ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਵਾਸੀਆ ਨੂੰ ਵਣ ਮਹਾਂਉਤਸਵ ਅਤੇ ਆਜਾਦੀ ਦਾ ਅਮ੍ਰਿੰਤ ਮਹਾਉਤਸਵ ਤਹਿਤ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ
ਨੈਸ਼ਨਲ ਹਾਈਵੇ ਗਰੀਨ ਮਿਸ਼ਨ ਤਹਿਤ ਰਾਸ਼ਟਰੀ ਮਾਰਗ ਤੇ ਪੌਦੇ ਲਗਾਏ
5 Dariya News
ਫਰੀਦਕੋਟ 24-Aug-2021
ਅੱਜ 71ਵੇਂ ਰਾਜ ਪੱਧਰੀ ਵਣ ਮਹਾਂਉਤਸਵ ਅਤੇ ਆਜਾਦੀ ਦੀ 74ਵੀ ਵਰੇਗੰਢ ਨੂੰ ਸਮਰਪਿਤ ਆਜਾਦੀ ਦਾ ਅਮ੍ਰਿੰਤ ਮਹਾਉਤਸਵ ਦੇ ਸਬੰਧ ਵਿੱਚ ਫਰੀਦਕੋਟ ਜਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਅਤੇ ਜਿਲ੍ਹੇ ਵਿੱਚ ਜੰਗਲਾਤ ਹੇਠ ਰਕਬਾ ਵਧਾਉਣ ਦੇ ਮਕਸਦ ਨਾਲ ਰਾਸ਼ਟਰੀ ਰਾਜ ਮਾਰਗ ਪਠਾਨਕੋਟ-ਅਬੋਹਰ ਤੇ ਪਿੰਡ ਚੰਦਬਾਜਾ (ਫਰੀਦਕੋਟ) ਨਜ਼ਦੀਕ ਪੌਦੇ ਲਗਾਉਣ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ਼੍ਰੀ ਵਿਮਲ ਕੁਮਾਰ ਸੇਤੀਆ ਵੱਲੋਂ ਕੀਤੀ ਗਈ। ਇਸ ਮੌਕੇ ਜਗਲਾਤ ਵਿਭਾਗ ਤੇ ਅਧਿਕਾਰੀ, ਐਨ.ਜੀ.ਓ. ਦੇ ਅਹੁਦੇਦਾਰ ਤੇ ਮੈਂਬਰਾਂ ਸਮੇਤ ਆਮ ਲੋਕ ਵੀ ਹਾਜ਼ਰ ਸਨ।ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਲੇ ਦੁਆਲੇ, ਆਪਣੇ ਘਰ ਅਤੇ ਆਪਣੇ ਜਿਲ੍ਹੇ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਜੋ ਆਕਸੀਜਨ ਦੀ ਕੋਈ ਕਮੀ ਨਾ ਰਹੇ ਅਤੇ ਵਾਤਾਵਰਨ ਸੰਤੁਲਿਤ ਬਣਿਆ ਰਹੇ। ਉਨ੍ਹਾਂ ਕਿਹਾ ਕਿ ਰੁੱਖ ਅਤੇ ਮਨੁੱਖ ਦੀ ਜਨਮ ਤੋਂ ਲੈ ਕੇ ਉਸ ਤੇ ਆਖਰੀ ਸਮੇਂ ਤੱਕ ਰੁੱਖਾ ਨਾਲ ਸਾਂਝ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਵਣ ਵਿਭਾਗ ਫਰੀਦਕੋਟ ਵੱਲੋਂ ਜਿਲ੍ਹੇ ਨੂੰ ਹਰਾ ਭਰਾ ਬਣਾਉਣ ਲਈ ਪੌਦੇ ਤਿਆਰ ਕਰਨ ਲਈ ਚਾਰ ਨਰਸਰੀਆਂ ਬਣਾਈਆਂ ਗਈਆਂ ਹਨ, ਜਿਹੜੀਆਂ ਕਿ ਰਾਜਸਥਾਨ ਫੀਡਰ ਨਹਿਰ ਫਰੀਦਕੋਟ, ਬਾਬਾ ਫਰੀਦ ਨਰਸਰੀ ਨੇੜੇ ਮੌੜ ਫਾਰਮ, ਢਿਲਵਾ ਕਲਾ ਅਤੇ ਬੀੜ ਘੁਗਿਆਣਾ ਨਰਸਰੀ ਵਿਖੇ ਚੱਲ ਰਹੀਆਂ ਹਨ ਜਿਨ੍ਹਾਂ ਵਿਚ 5 ਲੱਖ 50 ਹਜ਼ਾਰ ਪੌਦੇ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਲ 2021-22 ਵਿਚ ਮਹਿਕਮੇ ਵੱਲੋਂ ਆਪਣੀਆਂ ਸਟ੍ਰਿਪਾਂ ਜਿਵੇ ਕਿ ਨਹਿਰਾਂ ਸੜਕਾਂ ਅਤੇ ਡਰੇਨਾਂ ਦੇ ਕੰਪਨਸੈਟਰੀ-ਅਫਾਰਸਟੇਸ਼ਨ ਅਤੇ ਪਨਕੈਪਾਂ ਸਕੀਮ ਤਹਿਤ 81 ਹਜ਼ਾਰ ਪੌਦੇ ਲਗਾਏ ਹਨ ਅਤੇ ਸਕੂਲਾਂ ਅਤੇ ਸਾਂਝੀਆਂ ਥਾਵਾਂ ਉੱਪਰ 32,520 ਪੌਦੇ ਲਗਾਏ ਹਨ।
ਮਨਰੇਗਾ ਸਕੀਮ ਤਹਿਤ ਲਿੰਗ ਸੜਕਾਂ ਤੇ 30 ਹਜ਼ਾਰ ਪੌਦੇ ਲਗਾਏ ਗਏ ਹਨ ਅਤੇ ਘਰ ਘਰ ਹਰਿਆਲੀ ਤਹਿਤ 90 ਹਜ਼ਾਰ ਪੌਦੇ ਸਪਲਾਈ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਿਸਾਨਾਂ ਨੂੰ ਸਬ ਮਿਸ਼ਨ-ਆਨ ਐਗਰੋਫਾਰਸੈਟਰੀ ਸਕੀਮ ਤਹਿਤ 60 ਹਜ਼ਾਰ ਪੌਦੇ ਸਪਲਾਈ ਕੀਤੇ ਜਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਫਰੀਦਕੋਟ ਜਿਲ੍ਹੇ ਨੂੰ ਹੋਰ ਹਰਿਆ ਭਰਿਆ ਬਣਾਉਣ ਲਈ ਜਿੱਥੇ ਜੰਗਲਾਤ ਵਿਭਾਗ ਵੱਲੋਂ ਵੱਡੀ ਪੱਧਰ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਅਤੇ ਹੋਰ ਸੰਸਥਾਵਾਂ ਨੂੰ ਮੁਫਤ ਪੌਦੇ ਵੰਡੇ ਜਾ ਰਹੇ ਹਨ, ਉੱਥੇ ਹੀ ਫਰੀਦਕੋਟ ਜਿਲ੍ਹੇ ਦੀਆਂ ਵੱਖ ਵੱਖ ਸਵੈ ਸੇਵੀ ਤੇ ਵਾਤਾਵਰਨ ਨੂੰ ਬਚਾਉਣ ਅਤੇ ਹਰਿਆ ਭਰਿਆ ਕਰਨ ਵਾਲੀਆਂ ਸੰਸਥਾਵਾਂ ਵੀ ਇਸ ਕੰਮ ਵਿਚ ਵਧ ਚੜ੍ਹ ਕੇ ਯੋਗਦਾਨ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜ ਮਾਰਗ ਤੇ ਨੈਸ਼ਨਲ ਹਾਈਵੇ ਗਰੀਨ ਮਿਸ਼ਨ ਤਹਿਤ 216 ਤੋਂ 266 ਤੱਕ ਫਰੀਦਕੋਟ ਜਿਲ੍ਹੇ ਦੇ ਏਰੀਏ ਵਿੱਚ 39 ਹਜ਼ਾਰ ਦੇ ਕਰੀਬ ਪੌਦੇ ਲਗਾ ਕੇ ਇਸ ਨੂੰ ਹਰਿਆ ਭਰਿਆ ਬਣਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਅੱਜ ਸਮੁੱਚੇ ਜਿਲ੍ਹੇ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਜਾਗਰੂਕ ਕਰਨ ਲਈ ਵਣ ਮਹਾਂਉਤਸਵ ਮਨਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਜਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਸਰਕਾਰ ਦੀਆਂ ਜੰਗਲਾਤ ਨੂੰ ਉਤਸ਼ਾਹਤ ਕਰਨ ਲਈ ਵੱਖ ਵੱਖ ਸਕੀਮਾਂ ਦਾ ਲਾਭ ਵੀ ਉਠਾਉਣ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਿੰਡਾਂ ਦੀਆਂ ਕਲੱਬਾਂ, ਪੰਚਾਇਤਾਂ ਨੂੰ ਬੂਟੇ ਵੰਡਣ ਵਾਲੀ ਵੈਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।ਇਸ ਮੌਕੇ ਸ੍ਰੀ ਤੇਜਿੰਦਰ ਸਿੰਘ ਜੰਗਲਾਤ ਅਫਸਰ, ਸ੍ਰੀ ਬੋਹੜ ਸਿੰਘ, ਸ੍ਰੀ ਸ਼ੀਤਲ ਸਿੰਘ, ਸ੍ਰੀ ਗੁਰਪ੍ਰੀਤ ਸਿੰਘ ਚੰਦਬਾਜਾ, ਸ੍ਰੀ ਮੱਘਰ ਸਿੰਘ ਫਰੀਦਕੋਟ, ਸ੍ਰੀ ਸਿਮਰਨਜੀਤ ਸਿੰਘ ਢਿੱਲੋਂ, ਸ੍ਰੀ ਸੰਦੀਪ ਸਿੰਘ, ਸ੍ਰੀ ਗੁਰਕਿਰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।