5 Dariya News

ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ 01.40 ਕਰੋੜ ਦੀ ਲਾਗਤ ਵਾਲਾ ਪੀ.ਐਸ.ਏ. ਆਕਸੀਜ਼ਨ ਪਲਾਂਟ ਲੋਕਾਂ ਨੂੰ ਸਮਰਪਿਤ

ਜ਼ਿਲ੍ਹਾ ਹਸਪਤਾਲ ਵਿਖੇ ਸਥਾਪਤ ਕੀਤਾ ਗਿਆ ਹੈ ਪਲਾਂਟ

5 Dariya News

ਫ਼ਤਹਿਗੜ੍ਹ ਸਾਹਿਬ 21-Aug-2021

ਪੰਜਾਬ ਸਰਕਾਰ ਨੇ ਕਰੋਨਾ ਖ਼ਿਲਾਫ਼ ਪੂਰੀ ਡਟ ਕੇ ਜੰਗ ਲੜੀ ਹੈ ਤੇ ਕਰੋਨਾ ਦੇ ਟਾਕਰੇ ਲਈ ਵੱਡੇ ਪੱਧਰ ਉਤੇ ਸਿਹਤ ਸਹੂਲਤਾਂ ਵਿੱਚ ਵਾਧਾ ਕੀਤਾ ਹੈ ਤੇ ਲਗਾਤਾਰ ਕੀਤਾ ਜਾ ਰਿਹਾ ਹੈ। ਇਸੇ ਦੀ ਲੜੀ ਤਹਿਤ ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਕਰੀਬ 01.40 ਕਰੋੜ ਰੁਪਏ ਦੀ ਲਾਗਤ ਨਾਲ 500 ਲਿਟਰ ਪ੍ਰਤੀ ਮਿੰਟ ਸਮਰੱਥਾ ਵਾਲਾ ਪਰੈਸ਼ਰ ਸਵਿੰਗ ਐਡਜ਼ੌਰਪਸ਼ਨ (ਪੀ.ਐਸ.ਏ.) ਆਕਸੀਜ਼ਨ ਪਲਾਂਟ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ, ਜਿਹੜਾ ਕਿ ਇੱਕੋ ਵੇਲੇ ਲਗਾਤਾਰ 74 ਤੋਂ ਵੱਧ ਬੈੱਡਾਂ ਨੂੰ ਆਕਸੀਜ਼ਨ ਸਪਲਾਈ ਕਰ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਜ਼ਿਲ੍ਹਾ ਹਸਪਤਾਲ ਵਿਖੇ ਤਿਆਰ ਕੀਤੇ ਗਏ ਨਵੇਂ ਆਕਸੀਜ਼ਨ ਪਲਾਂਟ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਕੀਤਾ।ਸ. ਨਾਗਰਾ ਨੇ ਦੱਸਿਆ ਕਿ ਉਪਰੋਕਤ 74 ਬੈੱਡਾਂ ਵਿੱਚ 50 ਵਿਸ਼ੇਸ਼ ਬੈੱਡ ਜ਼ਿਲ੍ਹਾ ਹਸਪਤਾਲ ਵਿੱਚ ਸਥਾਪਤ ਕੀਤੇ ਜਾ ਰਹੇ ਹਨ ਤੇ ਇਨ੍ਹਾਂ ਸਬੰਧੀ ਸਿੱਧੀ ਆਕਸੀਜ਼ਨ ਸਪਲਾਈ ਸਬੰਧੀ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਪਾਈਪ ਲਾਈਨ ਪਾਉਣ ਦੇ ਨਾਲ ਨਾਲ ਬਾਕੀ ਸਾਜ਼ੋ ਸਮਾਨ ਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਨਾਲ ਨਾਲ ਏ.ਸੀ. ਕਨਟੇਨਰਜ਼ ਦੀ ਮਦਦ ਨਾਲ 24 ਬੈੱਡ ਮੇਕਸ਼ਿਫਟ ਆਧਾਰ ਉਤੇ ਇਸ ਪਲਾਂਟ ਨਾਲ ਆਕਸੀਜ਼ਨ ਦੀ ਸਿੱਧੀ ਸਪਲਾਈ ਨਾਲ ਜੋੜੇ ਜਾ ਸਕਦੇ ਹਨ। ਇਸ ਪਲਾਂਟ ਦੀ ਨਿਰਵਿਘਨ ਕਾਰਜਪ੍ਰਣਾਲੀ ਲਈ 125 ਹੌਰਸਪਾਵਰ ਦਾ ਜਨਰੇਟਰ ਵੀ ਲਾਇਆ ਗਿਆ ਹੈ।ਸ. ਨਾਗਰਾ ਨੇ ਦੱਸਿਆ ਕਿ 02 ਕਰੋੜ 82 ਲੱਖ ਰੁਪਏ ਨਾਲ ਜ਼ਿਲ੍ਹਾ ਹਸਪਤਾਲ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਹਸਪਤਾਲ ਵਿੱਚ ਲਿਫਟ ਲੱਗੇਗੀ, ਲੈਬੋਰਟਰੀ ਬਲਾਕ ਬਣੇਗਾ ਤੇ ਸੀ.ਟੀ. ਸਕੈਨ ਰੂਮ ਵੱਖਰਾ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਨਾਲ ਹਸਪਤਾਲ ਲਈ ਵਿਸ਼ੇਸ਼ ਟਿਊਬਵੈੱਲ ਤੇ ਪਾਣੀ ਵਾਲੀ ਟੈਂਕੀ ਵੀ ਬਣੇਗੀ। ਹਸਪਤਾਲ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਲਈ 72 ਲੱਖ ਰੁਪਏ ਦੀ ਲਾਗਤ ਨਾਲ ਟਰੀਟਮੈਂਟ ਪਲਾਂਟ ਲਾਇਆ ਗਿਆ ਹੈ।

ਸ. ਨਾਗਰਾ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਵਿਖੇ ਹੀ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਦੇ ਨਾਂ ਉਤੇ ਕਰੀਬ 11 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ 50 ਬੈੱਡਾਂ ਦਾ ਜੱਚਾ ਬੱਚਾ ਹਸਪਤਾਲ ਕਰੀਬ ਤਿਆਰ ਹੋ ਚੁੱਕਿਆ ਹੈ ਤੇ ਇਸ ਨੂੰ ਛੇਤੀ ਹੀ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ਅਧਿਕਾਰੀਆਂ ਨੂੰ ਇਸ ਹਸਪਤਾਲ ਦਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ। ਇਸ ਦੇ ਨਾਲ ਨਾਲ ਚਨਾਰਥਲ ਕਲਾਂ ਦੀ ਸਰਕਾਰੀ ਸਿਹਤ ਸੰਸਥਾ ਦੀ 50 ਲੱਖ ਰੁਪਏ ਦੀ ਲਾਗਤ ਨਾਲ ਅਤੇ ਖੇੜੇ ਵਾਲੀ ਸਿਹਤ ਸੰਸਥਾ ਦੀ ਵੀ ਕਾਇਆ ਕਲਪ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਵਿੱਚ ਸਿਹਤ ਸਹੂਲਤਾਂ ਸਬੰਧੀ ਵਿਆਪਕ ਸੁਧਾਰ ਹੋਇਆ ਹੈ ਤੇ ਹਰ ਮਹੀਨੇ 100 ਜਣੇਪੇ ਹੋ ਰਹੇ ਹਨ। ਦੋ ਅਪਰੇਸ਼ਨ ਥੀਏਟਰ ਕਾਰਜਸ਼ੀਲ ਹਨ ਤੇ ਗੋਡੇ ਬਦਲਣ ਸਮੇਤ ਪਿੱਤੇ ਆਦਿ ਦੇ ਵੱਖ ਵੱਖ ਅਪਰੇਸ਼ਨ ਵੀ ਸਫ਼ਲਤਾ ਪੂਰਵਕ ਕੀਤੇ ਜਾ ਰਹੇ ਹਨ।ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 05 ਲੱਖ ਰੁਪਏ ਦਾ ਹੈੱਲਥ ਕਾਰਡ ਦਿੱਤਾ ਹੈ ਤੇ ਇਸ ਕਾਰਡ ਤਹਿਤ ਇਲਾਜ ਅਧੀਨ 90 ਲੱਖ ਰੁਪਏ ਜ਼ਿਲ੍ਹਾ ਹਸਪਤਾਲ ਨੂੰ ਮਿਲ ਚੁੱਕੇ ਹਨ, ਕਿਉਂਕਿ ਇਸ ਯੋਜਨਾ ਅਧੀਨ ਜਿਹੜਾ ਵੀ ਹਸਪਤਾਲ ਜਿੰਨੇ ਦਾ ਵੀ ਇਲਾਜ ਕਰਦਾ ਹੈ, ਉਸ ਹਸਪਤਾਲ ਨੂੰ ਓਨੀ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਸ. ਨਾਗਰਾ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ, ਉਹ ਉਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਅ ਰਹੇ ਹਨ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਿਹਤ ਸਹੂਲਤਾਂ ਵਿੱਚ ਮਿਸਾਲੀ ਵਾਧਾ ਹੋਇਆ ਹੈ ਤੇ ਕਰੋਨਾ ਕਾਲ ਦੌਰਾਨ ਕਿਸੇ ਨੂੰ ਵੀ ਆਕਸੀਜ਼ਨ ਜਾਂ ਵੈਂਟੀਲੇਟਰ ਸਬੰਧੀ ਦਿੱਕਤ ਨਹੀਂ ਆਉਣ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 02 ਲੱਖ 73 ਹਜ਼ਾਰ 896 ਸੈਂਪਲ ਲਏ ਗਏ, ਜਿਨ੍ਹਾਂ ਵਿੱਚੋਂ 08,813 ਪੌਜ਼ੇਟਿਵ ਅਤੇ 02,64,332 ਨੈਗੇਟਿਵ ਪਾਏ ਗਏ ਤੇ 751 ਦੀ ਰਿਪੋਰਟ ਆਉਣੀ ਬਾਕੀ ਹੈ। ਜ਼ਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 09 ਹੈ ਅਤੇ 08,506 ਮਰੀਜ਼ ਠੀਕ ਹੋ ਚੁੱਕੇ ਹਨ ਤੇ 298 ਮਰੀਜ਼ਾਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਰੋਨਾ ਕੇਸ ਪਹਿਲਾਂ ਨਾਲੋਂ ਘੱਟ ਆ ਰਹੇ ਹਨ ਤੇ ਵੈਕਸੀਨੇਸ਼ਨ ਜੰਗੀ ਪੱਧਰ ਉਤੇ ਜਾਰੀ ਹੈ ਪਰ ਕਰੋਨਾ ਤੋਂ ਬਚਾਅ ਸਬੰਧੀ ਸਾਵਧਾਨੀਆਂ ਦੀ ਪਾਲਣਾ ਜ਼ਰੂਰੀ ਹੈ।ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮਪਤਨੀ ਸ਼੍ਰੀਮਤੀ ਮਨਦੀਪ ਕੌਰ ਨਾਗਰਾ, ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ, ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਸੂਦ, ਐਸ.ਡੀ.ਐਮ. ਡਾ. ਸੰਜੀਵ ਕੁਮਾਰ, ਸਿਵਲ ਸਰਜਨ ਡਾ. ਮਹਿੰਦਰ ਸਿੰਘ, ਤਹਿਸੀਲਦਾਰ ਗੁਰਜਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ, ਐਸ.ਐਮ.ਓ. ਡਾ. ਕੁਲਦੀਪ ਸਿੰਘ, ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਸਮੂਹ ਕੌਂਸਲਰ ਤੇ ਪਿੰਡਾਂ ਦੇ ਪੰਚ ਸਰਪੰਚ ਤੇ ਹੋਰ ਪਤਵੰਤੇ ਹਾਜ਼ਰ ਸਨ।