5 Dariya News

ਪੰਜਾਬ 'ਚ ਨਵੀਂ ਆਟਾ ਦਾਲ ਸਕੀਮ ਦਾ 31 ਲੱਖ 50 ਹਜ਼ਾਰ ਪਰਿਵਾਰਾਂ ਨੂੰ ਮਿਲੇਗਾ ਲਾਭ : ਕੈਰੋਂ

1 ਰੁਪਏ ਕਿੱਲੋ ਕਣਕ ਅਤੇ 20 ਰੁਪਏ ਕਿੱਲੋਂ ਦਿੱਤੀ ਜਾਵੇਗੀ ਦਾਲ

5 ਦਰਿਆ ਨਿਊਜ਼

ਐਸ.ਏ.ਐਸ.ਨਗਰ 26-Feb-2014

ਪੰਜਾਬ ਵਿੱਚ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵੱਲੋਂ ਹਾਲ ਹੀ ਵਿੱਚ ਰਾਜ ਦੇ ਨੀਲੇ ਕਾਰਡ ਹੋਲਡਰਾਂ ਅਤੇ ਬੀ.ਪੀ.ਐਲ ਪਰਿਵਾਰਾਂ ਨੂੰ 1 ਰੁਪਏ ਕਿੱਲੋ ਕਣਕ ਅਤੇ 20 ਰੁਪਏ ਕਿੱਲੋ ਦਾਲ ਵੰਡਣ ਦੀ ਸਕੀਮ ਤਹਿਤ ਰਾਜ ਦੇ 31 ਲੱਖ 50 ਹਜ਼ਾਰ ਪਰਿਵਾਰਾਂ ਦੇ 1 ਕਰੋੜ 45 ਲੱਖ ਦੇ ਕਰੀਬ ਜੀਆਂ ਨੂੰ ਲਾਭ ਪੁੱਜੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੰਜਾਬ  ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਚੱਪੜਚਿੜੀ ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਆਟਾ ਦਾਲ ਸਕੀਮ ਦੇ ਲਾਭ ਪਾਤਰੀਆਂ ਨੂੰ ਕਣਕ ਅਤੇ ਦਾਲ ਵੰਡਣ ਦੀ ਸ਼ੁਰੂਆਤ ਕਰਨ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। 

ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੰਜਾਬ ਨੇ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਪਹਿਲੀ ਸਰਕਾਰ ਸੀ ਜਿਸ ਨੇ ਦੇਸ਼ 'ਚ ਸਭ ਤੋਂ ਪਹਿਲਾਂ ਆਟਾ ਦਾਲ ਸਕੀਮ ਸ਼ੁਰੂ ਕੀਤੀ ਸੀ। ਉਹਨਾਂ ਦੱਸਿਆ ਕਿ ਪਹਿਲਾਂ ਇਸ ਸਕੀਮ ਅਧੀਨ 18 ਲੱਖ ਪਰਿਵਾਰਾਂ ਨੂੰ 4 ਰੁਪਏ ਕਿੱਲੋ ਕਣਕ ਤੇ 20 ਰੁਪਏ ਕਿੱਲੋ ਦਾਲ ਦਿੱਤੀ ਜਾਂਦੀ ਸੀ ਪ੍ਰੰਤੂ ਹੁਣ ਪੰਜਾਬ ਸਰਕਾਰ ਨੇ ਇਸ ਸਕੀਮ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਕੇ 13 ਲੱਖ 50 ਹਜ਼ਾਰ ਪਰਿਵਾਰਾਂ ਨੂੰ ਹੋਰ ਸ਼ਾਮਿਲ ਕੀਤਾ ਹੈ ਅਤੇ ਹੁਣ ਲਾਭਪਾਤਰੀਆਂ ਨੂੰ 1 ਰੁਪਏ ਕਿੱਲੋ ਕਣਕ ਅਤੇ 20 ਰੁਪਏ ਕਿੱਲੋ ਦਾਲ ਦਿੱਤੀ ਜਾਵੇਗੀ। 

ਉਹਨਾਂ ਦੱਸਿਆ ਕਿ ਨਵੀਂ ਆਟਾ ਦਾਲ ਸਕੀਮ ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ 98 ਹਜ਼ਾਰ ਪਰਿਵਾਰਾਂ ਨੂੰ ਲਾਭ ਪੁੱਜੇਗਾ। ਸ੍ਰ ਕੈਰੋਂ ਨੇ ਹੋਰ ਕਿਹਾ ਕਿ ਨਵੀਂ ਆਟਾ ਦਾਲ ਸਕੀਮ ਨੂੰ ਲੋਕਾਂ ਦੇ ਸਹਿਯੋਗ ਨਾਲ ਪੂਰੀ ਪਾਰਦਰਸ਼ਤਾ ਅਤੇ ਸਫ਼ਲਤਾ ਨਾਲ ਚਲਾਇਆ ਜਾਵੇਗਾ ਜਿਸ ਲਈ ਸਮੇਂ ਸਮੇਂ ਲੋਕਾਂ ਦੇ ਸੁਝਾਅ ਵੀ ਲਏ ਜਾਣਗੇ। ਉਹਨਾਂ ਦੱਸਿਆ ਕਿ ਹੁਣ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਲੈਣ ਲਈ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਅਤੇ ਹੁਣ ਸਾਲ ਵਿੱਚ ਲਾਭਪਾਤਰੀ ਪਰਿਵਾਰਾਂ ਨੂੰ ਕਣਕ ਇਕੱਠੀ  ਦੋ ਵਾਰ ਜੂਨ ਅਤੇ ਦਸੰਬਰ ਮਹੀਨੇ ਦੌਰਾਨ ਵੰਡੀ ਜਾਇਆ ਕਰੇਗੀ ਅਤੇ ਲਾਭਪਾਤਰੀਆਂ ਨੂੰ ਪਿੰਡ ਵਿੱਚ ਹੀ ਕਣਕ ਤੇ ਦਾਲ ਭੇਜੀ ਜਾਇਆ ਕਰੇਗੀ। ਉਹਨਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਨਵੀਂ ਕਣਕ ਅਤੇ ਸਾਫ਼ ਸੁਥਰੀ ਦਾਲ ਮੁਹੱਈਆ ਕਰਵਾਈ ਜਾਇਆ ਕਰੇਗੀ । ਸ੍ਰ ਕੈਰੋਂ ਨੇ ਇਸ ਮੌਕੇ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਵੀ ਵੰਡੀ ਅਤੇ ਨਵੇਂ ਬਣਾਏ ਗਏ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਨੀਲੇ ਕਾਰਡ ਵੀ ਵੰਡੇ ਗਏ। ਸਮਾਗਮ ਨੂੰ ਐਸ.ਜੀ.ਪੀ.ਸੀ ਮੈਂਬਰ ਸ੍ਰ ਚਰਨਜੀਤ ਸਿੰਘ ਕਾਲੇਵਾਲ ਅਤੇ ਐਸ.ਡੀ.ਐਮ. ਸ੍ਰੀ ਲਖਮੀਰ ਸਿੰਘ ਨੇ ਵੀ ਸੰਬੋਧਨ ਕੀਤਾ। 

ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ, ਹਲਕਾ ਖਰੜ ਦੇ ਇੰਚਾਰਜ ਜਥੇਦਾਰ ਉਜਾਗਰ ਸਿੰਘ ਬਡਾਲੀ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦੀ ਸੁਪਤਨੀ ਬੀਬੀ ਬਲਵਿੰਦਰ ਕੌਰ, ਸ੍ਰ ਪਰਮਿੰਦਰ ਸਿੰਘ ਸੋਹਾਣਾ ਉੱਪ ਚੇਅਰਮੈਨ ਲੇਬਰਫੈਡ ਪੰਜਾਬ, ਸਕੱਤਰ ਜਨਰਲ ਇਸਤਰੀ ਅਕਾਲੀ ਦਲ ਬੀਬੀ ਸਤਵੰਤ ਕੌਰ ਜੌਹਲ, ਸਕੱਤਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਸ੍ਰੀ ਡੀ.ਐਸ. ਗਰੇਵਾਲ, ਡਾਇਰੈਕਟਰ ਸਤਵੰਤ ਸਿੰਘ ਜੌਹਲ, ਅਡੀਸ਼ਨਲ ਡਾਇਰੈਕਟਰ ਸ੍ਰੀ ਐਚ. ਐਸ. ਸਿੱਧੂ, ਐਚ.ਪੀ.ਐਸ. ਗਰੇਵਾਲ, ਐਮ.ਡੀ ਪਨਸ਼ਪ ਸ੍ਰੀ ਪੀ.ਐਸ. ਸ਼ੇਰਗਿੱਲ, ਜੀ.ਐਮ ਪਨਸਪ ਸ੍ਰੀ ਅਮਿਤ ਤਲਵਾੜ, ਡਿਪਟੀ ਡਾਇਰੈਕਟਰ ਸ੍ਰੀ ਜਸਵਿੰਦਰ ਸਿੰਘ, ਸ੍ਰੀਮਤੀ ਸਿਮਰਜੋਤ ਕੌਰ, ਸ੍ਰੀ ਕੇ.ਸੀ. ਕਾਜਲ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸ੍ਰੀ ਸਰਬਜੀਤ ਸਿੰਘ, ਸ੍ਰ ਜਸਪਾਲ ਸਿੰਘ ਬਸੀ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ,  ਸ੍ਰ ਰੇਸ਼ਮ ਸਿੰਘ ਚੇਅਰਮੈਨ ਬਲਾਕ ਸੰਮਤੀ ਖਰੜ, ਸ੍ਰ ਕਰਨੈਲ ਸਿੰਘ ਮੌਲੀ , ਸ੍ਰ ਦਿਦਾਰ ਸਿੰਘ, ਸ੍ਰੀ ਅਮਨਦੀਪ ਸਿੰਘ ਅਬਿਆਣਾ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਸ੍ਰੀ ਅਮਨਿੰਦਰ ਸਿੰਘ ਸਫ਼ੀਪੁਰ ਮੈਂਬਰ ਬਲਾਕ ਸੰਮਤੀ ਸਮੇਤ ਹੋਰ ਪੱਤਵੰਤੇ , ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ।