ਮਜੀਠੀਆ ਨੇ ਕਾਂਗਰਸ ਪ੍ਰਧਾਨ ਬਾਜਵਾ ਨੂੰ ਪੰਜਾਬ ਤੋਂ ਖੁਦ ਪਾਰਲੀਮੈਂਟ ਚੋਣ ਲੜਨ ਦਾ ਕੀਤਾ ਚੈਲੰਜ
ਕਾਂਗਰਸ ਆਗੂ ਚੋਣ ਲੜਨ ਦੀ ਥਾਂ ਤੇ ਰਾਜ ਸਭਾ ਮੈਂਬਰ ਬਣਨ ਨੂੰ ਦੇ ਰਹੇ ਤਰਜੀਹ : ਮਜੀਠੀਆ
5 ਦਰਿਆ ਨਿਊਜ਼
ਹੁਸ਼ਿਆਰਪੁਰ 27-Feb-2014
ਬਿਕਰਮ ਸਿੰਘ ਮਜੀਠੀਆ ਸੂਚਨਾ, ਲੋਕ ਸੰਪਰਕ ਅਤੇ ਮਾਲ ਮੰਤਰੀ ਪੰਜਾਬ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਗੁਰਦਾਸਪੁਰ ਪਾਰਲੀਮਾਨੀ ਹਲਕੇ ਤੋਂ ਚੋਣ ਲੜਨ ਦਾ ਚੈਲੰਜ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁੱਦੇ ਦੇ ਉਮੀਦਵਾਰ ਤੋਂ ਭਾਜੂ ਹੋਣ ਅਤੇ ਪੰਜਾਬ ਵਿੱਚ ਪ੍ਰਤਾਪ ਸਿੰਘ ਬਾਜਵਾ ਵੱਲੋਂ ਪਾਰਲੀਮੈਂਟ ਚੋਣ ਖੁਦ ਲੜਨ ਤੋਂ ਕਿਨਾਰਾ ਕਰਨ ਤੇ ਸਾਫ਼ ਜਾਹਿਰ ਹੋ ਰਿਹਾ ਹੈ ਕਿ ਕਾਂਗਰਸ ਪਾਰਲੀਮੈਂਟ ਚੋਣਾਂ ਵਿੱਚ ਪਹਿਲਾਂ ਹੀ ਆਪਣੀ ਹਾਰ ਕਬੂਲ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਭ੍ਰਿਸ਼ਟਾਚਾਰ, ਮਹਿੰਗਾਈ, ਗਰੀਬੀ, ਬੇਰੋਜ਼ਗਾਰੀ ਅਤੇ ਘੱਟ ਗਿਣਤੀਆਂ ਦੇ ਖੂਨ ਵਿੱਚ ਲਿਪਤ ਨਾ ਹੁੰਦੀ ਤਾਂ ਕਾਂਗਰਸ ਨੂੰ ਅੱਜ ਮਾੜੀ ਕਾਰਗੁਜ਼ਾਰੀ ਦਾ ਸਾਹਮਣਾ ਨਾ ਕਰਨਾ ਪੈਦਾ।ਮਜੀਠੀਆ ਅੱਜ ਇਥੇ ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਵਿਖੇ 97 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਸਬਤਹਿਸੀਲ ਦਫ਼ਤਰ ਅਤੇ ਪਟਵਾਰ ਵਰਕ ਸੈਂਟਰ ਦਾ ਉਦਘਾਟਨ ਕਰਨ ਉਪਰੰਤ ਇੱਕ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕਾਂਗਰਸ ਇਨ੍ਹਾਂ ਪਾਰਲੀਮਾਨੀ ਚੋਣਾਂ ਵਿੱਚ ਮੁੱਦਾਹੀਣ ਹੈਣ ਕਰਕੇ ਅਕਾਲੀ ਆਗੂਆਂ ਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਖਿਲਾਫ ਨਸ਼ਾ ਤਸਕਰੀ ਸਬੰਧੀ ਜੇ ਕਾਂਗਰਸ ਕੋਲ ਕੋਈ ਸਬੂਤ ਸਨ ਤਾਂ ਉਸ ਨੂੰ ਹਾਈ ਕੋਰਟ ਵਿੱਚ ਪੇਸ਼ ਕਰਨੇ ਚਾਹੀਦੇ ਸਨ ਜਦ ਕਿ ਕਾਂਗਰਸ ਨੇ ਸਬੂਤ ਨਾ ਹੋਣ ਕਰਕੇ ਹੀ ਲੋਕ ਹਿੱਤ ਵਿੱਚ ਪਾਈ ਪਟੀਸ਼ਨ ਵੀ ਅਦਾਲਤ ਵਿੱਚੋਂ ਵਾਪਸ ਕਰ ਲਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸੀ ਬੀ ਆਈ ਨੂੰ ਆਪਣੇ ਵਿਰੋਧੀਆਂ ਤੇ ਦਬਾ ਪਾਉਣ ਲਈ ਵਰਤਦੀ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਦਾ ਆਗੂ ਕਾਂਗਰਸ ਤੋਂ ਦੂਰ ਜਾਂਦਾ ਹੈ ਤਾਂ ਕਾਂਗਰਸ ਉਸ ਨੂੰ ਡਰਾਉਣ ਲਈ ਸੀ ਬੀ ਆਈ ਦੀ ਵਰਤੋਂ ਕਰਦੀ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਅੱਜ ਆਪਣੀ ਮਾੜੀ ਕਾਰਗੁਜ਼ਾਰੀ ਕਰਕੇ ਪਾਰਲੀਮੈਂਟ ਚੋਣਾਂ ਲੜਨ ਦੀ ਥਾਂ ਤੇ ਰਾਜ ਸਭਾ ਦਾ ਮੈਂਬਰ ਬਣਨ ਲਈ ਤਰਜੀਹ ਦੇ ਰਹੇ ਹਨ। ਉਨ੍ਹਾਂ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਰਾਜ ਮੰਤਰੀ ਸ੍ਰੀਮਤੀ ਸੰਤੋਸ਼ ਚੌਧਰੀ ਤੇ ਵਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਇਹ ਦੱਸਣ ਕਿ ਪਿਛਲੇ ਕਾਂਗਰਸ ਦੇ 10 ਸਾਲ ਦੇ ਅਰਸੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਲਈ ਕਿਹੜਾ ਪ੍ਰੋਜੈਕਟ ਲੈ ਕੇ ਆਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੁਸ਼ਿਆਰਪੁਰ ਤੋਂ ਅਜਿਹਾ ਉਮੀਦਵਾਰ ਜਿਤਾ ਕੇ ਭੇਜਣ ਜਿਹੜਾ ਕਿ ਰਾਹੁਲ ਤੇ ਸੋਨੀਆ ਦੀ ਜੀ ਹਜੂਰੀ ਕਰਨ ਦੀ ਥਾਂ ਤੇ ਲੋਕਾ ਲਈ ਕੰਮ ਕਰੇ। ਉਨ੍ਹਾ ਕਿਹਾ ਕਿ ਕੋਈ ਸਮਾਂ ਹੁੰਦਾ ਸੀ ਜਦੋਂ ਕਾਂਗਰਸ ਪੂਰੇ ਦੇਸ਼ ਭਰ ਵਿੱਚ 500 ਤੋਂ ਵੱਧ ਸੀਟਾਂ ਜਿੱਤਦੀ ਸੀ ਪਰ ਅੱਜ ਮਾੜੇ ਕੰਮਾਂ ਕਰਕੇ ਕਾਂਗਰਸ ਦੇ ਇਹ ਹਾਲਾਤ ਹਨ ਕਿ ਉਹ 100 ਸੀਟ ਵੀ ਜਿੱਤਣ ਦੇ ਸਮਰੱਥ ਨਹੀਂ ਹੈ।
ਮਜੀਠੀਆ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਪੰਜਾਬ ਦੇ ਖਾਲੀ ਖ਼ਜ਼ਾਨੇ ਸਬੰਧੀ ਝੂਠੀ੍ਰਆਂ ਅਫਵਾਹਾਂ ਫੈਲੀਆਂ ਜਾ ਰਹੀਆਂ ਹਨ ਜਦ ਕਿ ਸਰਕਾਰ ਵੱਲੋਂ ਕਰੋੜਾਂ ਰੁਪਏ ਦੇ ੍ਰਪ੍ਰੋਜੈਕਟ ਦੇ ਉਦਘਾਟਨ ਕੀਤੇ ਜਾ ਰਹੇ ਹਨ ਅਤੇ ਨੀਂਹ ਪੱਥਰ ਰੱਖੇ ਜਾ ਰਹੇ ਹਨ। ਉਨ੍ਹਾਂ ਮਾਲ ਵਿਭਾਗ ਦੇ ਆਧੁਨੀਕੀਕਰਨ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 400 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਪ੍ਰਸ਼ਾਸ਼ਕੀ ਕੰਪਲੈਕਸ, ਸਬ ਡਵੀਜ਼ਨਲ ਦਫਤਰ, ਸਬ ਰਜਿਸਟਰਾਰ ਅਤੇ ਪਟਵਾਰ ਕੇਂਦਰ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਪ੍ਰਬੰਧਕੀ ਕੰਪਲੈਕਸਾਂ ਤੇ 100 ਕਰੋੜ ਰੁਪਏ, ਐਸ ਡੀ ਐਮ ਦਫ਼ਤਰਾਂ ਤੇ 35 ਕਰੋੜ, ਪਟਵਾਰਾਂ ਕੇਂਦਰਾਂ ਤੇ 85 ਕਰੋੜ ਅਤੇ 163 ਫਰਦ ਕੇਂਦਰਾਂ ਤੇ 15 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਮਾਲ ਵਿਭਾਗ ਵਿੱਚ ਕੀਤੇ ਜਾ ਰਹੇ ਸੁਧਾਰਾਂ ਨਾਲ ਲੋਕਾਂ ਨੂੰ ਇੱਕ ਛੱਤ ਹੇਠ ਸਾਰੀਆਂ ਸਹੂਲਤਾਂ ਪ੍ਰਾਪਤ ਹੋਣਗੀਆਂ ਅਤੇ ਪਟਵਾਰੀਆਂ ਦੇ ਇੱਕ ਸੈਂਟਰ ਵਿੱਚ ਬੈਠ ਕੇ ਕੰਮ ਕਰਨ ਨਾਲ ਲੋਕਾਂ ਨੂੰ ਮਾਲ ਵਿਭਾਗ ਸਬੰਧੀ ਕੰਮ ਕਰਾਉਣ ਵਿੱਚ ਆਸਾਨੀ ਹੋਵੇਗੀ। ਇਸ ਮੌਕੇ ਹਲਕਾ ਟਾਂਡਾ ਦੇ ਇੰਚਾਰਜ ਸ੍ਰ: ਅਰਵਿੰਦਰ ਸਿੰਘ ਰਸੂਲਪੁਰ ਨੇ ਹਲਕੇ ਵੱਲੋਂ ਸ੍ਰ: ਮਜੀਠੀਆ ਨੂੰ ਸਿਰਪਾਓ ਅਤੇ ਸ੍ਰੀ ਸਾਹਿਬ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਬੀਬੀ ਮਹਿੰਦਰ ਕੌਰ ਜੋਸ਼ ਮੁੱਖ ਪਾਰਲੀਮਾਨੀ ਸਕੱਤਰ, ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਵਿਧਾਇਕ ਗੜ੍ਹਸ਼ੰਕਰ, ਸ੍ਰੀਮਤੀ ਤਨੂ ਕਸ਼ਯਪ ਡਿਪਟੀ ਕਮਿਸ਼ਨਰ, ਸ੍ਰੀ ਨਰਿੰਦਰ ਭਾਰਗਵ ਐਸ ਐਸ ਪੀ, ਜ਼ਿਲ੍ਹਾ ਪ੍ਰਧਾਨ ਸਰਬਜੋਤ ਸਿੰਘ ਸਾਬੀ ਚੇਅਰਮੇਨ ਜ਼ਿਲ੍ਹਾ ਪ੍ਰੀਸਦ, ਸਤਵਿੰਦਰ ਪਾਲ ਸਿੰਘ ਢੱਟ ਚੇਅਰਮੈਨ ਸਹਿਕਾਰੀ ਬੇਂਕ, ਇਕਬਾਲ ਸਿੰਘ ਜੌਹਲ ਜ਼ਿਲ੍ਹਾ ਜਨਰਲ ਸਕੱਤਰ, ਕਮਲਜੀਤ ਸਿੰਘ ਕੁਲਾਰ, ਅਵਤਾਰ ਸਿੰਘ ਜੌਹਲ, ਤਾਰਾ ਸਿੰਘ ਸੱਲ੍ਹਾਂ ਮੈਂਬਰ ਐਸ ਜੀ ਪੀ ਸੀ, ਸੁਖਵਿੰਦਰ ਮੂਨਕ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਬੰਸ ਸਿੰਘ ਚੇਅਰਮੈਨ ਬਲਾਕ ਸੰਮਤੀ, ਬਰਜਿੰਦਰ ਸਿੰਘ ਐਸ ਡੀ ਐਮ ਦਸੂਹਾ, ਪਿਆਰਾ ਸਿੰਘ ਡੀ ਐਸ ਪੀ ਟਾਂਡਾ, ਗੁਰਦੀਪ ਦਾਰਾਪੁਰ, ਕੁਲਦੀਪ ਸਿੰਘ ਬੁੱਟਰ, ਗੁਰਸ਼ਰਮਿੰਦਰ ਸਿੰਘ ਰੰਮੀ ਯੂਥ ਪ੍ਰਧਾਨ, ਅਵਤਾਰ ਸਿੰਘ ਧੁੱਗਾ, ਨਵਨੀਤ ਕੌਰ ਧੁੱਗਾ, ਕੁਲਵੰਤ ਸਿੰਘ ਐਸ ਐਚ ਓ ਗੜ੍ਹਦੀਵਾਲਾ, ਸਰਦਾਰਾ ਸਿੰਘ ਢੱਟ, ਪਿੰਡਾਂ ਦੇ ਪੰਚ ਸਰਪੰਚ, ਨੰਬਰਦਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ।