5 Dariya News

ਪੰਜਾਬ ਰਾਜ ਜਲਦੀ ਹੀ ਬਿਜਲੀ ਦੀ ਪੈਦਾਵਾਰ ਪੱਖੋਂ ਸਰਪਲਸ ਬਣ ਜਾਵੇਗਾ : ਬੱਚੀ

ਖਿਜਰਾਬਾਦ ਵਿਖੇ 4 ਕਰੋੜ ਰੁਪਏ ਦੀ ਲਾਗਤ ਨਾਲ ਬਣੇ 66 ਕੇ.ਵੀ ਗਰਿਡ ਦਾ ਕੀਤਾ ਉਦਘਾਟਨ

5 ਦਰਿਆ ਨਿਊਜ਼

ਕੁਰਾਲੀ/ ਮਾਜਰੀ 27-Feb-2014

ਪੰਜਾਬ ਰਾਜ ਜਲਦੀ ਹੀ ਬਿਜਲੀ ਦੀ ਪੈਦਾਵਾਰ ਪੱਖੋ ਸਰਪਲਸ ਸੂਬਾ ਬਣ ਜਾਵੇਗਾ ਅਤੇ ਇਹ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜੋ ਵਾਧੂ ਬਿਜਲੀ ਦੂਜੇ ਸੂਬਿਆਂ ਨੂੰ ਵੇਚੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਪ੍ਰਬੰਧਕੀ ਗੁਰਬਚਨ ਸਿੰਘ ਬੱਚੀ ਨੇ ਖਿਜ਼ਰਾਬਾਦ ਵਿਖੇ 4 ਕਰੋੜ ਰੁਪਏ ਦੀ ਲਾਗਤ ਨਾਲ ਬਣੇ 66 ਕੇ.ਵੀ ਸਬ ਸਟੇਸ਼ਨ ਦਾ ਹਲਕਾ ਇੰਚਾਰਜ ਤੇ ਜ਼ਿਲ੍ਹਾ ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੀ ਮੌਜੂਦਗੀ ਵਿੱਚ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਬੱਚੀ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਰਾਜ ਅੰਦਰ 22 ਸਾਲ ਦੀ ਉਡੀਕ ਸੂਚੀ ਨੂੰ ਪੂਰਾ ਕਰਦੇ ਹੋਏ ਪੰਜਾਬ ਦੇ ਕਿਸਾਨਾਂ ਨੂੰ 1 ਲੱਖ ਬਿਜਲੀ ਦੇ ਕੁਨੈਕਸ਼ਨ ਵੰਡੇ ਅਤੇ ਢਾਈ ਏਕੜ ਜ਼ਮੀਨ ਦੇ ਮਾਲਕਾਂ ਨੂੰ ਸਾਲ 2013 ਤੱਕ ਦੀ ਮੰਗ ਅਨੁਸਾਰ ਡਿਮਾਂਡ ਨੋਟਸ ਭੇਜ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਿਜਲੀ ਦੀ ਸਮੱਸਿਆ ਨੂੰ 90ਫੀਸਦੀ ਤੱਕ ਹੱਲ ਕੀਤਾ ਗਿਆ ਅਤੇ ਖਪਤਕਾਰਾਂ ਨੂੰ ਨਿਰਵਿਘਨ ਅਤੇ ਪਾਏਦਾਰ ਬਿਜਲੀ ਸਪਲਾਈ ਮੁਹਈਆਂ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨਾਂ ਨੂੰ 3 ਗਰੁੱਪਾਂ ਵਿੱਚ ਵੰਡਕੇ 8 ਘੰਟੇ ਬਿਜਲੀ ਮਿਲੇਗੀ ਅਤੇ ਆਮ ਬਿਜਲੀ ਦੇ ਕੱਟਾਂ ਤੇ ਵੀ ਕੰਟਰੋਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖਿਜਰਾਬਾਦ ਪਿੰਡ ਨੂੰ ਅੱਜ ਤੋਂ ਹੀ 24 ਘੰਟੇ ਬਿਜਲੀ ਦੀ ਸਪਲਾਈ ਨਿਰਵਿਘਨ ਜਾਰੀ ਰਹੇਗੀ। ਇਸ ਮੌਕੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਅਤੇ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਅਸਲ ਵਿੱਚ ਵਿਕਾਸ ਕਾਰਜ ਕਰ ਰਹੀਂ ਹੈ ਜਦਕਿ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਹਮੇਸ਼ਾਂ ਵਿਕਾਸ ਕਾਰਜਾਂ ਦੇ ਨਾਂ ਤੇ ਡਰਾਮੇ ਰਚਕੇ ਆਮ ਲੋਕਾਂ ਨਾਲ ਧੋਖਾ ਹੀ ਕਰਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕੇਂਦਰੀ ਫੰਡਾਂ ਦੀ ਵਧੇਰੇ ਸ਼ਮੂਲੀਅਤ ਕਰਨ ਲਈ ਆਉਣ ਵਾਲੀਆਂ ਲੋਕ ਚੋਣਾਂ ਦੌਰਾਨ ਦੇਸ ਦਾ ਪ੍ਰਧਾਨ ਮੰਤਰੀ  ਸ੍ਰੀ ਨਰਿੰਦਰ ਮੋਦੀ ਨੂੰ ਬਣਾਉਣ ਲਈ ਇਕੱਠੇ ਹੋ ਕੇ ਪੁਰੇ ਪੰਜਾਬ ਵਿੱਚੋਂ ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਾ ਕੇ ਲੋਕ ਸਭਾ 'ਚ ਭੇਜਿਆ ਜਾਵੇ। 

ਇਸ ਮੌਕੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਇਲਾਕਾ ਵਾਸੀਆਂ ਨੂੰ 66ਕੇ.ਵੀ ਸਬ ਸਟੇਸ਼ਨ ਮਿਲਣ ਤੇ ਵਧਾਈ ਦਿੰਦਿਆਂ  ਕਿਹਾ ਕਿ ਇਸ ਗਰਿੱਡ ਤੋਂ ਇਲਾਕੇ ਦੇ 30 ਪਿੰਡਾਂ ਨੂੰ ਅਸਿੱਧੇ ਤੋਰ ਤੇ ਫਾਇਦਾ ਪਹੁੰਚੇਗਾ। ਜਦਕਿ  15 ਪਿੰਡਾਂ ਨੂੰ ਸਿੱਧੇ ਰੂਪ ਵਿੱਚ ਫਾਇਦਾ ਹੋਵੇਗਾ। ਜਿਸ ਨਾਲ ਲਾਈਨਾਂ ਦੀ ਲੰਬਾਈ ਘੱਟਣ ਨਾਲ ਬਿਜਲੀ ਦੀ ਨਿਰਵਿਘਨ ਸਪਲਾਈ ਮਿਲੇਗੀ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ 200 ਦੇ ਕਰੀਬ ਛੋਟੇ ਕਿਸਾਨਾਂ ਨੂੰ ਖੇਤੀਬਾੜੀ ਲਈ ਬਿਜਲੀ ਦੇ ਡਿਮਾਂਡ ਨੋਟਿਸ ਦਿੱਤੇ ਗਏ  ਉਨ੍ਹਾਂ ਨੂੰ ਵੀ ਇਸ ਗਰਿਡ ਤੋਂ ਕੁਨੈਕਸ਼ਨ ਦੇਣ ਵਿੱਚ ਸਹੂਲਤ ਹੋਵੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਪਰਕਾਸ ਸਿੰਘ ਬਾਦਲ ਦੀ ਅਸ਼ੀਰਵਾਦ ਨਾਲ ਪਿਛਲੇ ਦੋ ਸਾਲਾਂ ਦੌਰਾਨ ਉਨ੍ਹਾਂ ਨੇ ਹਲਕੇ ਵਿੱਚ 93 ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿੱਚ ਵੀ 9 ਕਰੋੜ ਰੁਪਏ ਦੇ ਕਰੀਬ ਰਾਸ਼ੀ ਵਿਕਾਸ ਕਾਰਜਾਂ ਤੇ ਖਰਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਜਰਾ ਵਿਖੇ 110 ਕੇ.ਵੀ  ਸਬ ਸਟੇਸ਼ਨ ਦੀ ਸਮਰੱਥਾ ਨੂੰ ਵੱਧਾ ਕੇ 220 ਕੇ.ਵੀ ਕੀਤਾ ਗਿਆ। ਪਿੰਡ ਸਿਉਂਕ ਵਿਖੇ 66 ਕੇ.ਵੀ ਸਬ ਸਟੇਸ਼ਨ ਬਣ ਕੇ ਤਿਆਰ ਹੋ ਗਿਆ ਜਿਸ ਦਾ ਛੇਤੀ ਉਦਘਾਟਨ ਕੀਤਾ ਜਾਵੇਗਾ ਅਤੇ  ਹਲਕੇ ਦੇ ਪਿੰਡ ਚਡਿਆਲਾ ਸੂਦਾਂ ਵਿਖੇ ਡਾਇਰੈਕਟਰ ਪ੍ਰਬੰਧਕੀ ਪੀ.ਅੈਸ.ਪੀ.ਸੀ.ਐਲ ਸ੍ਰ: ਗੁਰਬਚਨ ਸਿੰਘ ਬੱਚੀ ਵੱਲੋਂ ਅੱਜ ਹੀ 4 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ ਗਰਿੱਡ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਅਤੇ ਇਹ ਗਰਿੱਡ ਵੀ 30 ਜੂਨ ਤੱਕ ਮੁਕੰਮਲ ਹੋ ਜਾਵੇਗਾ।ਇਸ ਮੌਕੇ ਚੇਅਰਪਰਸਨ ਜ਼ਿਲ੍ਹਾ ਪੀ੍ਰਸ਼ਦ ਬੀਬੀ ਪਰਮਜੀਤ ਕੌਰ ਬਡਾਲੀ, ਸ੍ਰ: ਅਜਮੇਰ ਸਿੰਘ ਖੇੜਾ, ਸ੍ਰ: ਚਰਨਜੀਤ ਸਿੰਘ ਕਾਲੇਵਾਲ (ਦੋਵੇ ਐਸ.ਜੀ.ਪੀ.ਸੀ ਮੈਂਬਰ), ਬਲਾਕ ਸਮੰਤੀ ਮਾਜਰੀ ਦੀ ਚੇਅਰਪਰਸਨ ਬੀਬੀ ਮਨਜੀਤ ਕੌਰ, ਵਾਇਸ ਚੇਅਰਮੈਨ ਸ੍ਰ: ਮਨਦੀਪ ਸਿੰਘ, ਮੈਂਬਰ ਨਰੇਸ ਪਾਲ, ਡਿੰਪਲ ਰਿਠੋਰ, ਮਨਜੀਤ ਸਿੰਘ ਮਹਿਰੋਲੀ, ਯੂਥ  ਅਕਾਲੀ ਆਗੂ ਸ੍ਰ: ਸਾਹਿਬ ਸਿੰਘ ਬਡਾਲੀ, ਸ੍ਰ: ਰਾਣਾ ਰਣਬੀਰ ਸਿੰਘ, ਸ੍ਰ: ਹਰਦੇਵ ਸਿੰਘ, ਸ੍ਰ: ਜਸਪਾਲ ਸਿੰਘ ਬਡਾਲੀ ਸਮੇਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੁੱਖ ਇੰਜੀਨੀਅਰ (ਰੋਪੜ) ਇੰਜ. ਜੇ.ਕੇ. ਵੈਦ, ਵਧੀਕ ਨਿਗਰਾਨ ਇੰਜ. ਪੀ.ਐਸ. ਬੈਂਸ, ਸੀਨੀਅਰ ਕਾਰਜਕਾਰੀ ਨਿਗਰਾਨ ਇੰਜ. ਐਨ.ਐਸ. ਰੰਗੀ, ਐਸ.ਡੀ.ਓ ਖਰੜ ਸ੍ਰ: ਹਰਿੰਦਰ ਸਿੰਘ ਅਤੇ ਸ੍ਰ: ਮਨਦੀਪ ਸਿੰਘ ਅਤੇ  ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਮੌਜੂਦ ਸਨ।