5 Dariya News

ਬਲਿਆਲ ਵਿਖੇ ਵਿਰਸਾ ਸੰਭਾਲ ਗੱਤਕਾ ਕੱਪ 20 ਫਰਵਰੀ ਨੂੰ

ਕਬੱਡੀ ਟੂਰਨਾਮੈਂਟ 21-22 ਫਰਵਰੀ ਨੂੰ

5 ਦਰਿਆ ਨਿਊਜ਼

ਸੰਗਰੂਰ 14-Feb-2014

ਨੌਜਵਾਨਾਂ ਨੂੰ ਅਮੀਰ ਵਿਰਸੇ ਨਾਲ ਜੋੜਨ ਅਤੇ ਵਿਰਾਸਤੀ ਮਾਰਸ਼ਲ ਆਰਟ ਗੱਤਕੇ ਦੀ ਪ੍ਰਫੁੱਲਤਾ ਲਈ ਪੰਜਾਬ ਗੱਤਕਾ ਐਸੋਸੀਏਸ਼ਨ (ਰਜ਼ਿ.) ਦੀ ਅਗਵਾਈ ਹੇਠ ਨੇੜਲੇ ਪਿੰਡ ਬਲਿਆਲ ਵਿਖੇ ਵੀਰਵਾਰ 20 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵਿਰਸਾ ਸੰਭਾਲ ਗੱਤਕਾ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਜਿਲਿਆਂ ਤੋਂ ਲੜਕੇ ਅਤੇ ਲੜਕੀਆਂ ਦੀਆਂ ਚੋਟੀ ਦੀਆਂ ਗੱਤਕਾ ਟੀਮਾਂ ਰਵਾਇਤੀ ਬਾਣੇ ਵਿੱਚ ਜੰਗਜੂ ਜਾਹੋ-ਜਲਾਲ ਦਿਖਾਉਣਗੀਆਂ।ਇਸ ਸਬੰਧੀ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਬਾਬਾ ਬਚਨ ਸਿੰਘ ਸਪੋਰਟਸ ਕਲੱਬ ਬਲਿਆਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਲਿਆਲ ਅਤੇ ਸਰਪ੍ਰਸਤ ਗੁਰਮੀਤ ਸਿੰਘ ਫੌਜੀ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਇਨਾਂ ਖੇਡਾਂ ਮੌਕੇ ਗੱਤਕਾ 20 ਫਰਵਰੀ ਅਤੇ ਕਬੱਡੀ ਦੇ ਫਸਵੇਂ ਮੈਚ 21 ਅਤੇ 22 ਫਰਵਰੀ ਨੂੰ ਹੋਣਗੇ। ਪਹਿਲੇ ਦਿਨ ਮੁੱਖ ਮਹਿਮਾਨ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਅਤੇ ਵਿਸ਼ੇਸ਼ ਮਹਿਮਾਨ ਹਰਚਰਨ ਸਿੰਘ ਭੁੱਲਰ ਪ੍ਰਧਾਨ ਗੱਤਕਾ ਫੈਡਰੇਸ਼ਨ ਆਫ ਇੰਡੀਆ ਹੋਣਗੇ। ਟੂਰਨਾਮੈਂਟ ਦਾ ਉਦਘਾਟਨ ਬਾਬਾ ਕ੍ਰਿਪਾਲ ਸਿੰਘ ਕਾਰ ਸੇਵਾ ਵਾਲੇ ਕਰਨਗੇ ਜਦਕਿ ਗੱਤਕੇਬਾਜਾਂ ਨੂੰ ਇਨਾਮਾਂ ਦੀ ਵੰਡ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਵਿਸ਼ਵ ਗੱਤਕਾ ਫੈਡਰੇਸ਼ਨ ਕਰਨਗੇ। ਇਸ ਗੱਤਕਾ ਕੱਪ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਡਾ. ਇੰਦੂ ਮਲਹੋਤਰਾ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਐਸ.ਪੀ. ਸਿੰਘ ਓਬਰਾਏ ਪ੍ਰਧਾਨ ਏਸ਼ੀਅਨ ਗੱਤਕਾ ਫੈਡਰੇਸ਼ਨ ਅਤੇ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਨੂੰ ਸਨਮਾਨਿਤ ਕੀਤਾ ਜਾਵੇਗਾ। ਉਨਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਸੱਦਾ ਦਿੱਤਾ ਕਿ ਉਹ ਇਨਾਂ ਵਿਰਸਾ ਸੰਭਾਲ ਮੁਕਾਬਲਿਆਂ ਵਿੱਚ ਹੁੰਮ-ਹੁਮਾ ਕੇ ਪੁੱਜਣ। ਉਨਾਂ ਦੱਸਿਆ ਕਿ 21 ਫਰਵਰੀ ਨੂੰ ਕਬੱਡੀ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਲੋਕ ਸਭਾ ਮੈਂਬਰ ਵਿਜੇਇੰਦਰ ਸਿੰਗਲਾ ਅਤੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਕਰਨਗੇ ਜਦਕਿ ਵਿਸ਼ੇਸ਼ ਮਹਿਮਾਨ ਰਾਜਿੰਦਰ ਸਿੰਘ ਘੁੰਮਣ ਡੀ.ਆਈ.ਜੀ. ਚੰਡੀਗੜ ਹੋਣਗੇ। ਤੀਜੇ ਦਿਨ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਅਤੇ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਕਬੱਡੀ ਕੱਪ ਦੇ ਜੇਤੂਆਂ ਨੂੰ ਇਨਾਮ ਵੰਡਣਗੇ।