71ਵੇਂ ਵਣ ਮਹਾਂਉਤਸਵ ਮੌਕੇ ਰੂਪਨਗਰ ਜ਼ਿਲ੍ਹੇ ਵਿਚ ਇੱਕ ਲੱਖ ਬੂਟੇ ਲਾਏ ਗਏ
ਡਿਪਟੀ ਕਮਿਸ਼ਨਰ ਨੇ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਚ ਪੰਜ ਬੂਟੇ ਲਾ ਕੇ ਜ਼ਿਲ੍ਹੇ ਵਿਚ ਬੂਟੇ ਲਾਉਣ ਦੀ ਮੁਹਿੰਮ ਨੂੰ ਹੁਲਾਰਾ ਦਿੱਤਾ
5 Dariya News
ਰੂਪਨਗਰ 24-Aug-2021
ਪੰਜਾਬ ਰਾਜ ਦੇ 71ਵੇਂ ਵਣ ਮਹਾਂਉਤਸਵ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਰਹਿਨੁਮਾਈ ਹੇਠ ਰਾਜ ਪੱਧਰੀ ਵਣ ਮਹਾਂਉਤਸਵ ਮਨਾਇਆ ਗਿਆ ਜਿਸ ਦੇ ਤਹਿਤ ਸੂਬੇ ਭਰ ਵਿਚ ਬੂਟੇ ਲਾਏ ਗਏ।ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਵਲੋਂ ਮਹਾਰਾਜਾ ਰਣਜੀਤ ਸਿੰਘ ਪਾਰਕ ਰੂਪਨਗਰ ਵਿਚ ਪੰਜ ਬੂਟੇ ਲਾ ਕੇ ਜ਼ਿਲ੍ਹੇ ਵਿਚ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਵਣ ਮਹਾਂਉਤਸਵ ਮੌਕੇ ਵੱਖ ਵੱਖ ਵਿਦਿਅਕ, ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਨਾਲ ਨਾਲ ਵੱਖ ਵੱਖ ਕਲੱਬਾਂ, ਐਨ.ਜੀ.ਓਜ਼ ਗ੍ਰਾਮ ਪੰਚਾਇਤਾਂ ਅਤੇ ਸਮੂਹ ਸਰਕਾਰੀ ਅਦਾਰਿਆਂ ਦੇ ਸਹਿਯੋਗ ਨਾਲ ਜ਼ਿਲ੍ਹੇ ਭਰ ਵਿਚ ਤਕਰੀਬਨ ਇਕ ਲੱਖ ਪੌਦੇ ਲਾਏ ਗਏ ਹਨ।ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਇਸ ਹਫਤੇ ਦੇ ਅੰਦਰ ਅੰਦਰ ਜ਼ਿਲ੍ਹੇ ਭਰ ਵਿਚ ਇੱਕ ਲੱਖ ਬੂਟੇ ਹੋਰ ਲਗਾਏ ਜਾਣਗੇ।ਇਸ ਤੋਂ ਇਲਾਵਾ ਵਣ ਵਿਭਾਗ ਵਲੋਂ ਰਾਸ਼ਟਰੀ ਰਾਜ ਮਾਰਗ ਨਾਲ ਮਿਲ ਕੇ ਸੜਕਾਂ ਦੇ ਨਾਲ ਲਗਦੀਆਂ ਖਾਲੀ ਥਾਵਾਂ ‘ਤੇ ਵੀ ਬੂਟੇ ਲਾਉਣ ਦੀ ਮੁਹਿੰਮ ਜਾਰੀ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਸੀਜਨ ਦੌਰਾਨ 2.5 ਲੱਖ ਤੋਂ ਵੱਧ ਬੂਟੇ ਲਾਉਣ ਦਾ ਟੀਚਾ ਹੈ, ਜੋ ਜਲਦੀ ਪੂਰਾ ਕਰ ਲਿਆ ਜਾਵੇਗਾ।ਇਸ ਮੌਕੇ ਜ਼ਿਲ੍ਹਾ ਵਣ ਅਫਸਰ ਸ੍ਰੀ ਗੁਰਅਮਨਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਵਣ ਵਿਭਾਗ ਵਲੋਂ ਅੱਜ ਵਣ ਮਹਾਂਉਤਸਵ ਮੌਕੇ ਲਾਏ ਗਏ ਬੂਟੇ ਸਾਂਝੀਆਂ ਥਾਵਾਂ ‘ਤੇ ਲਾਏ ਗਏ ਹਨ।ਉਨ੍ਹਾਂ ਦੱਸਿਆ ਕਿ ਇਸ ਵਿਚ ਜਿਆਦਾਤਰ ਪੰਚਾਇਤੀ ਜ਼ਮੀਨਾਂ, ਸਮਸ਼ਾਨਘਾਟਾਂ, ਸਕੂਲਾਂ, ਕਾਲਜਾਂ, ਗੈਰ ਵਣ ਜ਼ਮੀਨਾਂ ਬੀ.ਬੀ.ਐਮ.ਬੀ, ਐਨ.ਐਫ.ਐਲ, ਐਨ.ਐਚ.ਏ.ਆਈ., ‘ਤੇ ਪੌਦੇ ਲਗਾਏ ਗਏ।ਇਸ ਤੋਂ ਇਲਾਵਾ ਵਣ ਵਿਭਾਗ ਦੁਆਰਾ ਵੱਖ ਵੱਖ ਸਕੀਮਾਂ ਜਿਵੇਂ ਕੈਂਪਾਂ, ਜਿਮ, ਨਰੇਗਾ, ਜੀ.ਪੀ.ਐਮ.ਸੀ.ਏ. ਅਤੇ ਘਰ ਘਰ ਹਰਿਆਲੀ ਤਹਿਤ ਵੀ ਪੌਦੇ ਲਗਾਏ ਗਏ ਹਨ।ਅੱਜ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਵਣ ਮਹਾਂਉਸਵ ਸਮਾਗਮ ਮੌਕੇ ਜ਼ਿਲ੍ਹੇ ਦੇ ਨੋਡਲ ਅਫਸਰ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਦਿਨੇਸ਼ ਵਸਿਸ਼ਟ ਦੀ ਅਗਵਾਈ ਵਿਚ ਪੰਚਾਇਤ ਵਿਭਾਗ ਵਲੋਂ ਬੂਟੇ ਲਾਏ ਗਏ।ਇਸ ਮੌਕੇ ਡੀ.ਡੀ.ਪੀ.ਓ ਸ਼੍ਰੀ ਬਲਜਿੰਦਰ ਸਿੰਘ ਗਰੇਵਾਲ ਅਤੇ ਸਬੰਧਤ ਡੀ.ਡੀ.ਪੀ.ਓ ਵਲੋਂ ਆਪਣੇ ਆਪਣੇ ਅਧੀਨ ਆਉਂਦੇ ਖੇਤਰਾਂ ਵਿਚ ਵੱਧ ਤੋਂ ਵੱਧ ਬੂਟੇ ਲਾਗਵਾਏ ਗਏ ।