5 Dariya News

ਕਮਿਸ਼ਨਰੇਟ ਪੁਲਿਸ ਨੇ 24 ਘੰਟਿਆਂ ਦੇ ਅੰਦਰ ਫਾਇਰਿੰਗ ਦੀ ਘਟਨਾ ਦੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

ਕਿਹਾ, ਮਾਣਕ ਬੱਬਰ ਕਤਲ ਕੇਸ ਵਿੱਚ ਵੀ ਸੀ ਲੋੜੀਂਦਾ, ਨਸ਼ਾ ਸਮੱਗਲਿੰਗ ਵਿੱਚ ਵੀ ਸ਼ਾਮਲ ਸੀ

5 Dariya News

ਜਲੰਧਰ 11-Aug-2021

ਕਮਿਸ਼ਨਰੇਟ ਪੁਲਿਸ ਜਲੰਧਰ ਨੇ ਮੰਗਲਵਾਰ ਸਵੇਰੇ ਵਿਲਾ ਕਾਲੋਨੀ, ਕਾਲਾ ਸੰਘਿਆ ਰੋਡ ਵਿਖੇ ਵਾਪਰੀ ਫਾਇਰਿੰਗ ਦੀ ਘਟਨਾ ਦੇ ਮੁਲਜ਼ਮ ਮਾਣਕ ਬੱਬਰ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਘਟਨਾ ਦੀ ਸੂਚਨਾ ਮਿਲਣ 'ਤੇ 24 ਘੰਟਿਆਂ ਦੇ ਅੰਦਰ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਹ ਪਹਿਲਾਂ ਹੀ ਸੇਹਰਾ ਫੀਲਡਸ ਦੇ ਦਵਿੰਦਰ ਸਿੰਘ ਉਰਫ਼ ਬਾਬਾ ਦੇ ਕਤਲ ਕੇਸ ਵਿੱਚ ਲੋੜੀਂਦਾ ਸੀ, ਜੋ ਕਿ ਪੁਲਿਸ ਸਟੇਸ਼ਨ ਨਵੀਂ ਬਾਰਾਦਰੀ ਵਿੱਚ 6 ਫਰਵਰੀ, 2019 ਨੂੰ ਦਰਜ ਕੀਤਾ ਗਿਆ ਸੀ।  ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੁਲਜ਼ਮ ਪਾਸੋਂ 9 ਐਮ.ਐਮ. ਪਿਸਤੌਲ ਸਮੇਤ ਤਿੰਨ ਜ਼ਿੰਦਾ ਰੌਂਦ ਅਤੇ .32 ਬੋਰ ਪਿਸਤੌਲ ਸਮੇਤ ਦੋ ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਸ਼੍ਰੀ ਭੁੱਲਰ ਨੇ ਅੱਗੇ ਕਿਹਾ ਕਿ ਮਾਣਕ ਦਿੱਲੀ ਵਿਖੇ ਗੈਂਗਵਾਰ ਵਿੱਚ ਮਾਰੇ ਗਏ ਗੈਂਗਸਟਰ ਮਨੀ ਨਾਸਾ ਦਾ ਕਰੀਬੀ ਸਾਥੀ ਸੀ, ਜਿਸ ਵੱਲੋਂ ਜਲੰਧਰ ਵਿੱਚ ਕਤਲ ਦੀ ਘਟਨਾ ਤੋਂ ਬਾਅਦ ਉਸ ਨੂੰ ਪਨਾਹ ਦਿੱਤੀ ਗਈ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਮਾਣਕ ਹਿਮਾਚਲ ਪ੍ਰਦੇਸ਼ ਵਿੱਚ ਲੁਕਿਆ ਹੋਇਆ ਸੀ ਅਤੇ ਨਸ਼ੇ ਦੀ ਸਮੱਗਲਿੰਗ ਵਿੱਚ ਸ਼ਾਮਲ ਸੀ।

 ਉਸ 'ਤੇ ਪਹਿਲਾਂ ਹੀ ਆਦਮਪੁਰ ਪੁਲਿਸ ਸਟੇਸ਼ਨ ਵਿੱਚ ਐਨ.ਡੀ.ਪੀ.ਐਸ. ਐਕਟ ਦੇ ਅਧੀਨ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਭੋਪਾਲ, ਮੁੰਬਈ, ਮੋਹਾਲੀ ਅਤੇ ਹੋਰ ਥਾਵਾਂ 'ਤੇ ਆਪਣੇ ਦੋਸਤਾਂ ਨਾਲ ਰਹਿ ਰਿਹਾ ਸੀ ਅਤੇ ਕਸੌਲ, ਹਿਮਾਚਲ ਪ੍ਰਦੇਸ਼ ਤੋਂ ਚਰਸ ਖਰੀਦਣ ਤੋਂ ਬਾਅਦ ਦਿੱਲੀ ਵਿਖੇ ਵਧੇਰੇ ਕੀਮਤ 'ਤੇ ਸਪਲਾਈ ਕਰਦਾ ਸੀ। ਜ਼ਿਕਰਯੋਗ ਹੈ ਕਿ ਮੰਗਲਵਾਰ ਸਵੇਰੇ ਵਿਲਾ ਕਾਲੋਨੀ ਵਿੱਚ ਫਾਇਰਿੰਗ ਦੀ ਸੂਚਨਾ ਮਿਲਣ ਤੋਂ ਬਾਅਦ ਕੁਝ ਘੰਟਿਆਂ ਦੇ ਅੰਦਰ ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਦੀ ਪਛਾਣ ਬਸਤੀ ਬਾਵਾ ਖੇਲ ਦੇ ਮਾਣਕ ਬੱਬਰ ਅਤੇ ਅਭਿਮਨਯੂ ਵਜੋਂ ਕੀਤੀ ਗਈ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਘਟਨਾ ਦੇ ਪਿੱਛੇ ਦਾ ਕਾਰਨ ਸ਼ਿਕਾਇਤਕਰਤਾ ਖਿਲਾਫ਼ ਨਿੱਜੀ ਰੰਜਿਸ਼ ਪਾਇਆ ਗਿਆ ਹੈ।  ਉਨ੍ਹਾਂ ਕਿਹਾ ਕਿ ਜਾਂਚ ਅਨੁਸਾਰ ਮਾਣਕ ਬੱਬਰ ਦੇ ਸ਼ਿਕਾਇਤਕਰਤਾ ਦੀ ਭੈਣ ਨਾਲ ਨਜ਼ਦੀਕੀ ਸਬੰਧ ਸਨ ਅਤੇ ਹਾਲ ਹੀ ਵਿੱਚ ਹੋਏ ਘਟਨਾਕ੍ਰਮ ਦੌਰਾਨ ਦੋਵਾਂ ਦੇ ਰਿਸ਼ਤੇ ਵਿੱਚ ਖਟਾਸ ਆ ਗਈ ਸੀ, ਜਿਸਦੇ ਨਤੀਜੇ ਵਜੋਂ ਇਹ ਘਟਨਾ ਵਾਪਰੀ। ਥਾਣਾ ਭਾਰਗੋ ਕੈਂਪ ਵਿੱਚ ਮੰਗਲਵਾਰ ਨੂੰ ਦੋਵਾਂ ਖਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਅਧੀਨ ਐਫ.ਆਈ.ਆਰ. ਦਰਜ ਕੀਤੀ ਗਈ ।ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਦੂਜੇ ਮੁਲਜ਼ਮ ਅਭਿਮਨਿਯੂ ਦੇ ਟਿਕਾਣੇ ਬਾਰੇ ਪੁੱਛਗਿੱਛ ਕਰਨ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਉਸ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾ ਸਕੇ।