ੍ਹਾਂ ਸੋਚਣਾ ਸ਼ੁਰੂ ਕਰਾਂਗੇ ਤਾਂ ਅਸੀਂ ਭਾਰਤ ਲਈ ਬਹੁਤ ਜ਼ਿਆਦਾ ਮੈਡਲ  ਲਿਆਉਣ ਦੇ ਯੋਗ ਹੋਵਾਂਗੇ। ”ਨੀਰਜ ਚੋਪੜਾ ਨੇ ਕਿਹਾ, “ਓਲੰਪਿਕਸ ਵਿੱਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਆਪਣੀ ਯੂਨੀਵਰਸਿਟੀ 'ਚ ਵਾਪਸ ਆਉਣਾ ਮਾਣ ਵਾਲੀ ਗੱਲ ਹੈ। ਐਲਪੀਯੂ ਅਤੇ ਮੇਰੀ ਫੈਕਲਟੀ ਨੇ ਭਾਰਤ ਲਈ ਓਲੰਪਿਕ ਗੋਲਡ ਜਿੱਤਣ ਦੇ ਮੇਰੇ ਸੁਪਨੇ ਨੂੰ ਪੂਰਾ ਕਰਨ ਵਿੱਚ ਹਰ ਸੰਭਵ ਸਹਾਇਤਾ ਕੀਤੀ ਹੈ। ਮੈਨੂੰ ਭਰੋਸਾ ਹੈ ਕਿ ਯੂਨੀਵਰਸਿਟੀ ਬਹੁਤ ਸਾਰੇ ਉੱਚ ਪੱਧਰੀ ਖਿਡਾਰੀ ਪੈਦਾ ਕਰੇਗੀ ਜੋ ਭਵਿੱਖ ਵਿੱਚ ਭਾਰਤ ਲਈ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਣਗੇ।"ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ, ਸ਼੍ਰੀ ਅਸ਼ੋਕ ਮਿੱਤਲ ਨੇ ਕਿਹਾ, “ਸਾਨੂੰ ਨੀਰਜ, ਪੁਰਸ਼ ਹਾਕੀ ਟੀਮ ਦੇ ਮੈਂਬਰਾਂ ਅਤੇ ਬਜਰੰਗ ਸਮੇਤ ਟੋਕਯੋ ਓਲੰਪਿਕ 2020 ਵਿੱਚ ਮੈਡਲ  ਜਿੱਤਣ ਵਾਲੇ ਸਾਡੇ ਤੇਰ੍ਹਾਂ ਵਿਦਿਆਰਥੀਆਂ ਦੇ ਹੋਣ ਤੇ ਸ਼ਬਦਾਂ ਤੋਂ ਵੀ ਵੱਧ ਮਾਣ ਹੈ। ਉਨ੍ਹਾਂ ਨੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਦੇਸ਼  ਭਰ ਦੇ ਲੱਖਾਂ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਵਿੱਚ ਵਿਸ਼ਵਾਸ ਕਰਨ ਅਤੇ ਭਵਿੱਖ ਵਿੱਚ ਭਾਰਤ ਲਈ ਹੋਰ ਮੈਡਲ ਜਿੱਤਣ ਲਈ ਪ੍ਰੇਰਿਤ ਕਰਨਗੇ | ਸਾਡੇ ਲਈ ਉਨ੍ਹਾਂ ਦੇ ਅਲਮਾ ਮੈਟਰ ਵਿੱਚ ਉਨ੍ਹਾਂ ਦਾ ਸਵਾਗਤ ਕਰਨਾ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣਾ ਸਾਡੇ ਲਈ ਬਹੁਤ ਖੁਸ਼ੀ ਦਾ ਪਲ ਹੈ | ਐਲਪੀਯੂ ਪਿਛਲੇ ਕੁਝ ਸਾਲਾਂ ਤੋਂ ਦੇਸ਼ ਵਿੱਚ ਖੇਡ ਪ੍ਰਤਿਭਾ ਨੂੰ ਉਤਸ਼ਾਹਤ ਕਰਨ ਲਈ ਵਿਆਪਕ ਯਤਨ ਕਰ ਰਿਹਾ ਹੈ, ਜਿਸਦੇ ਸਿੱਟੇ ਵਜੋਂ ਸਾਡੇ ਕਈ ਵਿਦਿਆਰਥੀਆਂ ਨੇ ਸਾਲਾਂ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਕੀ ਮੈਡਲ ਜਿੱਤੇ ਹਨ।”ਸਮਾਰੋਹ ਵਿੱਚ ਦਿਲਚਸਪ ਪਲਾਂ ਨੂੰ ਵੀ ਦੇਖਿਆ ਗਿਆ ਜਿੱਥੇ ਭਾਰਤੀ ਹਾਕੀ ਟੀਮ ਦੇ ਮੈਂਬਰਾਂ ਨੇ ਨੀਰਜ ਚੋਪੜਾ ਦੇ ਨਾਲ ਇੱਕ ਛੋਟਾ ਯਾਦਗਾਰੀ ਹਾਕੀ ਮੈਚ ਖੇਡਿਆ | ਮੈਚ ਤੋਂ ਬਾਅਦ, ਨੀਰਜ ਨੇ ਭਾਰਤੀ ਹਾਕੀ ਟੀਮ ਦੇ ਮੈਂਬਰਾਂ ਨੂੰ ਜੈਵਲਿਨ ਸੁੱਟਣ ਦੀ ਤਕਨੀਕ ਦਾ ਪ੍ਰਦਰਸ਼ਨ ਵੀ ਕੀਤਾ | ਨੀਰਜ ਨੇ ਇੱਕ ਜੈਵਲਿਨ ਉੱਤੇ ਦਸਤਖਤ ਵੀ ਕੀਤੇ ਅਤੇ ਇਸਨੂੰ ਐਲਪੀਯੂ ਨੂੰ ਯਾਦਗਾਰ ਵਜੋਂ ਪੇਸ਼ ਕੀਤਾ| ਭਾਰਤੀ ਹਾਕੀ ਟੀਮ ਦੇ ਮੈਂਬਰਾਂ ਨੇ ਵੀ ਯੂਨੀਵਰਸਿਟੀ ਨੂੰ ਆਪਣੇ ਦਸਤਖਤਾਂ ਦੇ ਨਾਲ ਇੱਕ ਹਾਕੀ ਸਟਿੱਕ ਭੇਟ ਕੀਤੀ। ਐਲਪੀਯੂ ਦੇ ਵਿਦਿਆਰਥੀ ਹਾਕੀ ਟੀਮ ਦੇ ਮੈਂਬਰਾਂ ਵਿੱਚ ਕੈਪਟਨ ਮਨਪ੍ਰੀਤ ਸਿੰਘ (ਐਮਬੀਏ), ਰੁਪਿੰਦਰਪਾਲ ਸਿੰਘ (ਐਮਬੀਏ), ਹਰਮਨਪ੍ਰੀਤ ਸਿੰਘ (ਐਮਬੀਏ), ਮਨਦੀਪ ਸਿੰਘ (ਬੀਏ), ਸ਼ਮਸ਼ੇਰ ਸਿੰਘ (ਐਮਬੀਏ), ਦਿਲਪ੍ਰੀਤ ਸਿੰਘ (ਬੀਏ), ਵਰੁਣ ਕੁਮਾਰ (ਐਮਬੀਏ), ਗੁਰਜੰਟ ਸਿੰਘ (ਐਮਏ. ਇਤਿਹਾਸ), ਹਾਰਦਿਕ ਸਿੰਘ (ਐਮਏ) ਅਤੇ ਸਿਮਰਨਜੀਤ ਸਿੰਘ (ਐਮਬੀਏ) ਸ਼ਾਮਲ ਹਨ|