5 Dariya News

ਪੀ.ਪੀ.ਸੀ.ਸੀ. ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੋਗਾ ਵਿਖੇ ਬੱਸ ਹਾਦਸੇ ਵਿੱਚ ਜ਼ਖਮੀ ਹੋਏ ਕਾਂਗਰਸੀ ਵਰਕਰ ਰਛਪਾਲ ਸਿੰਘ ਦਾ ਹਾਲ-ਚਾਲ ਪੁੱਛਣ ਡੀ.ਐਮ.ਸੀ. ਪਹੁੰਚੇ

ਸਿੱਧੂ ਨਾਲ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ ਤੇ ਕਈ ਵਿਧਾਇਕ ਵੀ ਮੌਜੂਦ ਰਹੇ

5 Dariya News

ਲੁਧਿਆਣਾ 23-Jul-2021

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਪ੍ਰਧਾਨ ਸ੍ਰ. ਨਵਜੋਤ ਸਿੰਘ ਸਿੱਧੂ ਮੋਗਾ ਵਿਖੇ ਦੋ ਬੱਸਾਂ ਵਿਚਕਾਰ ਹੋਈ ਟੱਕਰ ਕਾਰਨ ਜ਼ਖਮੀ ਹੋਏ ਕਾਂਗਰਸੀ ਵਰਕਰ ਸ੍ਰ. ਰਛਪਾਲ ਸਿੰਘ ਪੁੱਤਰ ਸ਼੍ਰੀ ਬਾਜ ਸਿੰਘ, ਵਾਸੀ ਮਲਸੀਆਂ ਕਲਾਂ, ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਦਾ ਹਾਲ-ਚਾਲ ਪੁੱਛਣ ਲਈ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐਮ.ਸੀ.ਐਚ) ਲੁਧਿਆਣਾ ਵਿਖੇ ਅੱਜ ਉਚੇਚੇ ਤੌਰ 'ਤੇ ਪਹੁੰਚੇ।ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਸ਼੍ਰ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਸ਼੍ਰ. ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਸ਼੍ਰ. ਸੁਖਬਿੰਦਰ ਸਿੰਘ ਸਰਕਾਰੀਆ, ਵਿਧਾਇਕ ਸ਼੍ਰ. ਕੁਲਬੀਰ ਸਿੰਘ ਜ਼ੀਰਾ, ਵਿਧਾਇਕ ਸ੍ਰ. ਵਰਿੰਦਰਮੀਤ ਸਿੰਘ ਪਾੜ੍ਹਾ, ਵਿਧਾਇਕ ਸ੍ਰ. ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਸ਼੍ਰ. ਦਵਿੰਦਰ ਸਿੰਘ ਘੁਬਾਇਆ ਅਤੇ ਹੋਰ ਕਈ ਵਿਧਾਇਕ, ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ਼੍ਰੀ ਰਾਕੇਸ਼ ਅਗਰਵਾਲ ਮੌਜੂਦ ਸਨ।ਸ੍ਰ. ਸਿੱਧੂ ਨੇ ਕਾਂਗਰਸੀ ਵਰਕਰ ਸ੍ਰ. ਰਛਪਾਲ ਸਿੰਘ ਦਾ ਇਲਾਜ ਕਰਨ ਵਾਲੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐਮ.ਸੀ.ਐਚ) ਦੇ ਡਾਕਟਰਾਂ ਤੋਂ ਚੱਲ ਰਹੇ ਇਲਾਜ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਡਾਕਟਰਾਂ ਨੇ ਸ੍ਰ. ਸਿੱਧੂ ਨੂੰ ਦੱਸਿਆ ਕਿ ਰਛਪਾਲ ਸਿੰਘ ਜਲਦ ਸਿਹਤਯਾਬ ਹੋ ਜਾਣਗੇ ਅਤੇ ਸ੍ਰ. ਸਿੱਧੂ ਨੇ ਕਾਂਗਰਸੀ ਵਰਕਰ ਸ੍ਰ. ਰਛਪਾਲ ਸਿੰਘ ਦੇ ਪੁੱਤਰ ਗੁਰਜੰਟ ਸਿੰਘ ਨੂੰ ਗਲਵੱਕੜੀ ਵਿੱਚ ਲੈ ਕੇ ਦਿਲਾਸਾ ਦਿੱਤਾ।ਸ੍ਰ. ਸਿੱਧੂ ਨੇ ਕਿਹਾ ਕਿ ਇਸ ਦੁੱਖ ਦੇ ਬੋਝ ਨੂੰ ਘੱਟ ਕਰਨ ਲਈ ਸਰਕਾਰ ਵੱਲੋਂ ਜਿਹੜੇ ਸਾਡੇ ਕਾਂਗਰਸੀ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ, ਦੀ ਮੌਤ ਹੋਈ ਹੈ ਉਨ੍ਹਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਅਤੇ ਜਿਹੜੇ ਪੀੜਤ ਜ਼ੇਰੇ ਇਲਾਜ ਹਨ ਉਨ੍ਹਾਂ ਦੇ ਇਲਾਜ ਲਈ 50 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਕਾਂਗਰਸੀ ਵਰਕਰ ਸਾਡੀ ਪਾਰਟੀ ਦੀ ਆਨ, ਬਾਨ, ਸ਼ਾਨ ਹਨ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਹੁਲ ਚਾਬਾ, ਜੁਆਇੰਟ ਪੁਲਿਸ ਕਮਿਸ਼ਨਰ ਸ਼੍ਰੀ ਦੀਪਕ ਪਾਰਿਕ, ਏ.ਡੀ.ਸੀ.ਪੀ. ਸ਼੍ਰੀ ਸਮੀਰ ਵਰਮਾ, ਏ.ਸੀ.ਪੀ. ਜਤਿੰਦਰ ਚੋਪੜਾ, ਡਾਕਟਰ ਬਿਸ਼ਵ ਮੋਹਨ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।