ਵਿਜੈ ਇੰਦਰ ਸਿੰਗਲਾ ਨੇ ਅਨਾਜ ਮੰਡੀਆਂ ਦੇ ਫੜ ਤੇ ਸ਼ੈੱਡ ਕਿਸਾਨੀ ਸੰਘਰਸ਼ ’ਚ ਜਾਨਾਂ ਵਾਰਨ ਵਾਲੇ ਯੋਧਿਆਂ ਨੂੰ ਕੀਤੇ ਸਮਰਪਤ
ਕਿਸਾਨਾਂ ਦੀ ਸਹੂਲਤ ਲਈ 1.3 ਕਰੋੜ ਦੀ ਲਾਗਤ ਨਾਲ ਸੰਗਰੂਰ ਮੰਡੀ ਤੇ 51 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਕੀਤਾ ਗਿਐ ਨਦਾਮਪੁਰ ਦਾਣਾ ਮੰਡੀ ਦਾ ਨਵੀਨੀਕਰਨ: ਸਕੂਲ ਸਿੱਖਿਆ ਮੰਤਰੀ
5 Dariya News
ਨਦਾਮਪੁਰ/ਸੰਗਰੂਰ 14-Aug-2021
ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਅੱਜ ਨਵੀਂ ਅਨਾਜ ਮੰਡੀ ਸੰਗਰੂਰ ਅਤੇ ਨਦਾਮਪੁਰ ਅਨਾਜ ਮੰਡੀ ’ਚ ਬਣਾਏ ਗਏ ਨਵੇਂ ਸ਼ੈੱਡ ਤੇ ਫੜਾਂ ਨੂੰ ਇਨਾਂ ਸਿਦਕੀ ਯੋਧਿਆਂ ਨੂੰ ਸਮਰਪਤ ਕੀਤਾ। ਇਸ ਮੌਕੇ ਬੋਲਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕਿਸਾਨਾਂ, ਆੜਤੀਆਂ ਤੇ ਮਜ਼ਦੂਰਾਂ ਦੀ ਸਹੂਲਤ ਲਈ ਨਵੀਂ ਅਨਾਜ ਮੰਡੀ ਸੰਗਰੂਰ ਦਾ ਨਵੀਨੀਕਰਨ 1.33 ਕਰੋੜ ਰੁਪਏ ਦੀ ਲਾਗਤ ਨਾਲ ਅਤੇ ਪਿੰਡ ਨਦਾਮਪੁਰ ਦੀ ਦਾਣਾ ਮੰਡੀ ਦਾ 51 ਲੱਖ ਰੁਪਏ ਦੀ ਲਾਗਤ ਨਾਲ ਨਵੀਨਕਰਨ ਕੀਤਾ ਗਿਆ ਹੈ।ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਕਿਸਾਨੀ ਹਿੱਤਾਂ ਦੀ ਰਾਖੀ ਲਈ ਹਰ ਵੇਲੇ ਤਤਪਰ ਹੈ ਅਤੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਪੰਜਾਬ ਵਿਚ ਪ੍ਰਭਾਵਮੁਕਤ ਕਰਨ ਲਈ ਵਿਧਾਨ ਸਭਾ ’ਚ ਬਿੱਲ ਪਾਸ ਕੀਤੇ ਗਏ ਹਨ। ਉਨਾਂ ਕਿਹਾ ਕਿ ਇਸਦੇ ਨਾਲ ਹੀ ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਵਾਰਨ ਵਾਲੇ ਯੋਧਿਆਂ ਨੂੰ ਵਿੱਤੀ ਸਹਾਇਤਾ ਤੇ ਰੁਜ਼ਗਾਰ ਦੇ ਸਾਧਨ ਵਜੋਂ ਸਰਕਾਰੀ ਨੌਕਰੀ ਮੁਹੱਈਆ ਕਰਵਾਉਣ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਨਦਾਮਪੁਰ ਮੰਡੀ ’ਚ ਫ਼ਸਲ ਵੇਚਣ ਆਉਣ ਵਾਲੇ ਕਿਸਾਨਾਂ ਦੀ ਸਹੂਲਤ ਲਈ ਬਣਾਏ ਗਏ ਸਟੀਲ ਦੇ ਸ਼ੈੱਡ ’ਤੇ 6.12 ਲੱਖ ਰੁਪਏ ਖਰਚੇ ਗਏ ਹਨ ਜਦਕਿ 29.26 ਲੱਖ ਰੁਪਏ ਦੀ ਲਾਗਤ ਨਾਲ ਮੰਡੀ ਦਾ ਫੜ ਉੱਚਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜਿੱਥੇ ਸ਼ੈਡ ਕਿਸਾਨਾਂ ਨੂੰ ਤੇਜ਼ ਧੁੱਪਾਂ ਤੇ ਬਰਸਾਤਾਂ ਦੌਰਾਨ ਆਸਰੇ ਦਾ ਕੰਮ ਕਰੇਗਾ ਉੱਥੇ ਹੀ ਫੜ ਉੱਚਾ ਚੁੱਕੇ ਜਾਣ ਨਾਲ ਬਰਸਾਤਾਂ ਦੌਰਾਨ ਫ਼ਸਲਾਂ ਖ਼ਰਾਬ ਹੋਣ ਦੇ ਡਰ ਤੋਂ ਵੀ ਰਾਹਤ ਮਿਲੇਗੀ। ਉਨਾਂ ਦੱਸਿਆ ਕਿ ਇਸੇ ਤਰਾਂ ਅੰਦਰੂਨੀ ਸੜਕਾਂ ਦੀ ਮੁਰੰਮਤ ਲਈ 10.84 ਲੱਖ ਰੁਪਏ ਖਰਚੇ ਗਏ ਹਨ ਅਤੇ 4.92 ਲੱਖ ਰੁਪਏ ਦੀ ਲਾਗਤ ਨਾਲ ਪੱਕੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਿੰਦਰ ਸਿੰਘ ਬੱਤਰਾ, ਐਸ.ਡੀ.ਐਮ. ਭਵਾਨੀਗੜ ਪਰਮੋਦ ਸਿੰਗਲਾ, ਚੇਅਰਮੈਨ ਮਾਰਕਿਟ ਕਮੇਟੀ ਸੰਗਰੂਰ ਅਨਿਲ ਕੁਮਾਰ ਘੀਚਾ, ਚੇਅਰਮੈਨ ਮਾਰਕਿਟ ਕਮੇਟੀ ਭਵਾਨੀਗੜ ਪਰਦੀਪ ਕੱਦ, ਵਾਇਸ ਚੇਅਰਮੈਨ ਹਰੀ ਸਿੰਘ, ਐਕਸੀਅਨ ਮੰਡੀ ਬੋਰਡ ਪਰਮਿੰਦਰ ਸਿੰਘ, ਚੇਅਰਮੈਨ ਨਗਰ ਸੁਧਾਰ ਟਰੱਸਟ ਨਰੇਸ਼ ਗਾਬਾ, ਰਣਜੀਤ ਸਿੰਘ ਤੂਰ, ਫਕੀਰ ਚੰਦ ਸਿੰਗਲਾ ਹਾਜ਼ਰ ਸਨ।