5 Dariya News

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਰਹਿੰਦ ਚੋਅ ਦੇ ਨਾਲ ਨਾਲ ਕਰੀਬ 01 ਕਰੋੜ 31 ਲੱਖ ਕਰੋੜ ਰੁਪਏ ਨਾਲ ਬਣੀ 02.27 ਕਿਲੋਮੀਟਰ ਸੜਕ ਲੋਕ ਅਰਪਣ

ਡਿਫੈਂਸ ਬੰਧ, ਅਖਾੜਾ ਰੋਡ ਹੁੰਦੀ ਹੋਈ ਸਰਹਿੰਦ ਮੰਡੀ ਨੂੰ ਸਰਹਿੰਦ ਸ਼ਹਿਰ ਤੇ ਫ਼ਤਹਿਗੜ੍ਹ ਸਾਹਿਬ ਨਾਲ ਜੋੜਦੀ ਹੈ ਨਵੀਂ ਸੜਕ

5 Dariya News

ਫ਼ਤਹਿਗੜ੍ਹ ਸਾਹਿਬ 14-Aug-2021

ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਕਰਦਿਆਂ ਅਤੇ ਸ਼ਹੀਦੀ ਸਭਾ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਫ਼ਤਹਿਗੜ੍ਹ ਸਾਹਿਬ ਆਉਣ ਵਾਲੀ ਸੰਗਤ ਦੀ ਸਹੂਲਤ ਦੇ ਮੱਦੇਨਜ਼ਰ ਸਰਹਿੰਦ ਚੋਅ ਦੇ ਨਾਲ ਨਾਲ ਕਰੀਬ 01 ਕਰੋੜ 31 ਲੱਖ ਰੁਪਏ ਦੀ ਲਾਗਤ ਨਾਲ 02.27 ਕਿਲੋਮੀਟਰ ਸੜਕ ਬਣਾਈ ਗਈ ਹੈ, ਜੋ ਕਿ ਡਿਫੈਂਸ ਬੰਧ, ਅਖਾੜਾ ਰੋਡ ਹੁੰਦੀ ਹੋਈ ਸਰਹਿੰਦ ਮੰਡੀ ਨੂੰ ਸਰਹਿੰਦ ਸ਼ਹਿਰ ਤੇ ਫ਼ਤਹਿਗੜ੍ਹ ਸਾਹਿਬ ਨਾਲ ਜੋੜਦੀ ਹੈ। ਇਸ ਸੜਕ ਸਦਕਾ ਸਰਹਿੰਦ-ਬਸੀ ਰੋਡ ਉਤੇ ਟਰੈਫਿਕ ਘਟੇਗੀ ਅਤੇ ਨਵੀਂ ਸੜਕ ਦੇ ਰੂਪ ਵਿੱਚ ਸ਼ਹੀਦੀ ਸਭਾ ਦੌਰਾਨ ਸੰਗਤ ਨੂੰ ਵੱਡੀ ਸਹੂਲਤ ਮਿਲੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਿਕਾਰਤਾ ਤੇ ਜੇਲ੍ਹਾਂ ਮੰਤਰੀ, ਪੰਜਾਬ, ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਸੜਕ ਨੂੰ ਲੋਕ ਅਰਪਣ ਕਰਨ ਮੌਕੇ ਕੀਤਾ।ਇਸ ਮੌਕੇ ਸ. ਰੰਧਾਵਾ ਨੇ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਾਸੀਆਂ ਨੂੰ ਇਸ ਪ੍ਰੋਜੈਕਟ ਸਬੰਧੀ ਵਧਾਈ ਦਿੱਤੀ ਅਤੇ ਦੱਸਿਆ ਕਿ ਸੜਕ ਤਹਿਤ ਸਰਹਿੰਦ ਚੋਅ ਉਤੇ ਕਰੀਬ 02 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਦੋ ਪੁਲ ਵੀ ਬਣਾਏ ਗਏ ਹਨ।ਇਸ ਨਾਲ ਜਿੱਥੇ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਵੱਖ ਵੱਖ ਹਿੱਸਿਆਂ ਵਿਚਲਾ ਫ਼ਾਸਲਾ ਘਟਿਆ ਹੈ, ਉਥੇ ਲੋਕਾਂ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜ਼ਿਲ੍ਹਾ ਹਸਪਤਾਲ, ਕਚਹਿਰੀਆਂ, ਐਸ.ਡੀ.ਐਮ. ਦਫ਼ਤਰ ,ਸੇਵਾ ਕੇਂਦਰ ਆਦਿ ਤੱਕ ਆਉਣ ਲਈ ਵੱਧ ਟਰੈਫਿਕ ਵਾਲੀਆਂ ਸੜਕਾਂ ਦੀ ਵਰਤੋਂ ਨਹੀਂ ਕਰਨੀ ਪਵੇਗੀ ਅਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਹੋਵੇਗੀ ਤੇ ਸੜਕ ਹਾਦਸਿਆਂ ਦਾ ਖ਼ਦਸ਼ਾ ਵੀ ਘੱਟ ਜਾਵੇਗਾ।

ਸ. ਰੰਧਾਵਾ ਨੇ ਕਿਹਾ ਕਿ ਕਿਸੇ ਵੀ ਖੇਤਰ ਦੀ ਤਰੱਕੀ ਲਈ ਸੜਕਾਂ ਮੁੱਢਲੀ ਲੋੜ ਹਨ ਤੇ ਇਸ ਗੱਲ ਨੂੰ ਬਾਖੂਬੀ ਸਮਝਦਿਆਂ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਜਿੱਥੇ ਕਰੋੜਾਂ ਰੁਪਏ ਦੇ ਵੱਡੀ ਵੱਖ ਵੱਖ ਪ੍ਰੋਜਕੈਟ ਹਲਕੇ ਵਿੱਚ ਲਿਆਂਦੇ, ਉਥੇ ਕਈ ਸੌ ਕਰੋੜ ਰੁਪਏ ਦੀ ਲਾਗਤ ਨਾਲ ਹਲਕੇ ਦੀਆਂ ਸੜਕਾਂ ਦੀ ਨੁਹਾਰ ਬਦਲੀ ਤੇ ਵੱਡੀ ਗਿਣਤੀ ਨਵੀਆਂ ਸੜਕਾਂ ਬਣਵਾਈਆਂ।ਇਸ ਮੌਕੇ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਹਲਕੇ ਦੀ ਇੱਕ ਵੀ ਸੜਕ ਵਿਸ਼ੇਸ਼ ਰਿਪੇਅਰ ਜਾਂ ਨਵਨਿਰਮਾਣ ਤੋਂ ਵਾਂਝੀ ਨਹੀਂ ਰਹਿਣ ਦਿੱਤੀ ਜਾ ਰਹੀ। ਇਸ ਤਹਿਤ ਵੱਡੀ ਗਿਣਤੀ ਸੜਕਾਂ ਨੂੰ ਕਵਰ ਕੀਤਾ ਗਿਆ ਹੈ ਤੇ ਰਹਿੰਦੀਆਂ ਸਬੰਧੀ ਕੰਮ ਜੰਗੀ ਪੱਧਰ ਉਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਹਲਕਾ ਫ਼ਤਹਿਗੜ੍ਹ ਸਾਹਿਬ ਸਮੇਤ ਪੂਰੇ ਜ਼ਿਲੇ ਵਿਚ ਪਿਛਲੇ ਸਾਢੇ ਚਾਰ ਸਾਲ ਦੌਰਾਨ ਸੜਕਾਂ ਦੀ ਕਾਇਆ ਕਲਪ ਉਤੇ ਕਰੀਬ 350 ਕਰੋੜ ਰੁਪਏ ਖਰਚ ਕੀਤੇ ਗਏ ਹਨ ਤੇ ਵੱਡੀ ਗਿਣਤੀ ਨਵੀਆਂ ਸੜਕਾਂ ਵੀ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹਲਕਾ ਵਾਸੀਆਂ ਨੇ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ, ਉਹ ਉਸ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਣ ਲਈ ਯਤਨਸ਼ੀਲ ਹਨ ਤੇ ਵਿਕਾਸ ਸਬੰਧੀ ਆਪਣੀ ਕਹਾਣੀ ਵਿਕਾਸ ਪ੍ਰੋਜੈਕਟ ਆਪ ਬਿਆਨ ਕਰ ਰਹੇ ਹਨ। ਵਿਕਾਸ ਸਬੰਧੀ ਉਨ੍ਹਾਂ ਨੂੰ ਕਿਸੇ ਕਿਸਮ ਦੇ ਦਾਅਵੇ ਦੀ ਲੋੜ ਨਹੀਂ ਹੈ।ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮਪਤਨੀ ਸ਼੍ਰੀਮਤੀ ਮਨਦੀਪ ਕੌਰ ਨਾਗਰਾ, ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਸੂਦ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਲੀ, ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ ਸਮੇਤ ਸਮੂਹ ਕੌਂਸਲਰ ਤੇ ਸ਼ਹਿਰ ਵਾਸੀ ਹਾਜ਼ਰ ਸਨ।