5 Dariya News

ਹੈਜ਼ਾ ਫੈਲਣ ਮਗਰੋਂ ਏਕਤਾ ਵਿਹਾਰ ਕਲੋਨੀ ਪੁੱਜੇ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀ

ਅਧਿਕਾਰੀਆਂ ਨੂੰ ਮਰੀਜ਼ਾਂ ਲਈ ਵਧੀਆ ਡਾਕਟਰੀ ਦੇਖਭਾਲ ਯਕੀਨੀ ਬਣਾਉਣ ਦੇ ਦਿੱਤੇ ਆਦੇਸ਼

5 Dariya News

ਐਸ.ਏ.ਐਸ. ਨਗਰ 12-Aug-2021

ਹੈਜ਼ਾ ਫੈਲਣ ਦੀਆਂ ਰਿਪੋਰਟਾਂ ਤੋਂ ਬਾਅਦ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਅੱਜ ਸਿਹਤ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ੀਰਕਪੁਰ ਦੀ ਏਕਤਾ ਵਿਹਾਰ ਕਲੋਨੀ ਅਤੇ ਸੀਐਚਸੀ ਢਕੋਲੀ ਦਾ ਦੌਰਾ ਕੀਤਾ, ਜਿੱਥੇ ਹੈਜ਼ੇ ਦੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।ਆਪਣੀ ਫੇਰੀ ਦੌਰਾਨ ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਖੇਤਰ ਦੇ ਵਸਨੀਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਦੂਸ਼ਿਤ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਣ ਤੱਕ ਪਾਣੀ ਦੇ ਟੈਂਕਰਾਂ ਰਾਹੀਂ ਖੇਤਰ ਵਿੱਚ ਪਾਣੀ ਦੀ ਸਪਲਾਈ ਜਾਰੀ ਰੱਖੀ ਜਾਵੇਗੀ। ਬਿਮਾਰੀ ਦੇ ਹੋਰ ਫੈਲਣ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਬਿਮਾਰੀ ਫੈਲਣ ਦੇ ਪਹਿਲੇ ਦਿਨ ਤੋਂ ਹੀ ਮੈਡੀਕਲ ਟੀਮਾਂ ਉਥੇ ਤਾਇਨਾਤ ਹਨ। ਸਾਡੀਆਂ ਟੀਮਾਂ ਨੇ ਬਿਮਾਰੀ ਫੈਲਣ ਦੇ ਕਾਰਨ ਲੱਭਣ ਲਈ ਟਿਊਬਵੈੱਲ ਦੇ ਪਾਣੀ ਦੇ ਨਮੂਨੇ ਵੀ ਲਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਪੰਚਕੂਲਾ ਨੂੰ ਵੀ ਆਪਣੇ ਖੇਤਰ ਵਿੱਚ ਗੰਦਗੀ ਦੇ ਸਰੋਤਾਂ ਦੀ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਓਆਰਐਸ ਦੇ ਪੈਕਟਾਂ ਦੀ ਵੰਡ ਯਕੀਨੀ ਬਣਾਉਣ ਅਤੇ ਇਲਾਕੇ ਦੇ ਹਰ ਘਰ ਵਿੱਚ ਕਲੋਰੀਨ ਦੀਆਂ ਗੋਲੀਆਂ ਦੀ ਸਪਲਾਈ ਯਕੀਨੀ ਬਣੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੈਡੀਕਲ ਟੀਮ ਅਤੇ ਐਂਬੂਲੈਂਸ ਸਥਾਈ ਤੌਰ `ਤੇ ੲੈਕਤਾ ਵਿਹਾਰ ਕਲੋਨੀ ਵਿੱਚ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਢਕੋਲੀ ਦਾ ਵੀ ਦੌਰਾ ਕੀਤਾ ਅਤੇ ਇੱਥੇ ਦਾਖਲ 30 ਮਰੀਜ਼ਾਂ ਦੀ ਸਿਹਤ ਬਾਰੇ ਪੁੱਛਗਿੱਛ ਕੀਤੀ ਅਤੇ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇ ਸਥਿਤੀ ਹੋਰ ਵਿਗੜਦੀ ਹੈ ਤਾਂ ਬਲਟਾਣਾ ਖੇਤਰ ਵਿੱਚ ਇਕ ਸਮਰਪਿਤ ਅਸਥਾਈ ਇਲਾਜ ਕੇਂਦਰ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁੱਲ 340 ਮਾਮਲੇ ਸਾਹਮਣੇ ਆਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਹਰ ਹਰਬਾ ਵਰਤ ਰਿਹਾ ਹੈ।ਲੋਕਾਂ ਨੂੰ ਬਚਾਅ ਲਈ ਢੰਗ ਤਰੀਕੇ ਅਪਨਾਉਣ ਦੀ ਅਪੀਲ ਕਰਦਿਆਂ ਸ੍ਰੀ ਦਿਆਲਨ ਨੇ ਕਿਹਾ ਕਿ ਇਸ ਬਿਮਾਰੀ ਤੋਂ ਬਚਾਅ ਲਈ ਸੁਰੱਖਿਅਤ ਪੀਣ ਵਾਲਾ ਪਾਣੀ ਵਰਤਿਆ ਜਾਵੇ। ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਰੱਖਿਆ ਜਾਵੇ, ਸਾਬਣ ਨਾਲ ਵਾਰ-ਵਾਰ ਹੱਥ ਧੋਣੇ ਚਾਹੀਦੇ ਹਨ, ਓਆਰਐਸ ਦੀ ਵਰਤੋਂ ਕਰਨੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਇਸ ਖੇਤਰ ਦੇ ਨਾਲ-ਨਾਲ ਨੇੜਲੇ ਇਲਾਕਿਆਂ ਵਿੱਚ ਜਿੰਕ ਤੇ ਕਲੋਰੀਨ ਦੀਆਂ ਗੋਲੀਆਂ ਤੋਂ ਇਲਾਵਾ ਓਆਰਐਸ ਪੈਕਟਾਂ ਦੀ ਵੰਡ ਵਧਾਈ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਘਰ ਨੂੰ ਇਹ ਜੀਵਨ ਬਚਾਉਣ ਵਾਲੀਆਂ ਦਵਾਈਆਂ ਪੁੱਜਦੀਆਂ ਹੋਣ।