5 Dariya News

ਸਿਹਤ ਵਿਭਾਗ ਦੀ ਟੀਮ ਨੇ ਫੜਿਆ 6 ਕੁਇੰਟਲ 80 ਕਿਲੋ ਸ਼ੱਕੀ ਮਿਲਾਵਟੀ ਪਨੀਰ

ਪੁਲਿਸ ਦੇ ਸਹਿਯੋਗ ਨਾਲ ਬੜਮਾਜਰਾ ਲਾਗੇ ਅੱਜ ਤੜਕੇ ਲਾਇਆ ਨਾਕਾ, ਹਰਿਆਣਾ ਤੋਂ ਆ ਰਹੇ ਟੈਂਪੂ ਨੂੰ ਕੀਤਾ ਕਾਬੂ

5 Dariya News

ਮੋਹਾਲੀ 30-Jul-2021

‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਅੱਜ ਤੜਕੇ ਵੱਡੀ ਕਾਰਵਾਈ ਕਰਦਿਆਂ ਬਲੌਂਗੀ ਲਾਗੇ ਵਾਹਨ ਨੂੰ ਰੋਕ ਕੇ ਉਸ ਵਿਚੋਂ ਛੇ ਕੁਇੰਟਲ 80 ਕਿਲੋ ਸ਼ੱਕੀ ਮਿਲਾਵਟੀ ਪਨੀਰ ਬਰਾਮਦ ਕੀਤਾ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੂੰ ਬਲੌਂਗੀ ਪੁਲਿਸ ਕੋਲੋਂ ਸ਼ਿਕਾਇਤ ਮਿਲੀ ਸੀ ਕਿ ਹਰਿਆਣਾ ਤੋਂ ਬੜਮਾਜਰਾ ਵਿਖੇ ਮਿਲਾਵਟੀ ਪਨੀਰ ਦੀ ਸਪਲਾਈ ਹੋ ਰਹੀ ਹੈ ਜਿਹੜਾ ਅੱਗੇ ਦੁਕਾਨਾਂ ਵਿਚ ਵੇਚਿਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਦੀ ਹਦਾਇਤ ’ਤੇ ਤੁਰੰਤ ਸਿਹਤ ਵਿਭਾਗ ਦੀ ਜਾਂਚ ਟੀਮ ਦਾ ਗਠਨ ਕੀਤਾ ਗਿਆ ਜਿਸ ਨੇ ਅੱਜ ਤੜਕੇ ਬੜਮਾਜਰਾ ਲਾਗੇ ਨਾਕਾ ਲਾਇਆ। ਇਸੇ ਦੌਰਾਨ ਟੀਮ ਨੇ ਇਕ ਟੈਂਪੂ ਨੂੰ ਰੋਕਿਆ। ਜਦ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 680 ਕਿਲੋ ਪਨੀਰ ਬਰਾਮਦ ਹੋਇਆ ਜਿਸ ਦੀ ਕੀਮਤ ਲਗਭਗ ਡੇਢ ਲੱਖ ਰੁਪਏ ਬਣਦੀ ਹੈ। ਟੈਂਪੂ ਡਰਾਈਵਰ ਨੇ ਦਸਿਆ ਕਿ ਉਹ ਹਰਿਆਣਾ ਤੋਂ ਪਨੀਰ ਲਿਆ ਕੇ ਬੜਮਾਜਰਾ ਵਿਖੇ ਵੇਚਣ ਲਈ ਜਾ ਰਿਹਾ ਸੀ। ਡਾ. ਸੁਭਾਸ਼ ਮੁਤਾਬਕ ਪਨੀਰ ਦੀ ਖੇਪ ਨੂੰ ਸੀਜ਼ ਕਰ ਲਿਆ ਗਿਆ ਹੈ ਅਤੇ ਸੈਂਪਲ ਖਰੜ ਦੀ ਫ਼ੂਡ ਸੇਫ਼ਟੀ ਲੈਬ ਵਿਚ ਭੇਜ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੈਂਪਲ ਦੀ ਰੀਪੋਰਟ 48 ਘੰਟਿਆਂ ਮਗਰੋਂ ਆ ਜਾਵੇਗੀ ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਡਾ. ਸੁਭਾਸ਼ ਨੇ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਜ਼ਿਲ੍ਹੇ ਦੇ ਲੋਕਾਂ ਲਈ ਖਾਣ-ਪੀਣ ਦੀਆਂ ਮਿਆਰੀ, ਮਿਲਾਵਟ-ਰਹਿਤ ਅਤੇ ਸ਼ੁੱਧ ਚੀਜ਼ਾਂ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਚੈਂਕਿੰਗ ਰਾਹੀਂ ਮਿਲਾਵਟੀ ਚੀਜ਼ਾਂ ਬਣਾਉਣ ਅਤੇ ਵੇਚਣ ਵਾਲਿਆਂ ਵਿਰੁਧ ਕਾਰਵਾਈ ਕਰਦੀਆਂ ਰਹਿੰਦੀਆਂ ਹਨ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਸਖ਼ਤ ਸ਼ਬਦਾਂ ਵਿਚ ਹਦਾਇਤ ਕੀਤੀ ਕਿ ਮਿਆਦ ਪੁੱਗੀਆਂ, ਮਿਲਾਵਟੀ ਅਤੇ ਬੇਮਿਆਰੀ ਚੀਜ਼ਾਂ ਦੀ ਵਿਕਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ “ਫ਼ੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ” ਤਹਿਤ ਅਜਿਹੀਆਂ ਚੀਜ਼ਾਂ ਕਿਸੇ ਵੀ ਹਾਲਤ ਵਿਚ ਵੇਚੀਆਂ ਨਹੀਂ ਜਾ ਸਕਦੀਆਂ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਲਾਉਣ ਤੋਂ ਇਲਾਵਾ ਉਸ ਦੇ ਵਿਕਰੀ ਲਾਇਸੰਸ ਵੀ ਰੱਦ ਕੀਤਾ ਜਾ ਸਕਦਾ ਹੈ।ਡਾ. ਸੁਭਾਸ਼ ਨੇ ਕਿਹਾ ਕਿ ਖਾਣ-ਪੀਣ ਦੀਆਂ ਚੀਜ਼ਾਂ ਬਣਾਉਣ ਅਤੇ ਵੇਚਣ ਵਾਲਿਆਂ ਲਈ ਰਜਿਸਟਰੇਸ਼ਨ ਕਰਾਉਣਾ ਲਾਜ਼ਮੀ ਹੈ। ਜਿਨ੍ਹਾਂ ਨੇ ਇਹ ਰਜਿਸਟਰੇਸ਼ਨ ਨਹੀਂ ਕਰਵਾਈ, ਉਹ ਸਿਵਲ ਸਰਜਨ ਦਫ਼ਤਰ ਦੇ ਫ਼ੂਡ ਸੇਫ਼ਟੀ ਵਿੰਗ ਕੋਲ ਪਹੁੰਚ ਕਰਨ। ਡਾ. ਸੁਭਾਸ਼ ਨੇ ਦਸਿਆ ਕਿ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ’ਤੇ ਮੋਬਾਈਲ ਫ਼ੂਡ ਸੇਟਫ਼ੀ ਵੈਨ ਵੀ ਘੁੰਮ ਰਹੀ ਹੈ ਜਿਸ ਜ਼ਰੀਏ ਚੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਲੋਕ ਦੁੱਧ, ਘੀ ਜਾਂ ਹੋਰ ਚੀਜ਼ਾਂ ਦੇ ਮਿਆਰ ਦੀ ਪਰਖ ਵਿਚ ਇਸ ਵੈਨ ਵਿਚ ਕਰਵਾ ਸਕਦੇ ਹਨ। ਡੀ.ਐਚ.ਓ. ਨੇ ਲੋਕਾਂ ਨੂੰ ਵੀ ਭੋਜਨ ਪਦਾਰਥਾਂ ਦੀ ਗੁਣਵੱਤਾ ਪ੍ਰਤੀ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ ਦੀ ਅਪੀਲ ਕੀਤੀ। ਚੈਕਿੰਗ ਟੀਮ ਵਿਚ ਫ਼ੂਡ ਸੇਫ਼ਟੀ ਅਫ਼ਸਰ ਮੋਹਾਲੀ ਰਵੀਨੰਦਨ ਗੋਇਲ, ਲਵਪ੍ਰੀਤ ਸਿੰਘ ਆਦਿ ਸ਼ਾਮਲ ਸਨ।