5 Dariya News

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਅਗਵਾਈ ਵਿੱਚ ਪੰਜਾਬ ਹਿਤੈਸ਼ੀ ਧਿਰਾਂ ਵੱਲੋਂ ਮਜਬੂਤ ਤੀਜੇ ਫਰੰਟ ਦੇ ਗਠਨ ਦੀ ਸ਼ੁਰੂਆਤ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ), ਭੀਮ ਆਰਮੀ, ਸ਼੍ਰੋਮਣੀ ਅਕਾਲੀ ਦਲ (ਕਿਰਤੀ), ਜਨਤਾ ਦਲ (ਸੈਕੁਲਰ) ਦੇਵਗੌੜਾ, ਜਨਤਾ ਦਲ ਯੂਨਾਈਟਿਡ, ਇੰਡੀਅਨ ਯੂਨੀਅਨ ਮੁਸਲਿਮ ਲੀਗ ਹੋਏ ਇੱਕ ਮੰਚ `ਤੇ ਇਕੱਠੇ

5 Dariya News

ਚੰਡੀਗੜ੍ਹ 12-Aug-2021

ਪੰਜਾਬ ਹਿਤੈਸ਼ੀ ਲੋਕ ਸੂਬੇ ਵਿੱਚ ਤੀਸਰਾ ਬਦਲ ਚਾਹੁੰਦੇ ਹਨ ਅਤੇ ਪੰਜਾਬ ਵਾਸੀਆਂ ਦੀ ਇੱਛਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿੱਚ ਪੰਥਕ, ਸਿਆਸਤ, ਸਮਾਜਿਕ ਅਤੇ ਆਰਥਿਕ ਬਦਲਾਅ ਲਿਆਉਣ ਲਈ ਆਪਣਾ ਪਹਿਲਾ ਕਦਮ ਅੱਗੇ ਵਧਾ ਲਿਆ ਹੈ।ਅੱਜ ਅਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ਦੇ ਸਰਪ੍ਰਸਤ ਸਵ: ਬਾਬੂ ਕਾਂਸ਼ੀ ਰਾਮ ਦੀ ਭੈਣ ਬੀਬੀ ਸਵਰਨ ਕੌਰ, ਭੀਮ ਆਰਮੀ ਦੇ ਕੌਮੀ ਪ੍ਰਧਾਨ ਚੰਦਰ ਸ਼ੇਖਰ ਆਜ਼ਾਦ, ਸ਼੍ਰੋਮਣੀ ਅਕਾਲੀ ਦਲ (ਕਿਰਤੀ) ਦੇ ਪ੍ਰਧਾਨ ਸ: ਬੂਟਾ ਸਿੰਘ ਰਣਸੀਂਹ ਕੇ, ਜਨਤਾ ਦਲ (ਸੈਕੁਲਰ) ਦੇਵਗੌੜਾ ਦੇ ਸੂਬਾ ਪ੍ਰਧਾਨ ਮਾਸਟਰ ਅਵਤਾਰ ਸਿੰਘ, ਜਨਤਾ ਦਲ ਯੂਨਾਈਟਿਡ ਦੇ ਸੂਬਾ ਪ੍ਰਧਾਨ ਮਨਵਿੰਦਰਪਾਲ ਸਿੰਘ ਬੈਨੀਪਾਲ ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ (ਬਨਾਤਵਾਲਾ) ਤਾਲਮੇਲ ਕਮੇਟੀ ਦੇ ਕੌਮੀ ਸਕੱਤਰ ਮਕਸੂਦ- ਉਲ- ਹੱਕ, ਨੇ ਸ: ਸੁਖਦੇਵ ਸਿੰਘ ਢੀਂਡਸਾ ਅਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗੱਠਜੋੜ ਦਾ ਐਲਾਨ ਕਰ ਦਿੱਤਾ।ਇਸ ਮੌਕੇ `ਤੇ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਖੁਦ ਪ੍ਰੈਸ ਮਿਲਣੀ ਵਿੱਚ ਮੌਜੂਦ ਨਹੀ ਹੋ ਸਕੇ ਪਰ ਉਨ੍ਹਾਂ ਨੇ ਮੋਬਾਈਲ ਫੋਨ `ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।ਇਸ ਮੌਕੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸਾਡੇ ਲਈ ਪੰਥ ਸਰਵੋਤਮ ਹੈ ਅਤੇ ਇਸ ਸਮੇਂ ਪੰਥ ਅਤੇ ਪੰਜਾਬ ਵਿਰੋਧੀ ਸ਼ਕਤੀਆਂ ਦਾ ਸਿੱਖ ਜਜ਼ਬੇ ਤੇ ਪੰਜਾਬੀ ਸੋਚ ਨੂੰ ਢਾਹ ਲਾਉਣ `ਤੇ ਜ਼ੋਰ ਲੱਗਿਆ ਹੋਇਆ ਹੈ। ਅਜਿਹੇ ਹਾਲਾਤ ਵਿੱਚ ਪੰਜਾਬ ਹਿਤੈਸ਼ੀ ਲੋਕ ਤੀਸਰਾ ਬਦਲ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਬਾਦਲ ਪਰਿਵਾਰ ਨੇ ਸਿੱਖ ਧਰਮ ਦਾ ਬੇਹੱਦ ਨੁਕਸਾਨ ਕਰਨ ਦੇ ਨਾਲ-ਨਾਲ ਸ਼਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਵੀ ਵੱਡੀ ਢਾਹ ਲਾਈ ਹੈ। ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਉਪਰ ਕੋਈ ਨਹੀ ਹੈ ਪਰ ਸੂਬੇ ਦੇ ਉੱਪ ਮੁੱਖ ਮੰਤਰੀ ਹੁੰਦਿਆਂ ਸੁਖਬੀਰ ਸਿੰਘ ਬਾਦਲ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤਲਬ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਮੁਆਫ਼ੀ ਦੇਣ ਦਾ ਹੁਕਮ ਦੇਣਾ ਬੇਹੱਦ ਘਿਨੌਣਾ ਕਾਰਜ ਹੈ। ਜਥੇਦਾਰ ਬ੍ਰਹਮਪੁਰਾ ਨੇ ਸਪਸ਼ੱਟ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਾਦਲ ਪਰਿਵਾਰ ਦਾ ਗਲਬਾ ਹਟਾਇਆ ਜਾਵੇ ਅਤੇ ਮੁੜ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਤੇ “ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ” ਵਾਲੇ ਸਿਧਾਂਤ ਨੂੰ ਬਹਾਲ ਕੀਤਾ ਜਾਵੇ।

ਇਸ ਮੌਕੇ `ਤੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਮਹੰਤਾਂ ਦੀ ਥਾਂ ਬਾਦਲਾਂ ਨੇ ਲੈ ਲਈ ਹੈ ਜੋ ਕਿਸੇ ਸਮੇਂ ਵਿੱਚ ਗੁਰਦੁਆਰਾ ਸਾਹਿਬਾਨ ਨੂੰ ਆਪਣੀ ਜਗੀਰ ਸਮਝ ਕੇ ਕੁਰੀਤੀਆਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮਹੰਤਾਂ ਦੀ ਤਰ੍ਹਾਂ ਬਾਦਲਾਂ ਨੂੰ ਵੀ ਸਿੱਖ ਪੰਥ ਸਬਕ ਸਿਖਾਵੇ ਅਤੇ ਇਸ ਪਰਿਵਾਰ ਨੂੰ ਪੰਥ ਤੋਂ ਚਲਦਾ ਕਰੇ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਸਮੁੱਚੀ ਸਿੱਖ ਕੌਮ ਅਕਾਲੀ ਦਲ ਦੇ ਅਸਲ ਸਿਧਾਂਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਝੰਡੇ ਹੇਠਾਂ ਇਕੱਠੀ ਹੋ ਕੇ ਜਾਗਦੀ ਜ਼ਮੀਰ ਵਾਲੇ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਸਰੂਪ ਤਿਆਰ ਕਰਨ।ਸ: ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਸਾਰੀਆਂ ਪੰਥਕ ਧਿਰਾਂ ਅਤੇ ਪੰਜਾਬ ਹਿਤੈਸ਼ੀਆਂ ਨਾਲ ਰਾਬਤਾ ਕਾਇਮ ਕਰਕੇ ਸਦੀ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲ ਪਰਿਵਾਰ ਦਾ ਗਲਬਾ ਜਲਦੀ ਖ਼ਤਮ ਕੀਤਾ ਜਾਵੇਗਾ ਕਿਉਂਕਿ ਬਾਦਲਾਂ ਨੇ ਉਸ ਦਲ ਨੂੰ ਬਦਨਾਮ ਕੀਤਾ ਹੈ ਜਿਸ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੀ ਉਹੀ ਉਮੀਦਵਾਰ ਐਲਾਨੇ ਜਾਣਗੇ ਜੋ ਸਿਆਸੀ ਅਹੁਦਿਆਂ ਦੇ ਇੱਛੁਕ ਨਾ ਹੋਣ ਅਤੇ ਸਿੱਖੀ ਸਿਧਾਂਤਾਂ `ਤੇ ਪਹਿਰ ਦੇਣ ਵਾਲੇ ਹੋਣ। ਰਾਜਨੀਤਕ ਲੋਕਾਂ ਦੀ ਗੁਰਦੁਆਰਾ ਸਾਹਿਬਾਨ ਅੰਦਰ ਦਖਲਅੰਦਾਜ਼ੀ ਬੰਦ ਕੀਤੀ ਜਾਵੇਗੀ। ਸਿਆਸਤ ਉੱਤੇ ਵੀ ਧਰਮ ਦਾ ਕੁੰਡਾ ਭਾਰੂ ਹੋਵੇਗਾ ।ਪਾਰਟੀਆਂ ਨਾਲ ਗੱਠਜੋੜ ਦੇ ਕੀਤੇ ਗਏ ਐਲਾਨ `ਤੇ ਬੋਲਦਿਆਂ ਸ: ਢੀਂਡਸਾ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੂੰ ਸੱਤਾ ਤੋਂ ਦੂਰ ਕਰਨ ਲਈ ਹਮਖਿਆਲੀ ਪਾਰਟੀਆਂ ਨਾਲ ਸਮਝੋਤਾ ਕੀਤਾ ਜਾ ਰਿਹਾ ਹੈ ਅਤੇ ਸੂਬੇ ਦੇ ਲੋਕਾਂ ਦੀ ਇੱਛਾ ਮੁਤਾਬਕ ਬਦਲਾਅ ਲਿਆਉਣ ਲਈ ਤੀਸਰਾ ਮਜਬੂਤ ਫਰੰਟ ਬਣਾਉਣ ਦੀ ਦਿਸ਼ਾ ਵਿੱਚ ਇਹ ਗੱਠਜੋੜ ਉਨ੍ਹਾਂ ਦਾ ਇਹ ਪਹਿਲਾ ਕਦਮ ਹੈ। ਸ: ਢੀਂਡਸਾ ਨੇ ਕਿਹਾ ਕਿ ਇਹ ਗੱਠਜੋੜ ਸੂਬੇ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਤੀਨਿਧਤਾ ਕਰੇਗਾ ਅਤੇ ਇੱਕ ਖੁਸ਼ਹਾਲ ਪੰਜਾਬ ਸਿਰਜੇਗਾ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ 25 ਸਾਲਾਂ ਤੋਂ “ਤੂੰ ਉੱਤਰ ਕਾਟੋ, ਮੈ ਚੜ੍ਹਾਂ” ਵਾਲੀ ਰਾਜਨੀਤੀ ਖੇਡ ਕੇ ਪੰਜਾਬ `ਤੇ ਰਾਜ ਕਰ ਰਹੇ ਲੀਡਰਾਂ ਵੱਲੋਂ ਹਿੱਸਾਪੱਤੀ ਮੰਗਣ ਕਰਕੇ ਸੂਬੇ ਤੋਂ ਗਾਇਬ ਹੋ ਚੁੱਕੇ ਉਦਯੋਗ ਨੂੰ ਵਾਪਿਸ ਲਿਆਉਣ ਲਈ ਚਾਰਾਜੋਈ ਕੀਤੀ ਜਾਵੇਗੀ ਅਤੇ ਕੁਦਰਤੀ ਵਸੀਲੇ (ਰੇਤਾ, ਬਜਰੀ, ਬਿਜਲੀ) ਮਾਫ਼ੀਆ ਤੋਂ ਸੂਬੇ ਨੂੰ ਮੁਕਤ ਕੀਤਾ ਜਾਵੇਗਾ। ਇਸਤੋਂ ਇਲਾਵਾ ਉਦਯੋਗ ਪੱਖੋਂ ਪੜਛ ਚੁੱਕੇ ਸੂਬੇ ਵਿੱਚ ਯੋਜਨਾਬੱਧ ਤਰੀਕੇ ਨਾਲ ਨਿਵੇਸ਼ ਵਧਾਇਆ ਜਾਵੇਗਾ ਅਤੇ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੇ ਸਰਕਾਰੀ ਤੰਤਰ ਵਿੱਚ ਵਧੇ ਭ੍ਰਿਸ਼ਟਾਚਾਰ ਕਾਰਨ ਪੰਜਾਬ ਤੋਂ ਗਾਇਬ ਹੋ ਚੁੱਕੀ ਇੰਡਸਟਰੀ ਨੂੰ ਮੁੜ ਲੀਹਾਂ `ਤੇ ਲਿਆਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ 2025 ਤੱਕ ਖੇਤੀਬਾੜੀ ਆਮਦਨ ਨੂੰ 50 ਫੀਸਦੀ ਤੱਕ ਵਧਾ ਦਿੱਤਾ ਜਾਵੇਗਾ। ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਪੰਜਾਬ ਦੀ ਜਵਾਨੀ ਨੂੰ ਰੁਜ਼ਗਾਰ ਦੀ ਭਾਲ ਲਈ ਵਿਦੇਸ਼ਾਂ ਵਿੱਚ ਜਾਣ ਤੋਂ ਰੋਕਿਆ ਜਾਵੇਗਾ।ਉਨ੍ਹਾਂ ਕਿਹਾ ਕਿ ਕਿਸੇ ਵੀ ਬਦਲਾਅ ਵਿੱਚ ਨੌਜਵਾਨ ਪੀੜੀ ਦੀ ਅਹਿਮ ਭੁੂਮਿਕਾ ਹੁੰਦੀ ਹੈ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਤੋਂ ਬਿਨਾਂ ਅਜਿਹੇ ਬਦਲਾਅ ਅਸੰਭਵ ਹਨ। ਇਸ ਲਈ ਅਸੀ ਇਸ ਗੱਠਜੋੜ ਰਾਹੀਂ ਹਰੇਕ ਖੇਤਰ ਵਿੱਚ ਨੌਜਵਾਨਾਂ ਨੂੰ 50 ਫੀਸਦੀ ਪ੍ਰਤੀਨਿਧਤਾ ਦਿੱਤੀ ਜਾਵੇਗੀ। 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਆਜ਼ਾਦ ਸਮਾਜ ਪਾਰਟੀ ਨਾਲ ਇਹ ਗੱਠਜੋੜ ਦੂਜੀਆਂ ਪਾਰਟੀਆਂ ਦੀ ਤਰ੍ਹਾਂ ਸਿਆਸੀ ਲਾਹਾ ਲੈਣ ਲਈ ਕੋਈ ਮਤਲਬੀ ਗੱਠਜੋੜ ਨਹੀ ਹੈ ਸਗੋਂ ਇਹ ਗੱਠਜੋੜ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਅਤੇ ਬਾਬੂ ਕਾਂਸ਼ੀਰਾਮ ਦੇ ਅਸਲ ਸਿਧਾਂਤਾਂ ਦਾ ਪਹਿਰਾ ਦੇਣ ਵਾਲੇ ਅਸਲ ਬਹੁਜਨ ਸਮਾਜ ਦਾ ਹੈ।ਸ: ਸੁਖਦੇਵ ਸਿੰਘ ਢੀਂਡਸਾ ਨੇ ਦੱਸਿਆ ਕਿ ਆਜ਼ਾਦ ਸਮਾਜ ਪਾਰਟੀ (ਭੀਮ ਆਰਮੀ) ਅਸਲ ਵਿੱਚ ਬਹੁਜਨ ਸਮਾਜ ਦੇ ਯੂਥ ਦੀ ਪ੍ਰਤੀਨਿਧਤਾ ਕਰਦੀ ਹੈ। ਜਿਸ ਦੇ ਕੌਮੀ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਨੌਜਵਾਨਾਂ ਦੇ ਰੋਲ ਮਾਡਲ ਹਨ। ਇਸ ਤੋਂ ਇਲਾਵਾ ਸਵ: ਬਾਬੂ ਕਾਂਸ਼ੀਰਾਮ ਵਰਗੀ ਮਹਾਨ ਸਖਸ਼ੀਅਤ ਦੀ ਭੈਣ ਬੀਬੀ ਸਵਰਨ ਕੌਰ ਦਾ ਇੱਕ ਮੰਚ `ਤੇ ਮੌਜੂਦ ਹੋਣਾ ਇਸ ਗੱਲ ਦੀ ਗਵਾਹੀ ਭਰਦਾ  ਹੈ ਕਿ ਬਾਬੂ ਕਾਂਸ਼ੀ ਰਾਮ ਦੇ ਸਿਧਾਂਤਾਂ ਅਤੇ ਸੋਚ `ਤੇ ਪਹਿਰਾ ਦੇਣ ਵਾਲਾ ਬਹੁਜਨ ਸਮਾਜ ਇਹ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਆਜ਼ਾਦ ਸਮਾਜ ਪਾਰਟੀ, ਭੀਮ ਆਰਮੀ, ਸ਼੍ਰੋਮਣੀ ਅਕਾਲੀ ਦਲ (ਕਿਰਤੀ) ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਗੱਠਜੋੜ ਨੇ ਤੀਸਰਾ ਮਜਬੂਤ ਫਰੰਟ ਬਣਾ ਕੇ ਪੰਜਾਬ ਦੀ ਖੁਸ਼ਹਾਲੀ ਦਾ ਰਾਹ ਖੋਲ੍ਹ ਦਿੱਤਾ ਹੈ। ਸ: ਢੀਂਡਸਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਦੇ ਆਉਣ ਤੋਂ ਬਾਅਦ ਤਿੰਨਾਂ ਕਾਨੂੰਨਾਂ ਨੂੰ ਖਤਮ ਕਰਨ ਲਈ ਵਿਧਾਨ ਸਭਾ ਵਿਚ ਮਤਾ ਪਾਸ ਕਰਾਂਗੇ ਅਤੇ ਕੇਂਦਰ ਸਰਕਾਰ `ਤੇ ਖੇਤੀਬਾੜੀ ਵਿੱਚ ਨਿਰਭਰਤਾ ਨੂੰ ਘਟਾਉਣ ਵਾਲਾ ਕਾਨੂੰਨ ਵੀ ਬਣਾ ਕੇ ਫੈਡਰਲ ਢਾਂਚਾ ਮਜਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਦੀ ਆਮਦਨ ਵਧੇਗੀ ਤਾਂ ਖੇਤੀ ਕਾਮਿਆਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।ਇਸ ਮੌਕੇ `ਤੇ ਆਜ਼ਾਦ ਸਮਾਜ ਪਾਰਟੀ ਦੇ ਕੌਮੀ ਜਨਰਲ ਸਕੱਤਰ ਐੱਮ.ਐੱਲ ਤੋਮਰ ਅਤੇ ਪੰਜਾਬ ਪ੍ਰਧਾਨ ਸ਼੍ਰੀ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਤੀਜੇ ਫਰੰਟ ਵਜੋਂ ਅਸੀ ਵਚਨਬੱਧ ਹਾਂ ਕਿ ਅਸੀ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਸਿੱਖਿਆਵਾਂ `ਤੇ ਚੱਲਣ ਵਾਲੀ ਸਖਸ਼ੀਅਤ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਦਿੱਤਾ ਜਾਵੇਗਾ ਜੋ ਪੰਜਾਬੀਆਂ ਲਈ ਇਮਾਨਦਾਰ, ਮਿਹਨਤੀ ਅਤੇ ਨਿਡਰਤਾ ਨਾਲ ਕੰਮ ਕਰ ਸਕੇ। ਇਸ ਮੌਕੇ ਸ: ਬਲਵੰਤ ਸਿੰਘ ਰਾਮੂਵਾਲੀਆ, ਸ: ਜਗਦੀਸ਼ ਸਿੰਘ ਗਰਚਾ, ਸ: ਬੀਰ ਦਵਿੰਦਰ ਸਿੰਘ, ਜਸਟਿਸ (ਰਿਟਾ) ਨਿਰਮਲ ਸਿੰਘ, ਬੀਬੀ ਪਰਮਜੀਤ ਕੌਰ ਗੁਲਸ਼ਨ, ਸ: ਪਰਮਿੰਦਰ ਸਿੰਘ ਢੀਂਡਸਾ, ਸ: ਰਣਜੀਤ ਸਿੰਘ ਤਲਵੰਡੀ, ਸ੍ ਕਰਨੈਲ ਸਿੰਘ ਪੀਰਮੁਹੰਮਦ,ਸ: ਦੇਸਰਾਜ ਸਿੰਘ ਧੁੱਗਾ, ਸ: ਰਵਿੰਦਰ ਸਿੰਘ ਬ੍ਰਹਮਪੁਰਾ, ਸ: ਮਾਨ ਸਿੰਘ ਗਰਚਾ, ਸ੍ ਬਰਜਿੰਦਰ ਸਿੰਘ ਹੁਸੈਨਪੁਰ,  ਸ੍ ਦਵਿੰਦਰ ਸਿੰਘ ਸੋਢੀ , ਸ: ਮਨਪ੍ਰੀਤ ਸਿੰਘ ਤਲਵੰਡੀ, ਸ: ਹਰਜਿੰਦਰ ਸਿੰਘ ਗਰਚਾ, ਸ: ਮਨਿੰਦਰਪਾਲ ਸਿੰਘ ਬਰਾੜ, ਸ: ਜਸਵਿੰਦਰ ਸਿੰਘ ਓਐਸਡੀ, ਤੋਂ ਇਲਾਵਾ ਜਨਤਾ ਦਲ ਯੂਨਾਈਟਿਡ ਦੇ ਜਨਰਲ ਸਕੱਤਰ ਕੁੰਵਰ ਹਰਵੀਰ ਸਿੰਘ ਢੀਂਡਸਾ, ਕਿਰਤੀ ਅਕਾਲੀ ਦਲ ਦੇ ਸੀਨੀਅਰ ਆਗੂ ਸ: ਰਣਬੀਰ ਸਿੰਘ ਲਿਬੜਾ, ਭਾਈ ਸੁਰਿੰਦਰ ਸਿੰਘ ਰੋਡੀ, ਐਡਵੋਕੇਟ ਹਰਗੀਤ ਸਿੰਘ ਰਣਸੀਂਹ ਸਮੇਤ ਉਪਰੋਕਤ ਪਾਰਟੀਆਂ ਦੇ ਕਈ ਆਗੂਆਂ ਸਮੇਤ ਕਈ ਵਰਕਰ ਵੀ ਹਾਜ਼ਰ ਸਨ ।