5 Dariya News

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੋਜ਼ਗਾਰ ਬਿਊਰੋ ’ਚ ਬੂਟੇ ਲਗਾ ਕੇ ਜ਼ਿਲ੍ਹਾ ਪੱਧਰੀ 71ਵਾਂ ਵਣ ਮਹਾਂਉਤਸਵ ਮਨਾਇਆ

ਬਿਊਰੋ ’ਚ ਲੱਗੇ ਰੋਜ਼ਗਾਰ ਮੇਲੇ ’ਚ ਆਏ ਪ੍ਰਾਰਥੀਆਂ ਨੂੰ ਵੰਡੇ ਗਏ ਮੁਫ਼ਤ ਬੂਟੇ

5 Dariya News

ਹੁਸ਼ਿਆਰਪੁਰ 24-Aug-2021

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਜ਼ਿਲ੍ਹਾ ਪੱਧਰੀ 71ਵੇਂ ਵਣ ਮਹਾਂਉਤਸਵ ਦੌਰਾਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਸਰਕਾਰੀ ਆਈ.ਟੀ.ਆਈ. ਜਲੰਧਰ ਰੋਡ, ਹੁਸ਼ਿਆਰਪੁਰ ਵਿਚ ਬੂਟੇ ਲਗਾ ਕੇ ਵਣ ਮਹਾਂਉਤਸਵ-2021 ਮਨਾਇਆ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਕਮਿਸ਼ਨਰ ਨਗਰ ਨਿਗਮ ਆਸ਼ਿਕਾ ਜੈਨ, ਵਣ ਮੰਡਲ ਅਫ਼ਸਰ ਅਮਨੀਤ ਸਿੰਘ ਤੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ ਨੇ ਵੀ ਬੂਟਾ ਲਗਾਇਆ। ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਮੁਫ਼ਤ ਬੂਟੇ ਵੀ ਵੰਡੇ ਅਤੇ ਇਥੇ ਸਵੈ ਸਹਾਇਤਾ ਗਰੁੱਪ ਵਲੋਂ ਲਗਾਈ ਗਈ ਪ੍ਰਦਰਸ਼ਨੀ ਨੂੰ ਵੀ ਦੇਖਿਆ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਸ਼ਹਿਰ ਵਿਚ ਵਣ ਵਿਭਾਗ ਅਤੇ ਨਗਰ ਨਿਗਮ ਦੇ ਸਹਿਯੋਗ ਨਾਲ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਵਿਸ਼ੇਸ਼ ਦਿਨ ਅਸੀਂ ਲੋਕਾਂ ਤੱਕ ਸੰਦੇਸ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਹਰਿਆਲੀ ਲਈ ਬੂਟੇ ਲਗਾਉਣਾ ਕਿੰਨਾ ਜ਼ਰੂਰੀ ਹੈ ਕਿਉਂਕਿ ਸਾਡਾ ਵਾਤਾਵਰਣ ਸਾਫ਼-ਸੁਥਰਾ ਰੱਖਣ ਲਈ ਦਰੱਖਤਾਂ ਦਾ ਵਿਸ਼ੇਸ਼ ਮਹੱਤਵ ਹੈ। 

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘੱਟ ਤੋਂ ਘੱਟ ਇਕ ਬੂਟਾ ਜ਼ਰੂਰ ਲਗਾਉਣ ਅਤੇ ਬੂਟਾ ਲਗਾਉਣ ਤੋਂ ਬਾਅਦ ਉਸ ਦੀ ਦੇਖਰੇਖ ਨੂੰ ਵੀ ਯਕੀਨੀ ਬਨਾਉਣ। ਉਨ੍ਹਾਂ ਲੋਕਾਂ ਨੂੰ ਆਪਣੇ ਖਾਸ ਮੌਕਿਆਂ ’ਤੇ ਵੀ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ।ਉਧਰ ਵਣ ਮੰਡਲ ਅਫ਼ਸਰ ਅਮਨੀਤ ਸਿੰਘ ਨੇ ਦੱਸਿਆ ਕਿ ਇਸ ਸਾਲ ਵਣ ਮੰਡਲ ਹੁਸ਼ਿਆਰਪੁਰ ਡਵੀਜਨ ਤਹਿਤ ਆਉਂਦੇ ਵੱਖ-ਵੱਖ ਜੰਗਲਾਂ ਅਤੇ ਪਿੰਡਾਂ ਵਿਚ 3,50,000 ਦੇ ਕਰੀਬ ਬੂਟੇ ਲਗਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਘਰ-ਘਰ ਹਰਿਆਲੀ ਆਈ ਐਪ ਰਾਹੀਂ ਵੱਖ-ਵੱਖ ਸੰਸਥਾਵਾਂ ਅਤੇ ਜਨਤਾ ਨੂੰ 55 ਹਜ਼ਾਰ ਬੂਟੇ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਮੈਫ ਤਹਿਤ 40,000 ਬੂਟੇ ਕਿਸਾਨਾਂ ਨੂੰ ਦਿੱਤੇ ਜਾ ਚੁੱਕੇ ਹਨ ਅਤੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਸਰਕਾਰ ਦੀ ਨੀਤੀ ਅਨੁਸਾਰ ਰਜਿਸਟਰਡ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਦਿਨ ਵੱਖ-ਵੱਖ ਥਾਵਾਂ ’ਤੇ 16 ਹਜ਼ਾਰ ਬੂਟੇ ਲਗਾਏ ਗਏ ਹਨ। ਇਸ ਮੌਕੇ ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਕੈਰੀਅਰ ਕਾਊਂਸਲਰ ਅਦਿਤਿਆ ਰਾਣਾ ਵੀ ਮੌਜੂਦ ਸਨ।