ਰਾਹੁਲ ਗਾਂਧੀ ਦੀ ਚੰਡੀਗੜ੍ਹ ਫੇਰੀ ਕਾਂਗਰਸ ਪਾਰਟੀ ਦੀ ਡੁੱਬਦੀ ਬੇੜ੍ਹੀ ਨੂੰ ਬਚਾ ਨਹੀਂ ਸਕੇਗੀ : ਮਜੀਠੀਆਂ
5 ਦਰਿਆ ਨਿਊਜ਼
ਕਪੂਰਥਲਾ 25-Feb-2014
ਪਿਛਲੀ ਦਿਨੀਂ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਚੰਡੀਗੜ੍ਹ ਫੇਰੀ ਕਾਂਗਰਸ ਪਾਰਟੀ ਦੀ ਡੁੱਬਦੀ ਬੇੜ੍ਹੀ ਨੂੰ ਬਚਾ ਨਹੀਂ ਸਕੇਗੀ ਅਤੇ ਦੇਸ਼ ਦੇ ਉੱਤਰੀ ਰਾਜਾਂ ਵਿੱਚ ਕਾਂਗਰਸ ਪਾਰਟੀ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰ. ਬਿਕਰਮ ਸਿੰਘ ਮਜੀਠੀਆਂ ਮਾਲ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਅੱਜ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਤਲਵੰਡੀ ਚੌਧਰੀਆਂ ਵਿਖੇ 72 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸਬ-ਤਹਿਸੀਲ ਦੀ ਨਵੀ ਇਮਾਰਤ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਇਸ ਮੌਕੇ ਸ੍ਰ. ਸਰਵਣ ਸਿੰਘ ਫਿਲੌਰ ਕੈਬਨਿਟ ਮੰਤਰੀ ਪੰਜਾਬ, ਸ੍ਰ. ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਕੈਬਨਿਟ ਮੰਤਰੀ ਤੇ ਲੋਕ ਸਭਾ ਚੋਣਾਂ 2014 ਲਈ ਹਲਕਾ ਖਡੂਰ ਸਾਹਿਬ, ਬੀਬੀ ਉਪਿੰਦਰਜੀਤ ਕੌਰ ਸਾਬਕਾ ਕੈਬਨਿਟ ਮੰਤਰੀ, ਸ੍ਰ. ਜਰਨੈਲ ਸਿੰਘ ਵਾਹਦ ਚੇਅਰਮੈਨ ਮਾਰਕਫੈੱਡ ਪੰਜਾਬ, ਸ੍ਰ. ਸਰਬਜੀਤ ਸਿੰਘ ਮੱਕੜ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਕਪੂਰਥਲ਼ਾ, ਸ੍ਰੀ ਦਲਜੀਤ ਸਿੰਘ ਮਾਂਗਟ ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਸ੍ਰੀ ਇੰਦਰਬੀਰ ਸਿੰਘ ਐੱਸ. ਐੱਸ. ਪੀ. ਕਪੂਰਥਲ਼ਾ ਵੀ ਹਾਜ਼ਰ ਸਨ।
ਸ੍ਰ. ਮਜੀਠੀਆ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਵੀ ਜਾ ਕੇ ਰਾਹੁਲ ਗਾਂਧੀ ਨੇ ਚੋਣ ਪ੍ਰਚਾਰ ਕੀਤਾ ਹੈ, ਉੱਥੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋ ਗਈਆ ਹਨ।ਉਹਨਾਂ ਕਿਹਾ ਕਿ ਰਾਹੁਲ ਗਾਂਧੀ ਕੋਲ ਕੋਈ ਵੀ ਰਾਜਨੀਤਿਕ ਵਿਜ਼ਨ ਨਹੀਂ ਹੈ ਅਤੇ ਉਹ ਆਪਣੇ ਹੀ ਦਿੱਤੇ ਬਿਆਨਾਂ ਵਿੱਚ ਉਲਝੇ ਰਹਿੰਦੇ ਹਨ।ਉਹਨਾਂ ਕਿਹਾ ਕਿ ਰਾਹੁਲ ਗਾਂਧੀ ਇੱਕ ਦਿਨ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਕਰਦੇ ਹਨ ਅਤੇ ਦੂਜੇ ਹੀ ਦਿਨ ਅਦਰਸ਼ ਘੁਟਾਲੇ ਅਤੇ ਕਾਮਲਵੈੱਲਥ ਖੇਡਾਂ ਘੁਟਾਲਿਆਂ ਵਿੱਚ ਲਿਪਤ ਕਾਂਗਰਸੀ ਆਗੂਆਂ ਚਵਾਨ ਅਤੇ ਸੁਰੇਸ਼ ਕਲਮਾੜੀ ਵਰਗੇ ਵਿਅਕਤੀਆਂ ਨੂੰ ਲੋਕ ਸਭਾ ਦੀਆਂ ਟਿਕਟਾਂ ਨਾਲ ਨਿਵਾਜਦੇ ਹਨ।ਉਹਨਾਂ ਕਿਹਾ ਕਿ ਗਾਂਧੀ ਪਰਿਵਾਰ ਦੀ ਅਗਵਾਈ ਵਿੱਚ ਬਣੀਆਂ ਕੇਂਦਰ ਸਰਕਾਰਾਂ ਨੇ ਹਮੇਸ਼ਾਂ ਹੀ ਪੰਜਾਬ ਨਾਲ ਵਿਤਕਰਾ ਕੀਤਾ ਹੈ, ਜਦੋਂਕਿ ਪੰਜਾਬ ਦੇ ਲੋਕਾਂ ਨੇ ਦੇਸ਼ ਦੀ ਆਜ਼ਾਦੀ ਅਤੇ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਦੇਸ਼ ਵਿੱਚ ਇੱਕ ਅਜਿਹੀ ਮਜ਼ਬੂਤ ਅਤੇ ਸਥਿਰ ਸਰਕਾਰ ਬਣੇ ਜੋ ਪੰਜਾਬੀਆਂ ਦੇ ਦਰਦ ਨੂੰ ਸਮਝੇ ਅਤੇ ਪੰਜਾਬ ਨੂੰ ਬਣਦਾ ਮਾਣ ਸਤਿਕਾਰ ਦੇਵੇ। ਉਹਨਾਂ ਕਿਹਾ ਕਿ ਉਹ ਦਿਨ ਦੂਰ ਜਦੋਂ ਦੇਸ਼ ਵਿੱਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਐੱਨ. ਡੀ. ਏ. ਦੀ ਸਰਕਾਰ ਬਣੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਉਸ ਦੇ ਵੱਡੇ ਭਾਈਵਾਲ ਦੇ ਰੂਪ ਵਿੱਚ ਪੰਜਾਬ ਨੂੰ ਹੋਰ ਬੁਲੰਦੀਆਂ 'ਤੇ ਲੈ ਜਾਵੇਗਾ।
ਇਸ ਮੌਕੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ. ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ -ਭਾਜਪਾ ਗੱਠਜੋੜ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ 13 ਸੀਟਾਂ ਜਿੱਤ ਕੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਿੱਚ ਅਹਿਮ ਯੋਗਦਾਨ ਪਾਵੇਗਾ ਅਤੇ ਦੇਸ਼ ਨੂੰ ਸਥਿਰ ਅਗਵਾਈ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ -ਭਾਜਪਾ ਗੱਠਜੋੜ ਸਰਕਾਰ ਵਿਕਾਸ ਦੇ ਮੁੱਦੇ 'ਤੇ ਲੋਕ ਸਭਾ ਚੋਣਾਂ ਲੜਨ ਜਾ ਰਹੀ ਹੈ ਅਤੇ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦੀ ਅਗਵਾਈ ਹੇਠ ਪੰਜਾਬ ਦੀਆਂ 13 ਸੀਟਾਂ 'ਤੇ ਜਿੱਤ ਪ੍ਰਾਪਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਉਹਨਾਂ ਦੱਸਿਆ ਕਿ ਪੰਜਾਬ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਲਈ ਰਾਜ ਦੇ ਪਿੰਡਾਂ, ਕਸਬਿਆ ਅਤੇ ਸ਼ਹਿਰਾਂ ਵਿਚ ਵੱਡੇ-ਵੱਡੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ 70 ਕਸਬਿਆਂ ਵਿੱਚ ਸੀਵਰੇਜ ਦੀ ਬਿਹਤਰ ਸਹੂਲਤ ਮੁਹੱਈਆ ਕਰਵਾਉਣ ਲਈ 3500 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਅਤੇ ਰਾਜ ਸਰਕਾਰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੇ ਪੂਰਨ ਵਿਕਾਸ ਲਈ ਦ੍ਰਿੜ ਸੰਕਲਪ ਹੈ। ਉਹਨਾਂ ਕਿਹਾ ਕਿ ਰਾਜ ਦੇ ਗਰੀਬ ਵਰਗ ਦੇ ਲੋਕਾਂ ਨੂੰ ਰਾਜ ਸਰਕਾਰ ਵੱਲੋਂ ਇੱਕ ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਇਸ ਸਕੀਮ ਤਹਿਤ ਲਾਭ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦਾ ਘੇਰਾ ਵਧਾ ਕੇ 30 ਲੱਖ ਪਰਵਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਰਾਜ ਦੀਆਂ 11ਵੀਂ ਅਤੇ 12ਵੀਂ ਕਲਾਸ ਦੀਆਂ ਲੜਕੀਆਂ ਨੂੰ ਸਕੂਲਾਂ ਵਿੱਚ ਉਚੇਰੀ ਵਿੱਦਿਆ ਹਾਸਿਲ ਕਰਨ ਲਈ ਆਉਣ-ਜਾਣ ਵਾਸਤੇ ਮਾਈ ਭਾਗੋ ਸਕੀਮ ਤਹਿਤ ਮੁਫਤ ਸਾਈਕਲ ਦਿੱਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਅਕਾਲੀ ਦਲ ਦੇ ਆਗੂਆਂ 'ਤੇ ਝੂਠੇ ਦੋਸ਼ ਲਗਾ ਕੇ ਸੌੜੀ ਸੋਚ ਦੀ ਰਾਜਨੀਤੀ ਕਰ ਰਹੀ ਹੈ। ਉਹਨਾਂ ਕਿਹਾ ਪੰਜਾਬ ਦੇ ਲੋਕ ਜਾਣਦੇ ਹਨ ਕਿ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸ੍ਰ. ਪ੍ਰਤਾਪ ਸਿੰਘ ਬਾਜਵਾ ਅਤੇ ਉਹਨਾਂ ਦੇ ਪੁਰਖਿਆਂ ਦੇ ਸਬੰਧ ਅਪਰਾਧਿਕ ਸੋਚ ਵਾਲੇ ਲੋਕਾਂ ਨਾਲ ਰਹੇ ਹਨ ਅਤੇ ਸਿਰਫ ਰਾਜਨੀਤਿਕ ਲਾਹਾ ਲੈਣ ਲਈ ਹੀ ਅਕਾਲੀ ਆਗੂਆਂ ਤੇ ਵਰਕਰਾਂ 'ਤੇ ਝੂਠੇ ਦੋਸ਼ ਲਗਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਾਂਗਰਰ ਸਰਕਾਰਾਂ ਨੇ ਹਮੇਸ਼ਾ ਹੀ ਸੀ. ਬੀ. ਆਈ. ਅਤੇ ਇਨਫੋਰਸਮੈਂਟ ਡਾਇਰੈਕਟਰੋਏਟ ਵਰਗੇ ਅਦਾਰਿਆਂ ਨੂੰ ਆਪਣੇ ਫਾਇਦੇ ਲਈ ਵਰਤਿਆਂ ਹੈ।ਇਸ ਮੌਕੇ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ, ਸ੍ਰ. ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ, ਮਾਸਟਰ ਗੁਰਦੇਵ ਸਿੰਘ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲ਼ਾ, ਸ੍ਰ. ਰਣਜੀਤ ਸਿੰਘ ਖੁਰਾਣਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ, ਸ੍ਰੀ ਬਿਕਰਮ ਸਿੰਘ ਉੱਚਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਦਿਹਾਤੀ, ਸ੍ਰ. ਅਵਤਾਰ ਸਿੰਘ ਭੁੰਗਰਨੀ ਕੌਮੀ ਸੀਨੀਅਰ ਮੀਤ ਪ੍ਰਧਾਨ, ਸ੍ਰੀ ਕੁਲਵੰਤ ਸਿੰਘ ਜੋਸ਼ਨ ਅਤੇ ਸ੍ਰੀ ਸਤਬੀਰ ਸਿੰਘ ਬਿੱਟੂ ਤੋਂ ਇਲਾਵਾ ਹੋਰ ਅਕਾਲੀ-ਭਾਜਪਾ ਆਗੂ ਤੇ ਵਰਕਰ ਵੀ ਹਾਜ਼ਰ ਸਨ।
ਇਸ ਤੋਂ ਉਪਰੰਤ ਸ੍ਰ. ਮਜੀਠੀਆ ਨੇ ਕਸਬਾ ਭੁਲੱਥ ਵਿਖੇ 60 ਕਰੋੜ 42 ਲੱਖ ਰੁਪਏ ਦੀ ਲਾਗਤ ਨਾਲ ਬਣੀ ਡੀ. ਐੱਸ. ਪੀ. ਭੁਲੱਥ ਦੀ ਦਫਤਰ-ਕਮ-ਰਿਹਾਇਸ਼ ਦਾ ਅਤੇ 1 ਕਰੋੜ 69 ਲੱਖ ਰੁਪਏ ਦੀ ਲਾਗਤ ਨਾਲ ਬਣੀ ਥਾਣਾ ਬੇਗੋਵਾਲ ਦੀ ਇਮਾਰਤ ਦਾ ਵੀ ਉਦਘਾਟਨ ਕੀਤਾ।ਇਸ ਮੌਕੇ ਬੀਬੀ ਜਗੀਰ ਕੌਰ ਵਿਧਾਇਕ ਹਲਕਾ ਭੁਲੱਥ ਅਤੇ ਯੁਵਰਾਜ ਭੁਪਿੰਦਰ ਸਿੰਘ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਤੋਂ ਇਲਾਵਾ ਹੋਰ ਅਕਾਲੀ-ਭਾਜਪਾ ਆਗੂ ਵੀ ਹਾਜ਼ਰ ਸਨ।