ਸਵੱਛਤਾ ਮੁਹਿੰਮ ਤਹਿਤ ਮੇਅਰ ਨੇ ਸੈਕਟਰ 78 ਵਿੱਚ ਕੂੜਾ ਚੁੱਕਣ ਦਾ ਕੰਮ ਕਰਵਾਇਆ ਆਰੰਭ
ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਅਤੇ ਵਾਤਾਵਰਨ ਨੂੰ ਬਚਾਉਣ ਸਬੰਧੀ ਹਰ ਸ਼ਹਿਰੀ ਨਿਭਾਵੇ ਜ਼ਿੰਮੇਵਾਰੀ : ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ
5 Dariya News
ਐਸ.ਏ.ਐਸ. ਨਗਰ 21-Aug-2021
''ਸਵੱਛਤਾ ਸੰਕਲਪ ਦੇਸ਼ ਕਾ ਹਰ ਰਵੀਵਾਰ ਵਿਸ਼ੇਸ਼ ਸਾ'' ਮੁਹਿੰਮ ਤਹਿਤ ਅੱਜ ਮੁਹਾਲੀ ਦੇ ਸੈਕਟਰ 78 ਦੇ ਪਾਰਕ ਵਿੱਚ ਕੂੜਾ ਚੁੱਕਣ ਦੇ ਕੰਮ ਦੀ ਅਰੰਭਤਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਰਵਾਈ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇਸ ਮੌਕੇ ਕਿਹਾ ਕਿ ਮੁਹਾਲੀ ਵਿੱਚ ਹਰੇਕ ਵਾਰਡ ਵਿਚ ਕੌਂਸਲਰਾਂ ਵੱਲੋਂ ਸਵੱਛਤਾ ਅਭਿਆਨ ਚਲਾਇਆ ਗਿਆ ਹੈ ਜਿਸ ਦੇ ਤਹਿਤ ਕੂੜਾ ਕਰਕਟ ਨੂੰ ਇਕੱਠਾ ਕਰਕੇ ਲੋਕਾਂ ਨੂੰ ਸਫਾਈ ਸਬੰਧੀ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਵੀ ਜਾਗਰੂਕ ਕੀਤਾ ਗਿਆ ਹੈ ਕਿ ਉਹ ਪਲਾਸਟਿਕ ਦੇ ਲਿਫਾਫਿਆਂ ਦਾ ਦੀ ਵਰਤੋਂ ਨਾ ਕਰਨ ਅਤੇ ਉਸ ਵਿੱਚ ਕੂੜਾ ਪਾ ਕੇ ਨਾ ਸੁੱਟਣ ਕਿਉਂਕਿ ਬੇਸਹਾਰਾ ਪਸ਼ੂ ਇਨ੍ਹਾਂ ਨੂੰ ਖਾਂਦੇ ਹਨ ਅਤੇ ਬਿਮਾਰ ਹੁੰਦੇ ਹਨ। ਨਾਲ ਹੀ ਇਨ੍ਹਾਂ ਕਾਰਨ ਸ਼ਹਿਰ ਦਾ ਸੀਵਰੇਜ ਵੀ ਜਾਮ ਹੁੰਦਾ ਹੈ ਅਤੇ ਇਹ ਸ਼ਹਿਰ ਦੀ ਸਵੱਛਤਾ ਤੇ ਸਾਫ਼ ਸਫ਼ਾਈ ਉਤੇ ਵੀ ਇਹ ਇੱਕ ਕਾਲਾ ਧੱਬਾ ਬਣ ਜਾਂਦੇ ਹਨ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਸ਼ਹਿਰ ਪੰਜਾਬ ਦਾ ਸਭ ਤੋਂ ਵਧੀਆ ਸ਼ਹਿਰ ਹੈ ਜਿੱਥੇ ਪੜ੍ਹੇ ਲਿਖੇ ਤੇ ਸੂਝਵਾਨ ਵਸਨੀਕ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਸਾਰੇ ਰਲ ਮਿਲ ਕੇ ਆਪਣਾ ਆਲਾ ਦੁਆਲਾ ਸਾਫ ਰੱਖੀਏ ਅਤੇ ਵਾਤਾਵਰਨ ਨੂੰ ਵੀ ਦੂਸ਼ਿਤ ਹੋਣ ਤੋਂ ਬਚਾਈਏ। ਇਸ ਦੇ ਨਾਲ ਨਾਲ ਸ਼ਹਿਰ ਨੂੰ ਸਵੱਛਤਾ ਦੀ ਰੇਟਿੰਗ ਵਿੱਚ ਉੱਪਰ ਲੈ ਕੇ ਆਉਣ ਲਈ ਹਰ ਸ਼ਹਿਰੀ ਆਪਣਾ ਫਰਜ਼ ਸਮਝ ਕੇ ਸਾਫ ਸਫਾਈ ਰੱਖੇ।ਮੇਅਰ ਨੇ ਇਹ ਵੀ ਕਿਹਾ ਕਿ ਜੋ ਲੋਕ ਆਪਣੇ ਪਾਲਤੂ ਕੁੱਤੇ ਪਾਰਕਾਂ ਵਿੱਚ ਲੈ ਕੇ ਆਉਂਦੇ ਹਨ ਉਹ ਆਪਣੇ ਕੁੱਤਿਆਂ ਦੀ ਗੰਦਗੀ ਨੂੰ ਚੁੱਕਣਾ ਵੀ ਆਪਣਾ ਫਰਜ਼ ਸਮਝਣ ਤਾਂ ਹੀ ਆਪਣਾ ਸ਼ਹਿਰ ਅਤੇ ਆਪਣੇ ਪਾਰਕ ਸਾਫ਼ ਸੁਥਰੇ ਰਹਿ ਸਕਦੇ ਹਨ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇਸ ਮੌਕੇ ਇਕ ਟੈਂਪੂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਿਸ ਵਿੱਚ ਸਪੀਕਰ ਲਗਾ ਕੇ ਸਵੱਛਤਾ ਅਭਿਆਨ ਸਬੰਧੀ ਲੋਕਾਂ ਨੂੰ ਸੰਦੇਸ਼ ਦੇ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਮੇਅਰ ਨੇ ਇਸ ਮੌਕੇ ਇਹ ਵੀ ਕਿਹਾ ਕਿ ਇਹ ਅਭਿਆਨ ਮੋਹਾਲੀ ਵਿਚ ਲਗਾਤਾਰ ਜਾਰੀ ਰਹੇਗਾ ਅਤੇ ਸਮੇਂ ਸਮੇਂ ਤੇ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ ਅਤੇ ਵਾਤਾਵਰਨ ਨੂੰ ਬਚਾਉਣ ਲਈ ਜਾਗਰੂਕ ਕੀਤਾ ਜਾਂਦਾ ਰਹੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨਰ ਕਮਲ ਗਰਗ, ਐਸਈ ਸੰਜੇ ਕੰਵਰ, ਮੋਹਾਲੀ ਨਗਰ ਨਿਗਮ ਦੇ ਅਧਿਕਾਰੀ, ਕੌਂਸਲਰ ਸੁੱਚਾ ਸਿੰਘ ਕਲੌੜ, ਕੌਂਸਲਰ ਹਰਜੀਤ ਸਿੰਘ ਭੋਲੂ, ਵਿਕਟਰ ਨਿਹੋਲਕਾ ਸਮੇਤ ਹੋਰ ਇਲਾਕਾ ਵਾਸੀ ਹਾਜ਼ਰ ਸਨ।