5 Dariya News

ਡੀ.ਸੀ. ਵੱਲੋਂ ਸਰਕਾਰੀ ਕਾਲਜ਼ (ਲੜਕੀਆਂ) ਵਿਖੇ ਵੱਡੇ ਪੱਧਰ 'ਤੇ ਪੌਦੇ ਲਗਾਉਣ ਦੀ ਮੁਹਿੰਮ ਸੁਰੂ

ਮੁਹਿੰਮ ਦਾ ਮੰਤਵ ਲੁਧਿਆਣਾ ਨੂੰ ਸਾਫ, ਹਰਾ-ਭਰਾ ਤੇ ਪ੍ਰਦੂਸ਼ਣ ਮੁਕਤ ਬਣਾਉਣਾ

5 Dariya News

ਲੁਧਿਆਣਾ 09-Jul-2021

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਦੇ ਚਾਰ ਚੁਫੇਰੇ ਨੂੰ ਹਰਾ-ਭਰਾ ਬਣਾਉਣ ਦੇ ਮੰਤਵ ਨਾਲ ਵਿੱਢੀ ਮੁਹਿੰਮ ਨੂੰ ਜਾਰੀ ਰੱਖਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਕਾਰੀ ਕਾਲਜ (ਲੜਕੀਆਂ) ਵਿਖੇ ਇੱਕ ਵੱਡੇ ਪੱਧਰ 'ਤੇ ਪੌਦੇ ਲਗਾਉਣ ਦੀ ਮੁਹਿੰਮ ਸੁਰੂ ਕੀਤੀ।ਸਹਾਇਕ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਦੇ ਨਾਲ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਮੁਹਿੰਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਚਨਬੱਧਤਾ ਨਾਲ ਸ਼ੁਰੂ ਕੀਤੀ ਗਈ ਹੈ ਤਾਂ ਜੋ ਪੰਜਾਬੀਆਂ ਵੱਲੋਂ ਪੰਜਾਬ ਨੂੰ ਸਵੱਛ, ਹਰਾ-ਭਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਉਤਸ਼ਾਹਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ 1 ਜੁਲਾਈ, 2021 ਤੋਂ ਪ੍ਰਸ਼ਾਸਨ ਪਹਿਲਾਂ ਹੀ ਇਸ ਮੌਨਸੂਨ ਸੀਜ਼ਨ ਵਿੱਚ ਖਾਲੀ ਥਾਵਾਂ 'ਤੇ 4.25 ਲੱਖ ਬੂਟੇ ਲਗਾਉਣ ਦੀ ਮੁਹਿੰਮ ਚਲਾ ਰਿਹਾ ਹੈ।ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਬੂਟੇ ਲਗਾਉਣ ਲਈ ਖਾਲੀ ਥਾਵਾਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪੌਦੇ ਲਗਾਉਣ ਦੀ ਮੁਹਿੰਮ ਸਾਡੇ ਮਹਾਨ ਗੁਰੂਆਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ ਜਿਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਵਾਤਾਵਰਣ ਦੀ ਸੰਭਾਲ ਦਾ ਰਸਤਾ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਇਕ ਪਾਸੇ ਹਰਿਆਵਲ ਨੂੰ ਵਧਾਉਣ ਅਤੇ ਦੂਜੇ ਪਾਸੇ ਵਾਤਾਵਰਣ ਪ੍ਰਦੂਸ਼ਣ ਨੂੰ ਘਟਾਉਣ ਵਿਚ ਸਹਾਈ ਸਿੱਧ ਹੋਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਰਵਾਇਤੀ ਕਿਸਮਾਂ ਦੇ ਪੌਦੇ ਲਗਾਉਣ ਵੱਲ ਵੱਡਾ ਧਿਆਨ ਦਿੱਤਾ ਜਾ ਰਿਹਾ ਹੈ ਜੋ ਕਿ ਸੂਬੇ ਦੇ ਵਾਤਾਵਰਣ ਲਈ ਲਾਭਕਾਰੀ ਹਨ।ਉਨ੍ਹਾਂ ਜ਼ਿਲ੍ਹੇ ਦੇ ਵਸਨੀਕਾਂ ਨੂੰ ਸਾਫ, ਹਰਾ-ਭਰਾ ਅਤੇ ਪ੍ਰਦੂਸ਼ਣ ਮੁਕਤ ਜ਼ਿਲ੍ਹਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੀਆਂ ਪੌਦੇ ਲਗਾਉਣ ਦੀਆਂ ਮੁਹਿੰਮਾਂ ਵਧੇਰੇ ਮਹੱਤਵਪੂਰਣ ਹਨ ਕਿਉਂਕਿ ਘੱਟ ਰਹੀ ਹਰਿਆਲੀ ਹਰ ਇੱਕ ਲਈ ਚਿੰਤਾ ਦਾ ਵਿਸ਼ਾ ਹੈ ਜੋਕਿ ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਗੰਭੀਰ ਖ਼ਤਰਾ ਹੈ.ਸ੍ਰੀ ਸ਼ਰਮਾ ਨੇ ਕਿਹਾ ਕਿ ਹਰ ਇੱਕ ਵਿਅਕਤੀ ਦਾ ਇਹ ਲਾਜ਼ਮੀ ਫਰਜ਼ ਬਣਦਾ ਹੈ ਕਿ ਉਹ ਅੱਗੇ ਆਉਣ ਅਤੇ ਆਪਣੇ ਜ਼ਿਲ੍ਹੇ ਨੂੰ ਹਰਿਆਵਲ ਪ੍ਰਦਾਨ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਉਣ।ਇਸ ਨੇਕ ਕੰਮ ਵਿਚ ਲੋਕਾਂ ਦੇ ਪੂਰਨ ਸਹਿਯੋਗ ਦੀ ਮੰਗ ਕਰਦਿਆਂ, ਉਨ੍ਹਾਂ ਵਸਨੀਕਾਂ ਨੂੰ ਕਿਹਾ ਕਿ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਘੱਟੋ-ਘੱਟ ਇਕ ਬੂਟਾ ਲਗਾਉਣ ਅਤੇ ਉਸ ਦੀ ਦੇਖਭਾਲ ਕਰਨ।ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਦੱਸਿਆ ਕਿ ਇਸ ਹਫ਼ਤੇ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ 2 ਹਜ਼ਾਰ ਬੂਟੇ ਲਗਾਏ ਜਾਣਗੇ ਅਤੇ ਹਰ ਕਰਮਚਾਰੀ ਸਹੀ ਰੱਖ-ਰਖਾਅ ਨੂੰ ਯਕੀਨੀ ਬਣਾਏਗਾ।ਇਸ ਮੌਕੇ ਜ਼ਿਲ੍ਹਾ ਜੰਗਲਾਤ ਅਫ਼ਸਰ ਸ.ਹਰਭਜਨ ਸਿੰਘ ਅਤੇ ਹੋਰ ਵੀ ਹਾਜ਼ਰ ਸਨ।