5 Dariya News

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਜੇਲ੍ਹ ਦੇ ਚੌਗਿਰਦੇ ਨੂੰ ਹਰਿਆਵਲ ਭਰਪੂਰ ਬਣਾਉਣ ਦੀ ਮੁਹਿੰਮ ਦਾ ਆਗਾਜ਼

ਜੇਲ੍ਹ ਦੇ ਅੰਦਰੂਨੀ ਤੇ ਬਾਹਰੀ ਹਿੱਸਿਆਂ ’ਚ ਲਗਾਏ ਜਾਣਗੇ 1200 ਪੌਦੇ

5 Dariya News

ਮਾਨਸਾ 22-Jul-2021

ਡਿਪਟੀ ਕਮਿਸ਼ਨਰ ਮਹਿੰਦਰ ਪਾਲ ਵੱਲੋਂ ਜ਼ਿਲ੍ਹਾ ਜੇਲ੍ਹ ਦੇ ਅੰਦਰੂਨੀ ਤੇ ਬਾਹਰੀ ਹਿੱਸੇ ਨੂੰ ਹਰਿਆਵਲ ਭਰਪੂਰ ਬਣਾਉਣ ਲਈ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੁਹਿੰਮ ਦੇ ਤਹਿਤ ਜ਼ਿਲ੍ਹਾ ਜੇਲ੍ਹ ਵਿਖੇ 1200 ਫ਼ਲਦਾਰ, ਫੁੱਲਦਾਰ, ਮੈਡੀਸੀਨਲ ਅਤੇ ਸਜਾਵਟੀ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਸ਼੍ਰੀ ਮਹਿੰਦਰ ਪਾਲ ਨੇ ਇਸ ਮੌਕੇ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਉਣ ਦੀ ਰਸਮ ਅਦਾ ਕੀਤੀ ਅਤੇ ਕਿਹਾ ਕਿ ਵਾਤਾਵਰਣ ਦੀ ਸਾਂਭ ਸੰਭਾਲ ਲਈ ਹਰੇਕ ਨਾਗਰਿਕ ਨੂੰ ਬੂਟੇ ਲਗਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਨਾਲ ਹੀ ਇਨ੍ਹਾਂ ਬੂਟਿਆਂ ਦੀ ਸਹੀ ਪਰਵਰਿਸ਼ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਘਰ ਘਰ ਹਰਿਆਲੀ ਮੁਹਿੰਮ ਦੇ ਤਹਿਤ ਵਣ ਵਿਭਾਗ ਰਾਹੀਂ ਵੱਧ ਤੋਂ ਵੱਧ ਬੂਟਿਆਂ ਦੀ ਵੰਡ ਲੋਕਾਂ ਨੂੰ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਰੁੱਖਾਂ ਦੀ ਅਹਿਮੀਅਤ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੀ ਪੌਦਿਆਂ ਦੀ ਮਨੁੱਖੀ ਜੀਵਨ ਵਿੱਚ ਅਹਿਮੀਅਤ ਬਾਰੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਰੇਕ ਖੁਸ਼ੀ ਗ਼ਮੀ ਦੇ ਮੌਕੇ ’ਤੇ ਬੂਟੇ ਲਗਾਉਣ ਦੀ ਪਿਰਤ ਨੂੰ ਪ੍ਰਫੁਲਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਨਾਲ ਨੇੜਲੀ ਸਾਂਝ ਕਾਇਮ ਕਰਨ ਦੀ ਲੋੜ ਹੈ ਤਾਂ ਜੋ ਰੋਜ਼ਾਨਾ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਵੀ ਹਰਿਆਵਲ ਭਰਪੂਰ ਵਾਤਾਵਰਣ ਨਾਲ ਜੁੜ ਕੇ ਸਕੂਨ ਹਾਸਲ ਹੁੰਦਾ ਰਹੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਈ.ਸੀ.ਆਈ.ਸੀ.ਆਈ ਫਾਊਂਡੇਸ਼ਨ ਮੁਹਾਲੀ ਦੀ ਤਰਫੋਂ ਜ਼ਿਲ੍ਹਾ ਜੇਲ੍ਹ ਵਿਖੇ ਬੂਟੇ ਲਗਵਾਉਣ ਲਈ ਕਦਮ ਪੁੱਟਣਾ ਸ਼ਲਾਘਾਯੋਗ ਹੈ।ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ ਕੁਲਜੀਤ ਸਿੰਘ, ਸੁਪਰਡੈਂਟ ਜ਼ਿਲ੍ਹਾ ਜੇਲ੍ਹ ਪਰਮਜੀਤ ਸਿੰਘ ਸਿੱਧੂ, ਡਿਪਟੀ ਸੁਪਰਡੈਂਟ ਮੇਨਟੇਨੈਂਸ ਬਲਦੇਵ ਸਿੰਘ ਕੰਗ, ਸਹਾਇਕ ਸੁਪਰਡੈਂਟ ਕਰਨਵੀਰ ਸਿੰਘ ਤੇ ਜਗਤਾਰ ਸਿੰਘ, ਗੁਰਵਿੰਦਰ ਸਿੰਘ ਵਿਕਾਸ ਅਧਿਕਾਰੀ ਆਈ.ਸੀ.ਆਈ.ਸੀ.ਆਈ, ਪਰਮੇਸ਼ਵਰ ਸਿੰਘ ਤੇ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।