5 Dariya News

ਪ੍ਰਾਈਵੇਟ ਸਕੂਲਾਂ ਨੂੰ ਟੱਕਰ ਦੇ ਰਿਹਾ ਹੈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਸਮਾ

5 Dariya News

ਪਠਾਨਕੋਟ 05-Jul-2021

ਅਧਿਆਪਕ ਪ੍ਰਵੀਨ ਸਿੰਘ ਲਈ ਸਕੂਲ ਤੋਂ ਵੱਡਾ ਕੋਈ ਮੰਦਰ ਨਹੀਂ। ਉਸ ਨੇ ਬੱਚਿਆਂ ਲਈ ਸਭ ਸੁੱਖ ਅਰਾਮ ਤਿਆਗ ਦਿੱਤੇ ਹਨ। ਇਕੱਲਾ ਅਧਿਆਪਕ ਦਿਵਸ ਹੀ ਨਹੀਂ ਬਲਕਿ ਹਰ ਦਿਨ ਬੱਚਿਆਂ ਦੇ ਲੇਖੇ ਹੈ। ਇੱਥੋਂ ਤੱਕ ਕਿ ਗਰਮੀਆਂ ਦੀਆਂ ਛੁੱਟੀਆਂ ਵੀ ਸਕੂਲ ਨੂੰ ਸੰਵਾਰਨ ’ਚ ਹੀ ਬਿਤਾਈਆਂ ਹਨ। ਪ੍ਰਵੀਨ ਸਿੰਘ ਦੀ ਮਿਹਨਤ ਨੂੰ ਦੇਖਦਿਆਂ ਦਾਨੀ ਸੱਜਣਾ ਅਤੇ ਪਿੰਡ ਵਾਸੀਆਂ ਨੇ ਵੀ ਸਕੂਲ ਖਾਤਰ ਦਿਲ ਅਤੇ ਜੇਬਾਂ ਖੋਹਲੀਆਂ ਹਨ। ਅਧਿਆਪਕ ਪ੍ਰਵੀਨ ਸਿੰਘ ਦਾ ਡੁੱਲਿਆ ਪਸੀਨਾ ਹੁਣ ਰੰਗ ਵਿਖਾਉਣ ਲੱਗਿਆ ਹੈ। ਅੱਜ ਜਿਸ ਸਕੂਲ ਦੀਆਂ ਕੌਮੀ ਪੱਧਰ ਤੇ ਗੱਲਾਂ ਹੁੰਦੀਆਂ ਹਨ ਉਹ ਤਿੰਨ ਸਾਲ ਪਹਿਲਾਂ ਇਸ ਸਕੂਲ ਦੀ ਹਾਲਤ ਬਹੁਤ ਤਰਸਯੋਗ ਸੀ। ਪ੍ਰਵੀਨ ਸਿੰਘ ਸਿਰਫ਼ ਅਧਿਆਪਕ ਨਹੀਂ, ਉਹ ਪੇਂਟਰ ਵੀ ਹੈ, ਪਲੰਬਰ ਵੀ, ਰਾਜ ਮਿਸਤਰੀ ਵੀ,ਮਾਲੀ ਵੀ ਅਤੇ ਲੱਕੜ ਦਾ ਕਾਰੀਗਰ ਵੀ ਹੈ।ਪ੍ਰਵੀਨ ਸਿੰਘ ਨੇ ਇਸ ਵਾਰ ਦੀਆਂ ਛੁੱਟੀਆਂ ਦੌਰਾਨ ਸਕੂਲ ਵਿੱਚ ਆਪਣੇ ਹੱਥੀਂ ਤਿੰਨ ਖ਼ੂਬਸੂਰਤ ਪਾਰਕ ਤਿਆਰ ਕੀਤੇ ਹਨ। ਇੰਨ੍ਹਾਂ ਚੋਂ ਐਜੂਕੇਸ਼ਨਲ ਪਾਰਕ ਦਾ ਨਾਮ ਭਾਰਤ ਦੀ ਪਹਿਲੀ ਔਰਤ ਅਧਿਆਪਕਾ ਸਵਿੱਤਰੀ ਬਾਈ ਫੂਲੇ ਦੇ ਨਾਮ ਤੇ ਰੱਖਿਆ ਹੈ। ਪਾਰਕ ’ਚ ਸਿੱਖਿਆ ਨਾਲ ਸਬੰਧਿਤ ਤਿਆਰ ਕੀਤੀ ਸਮੱਗਰੀ ਦੀ ਮਦਦ ਨਾਲ ਬੱਚੇ ਕਿਤਾਬੀ ਗਿਆਨ ਨੂੰ ਪ੍ਰੈਕਟੀਕਲ ਤਰੀਕੇ ਨਾਲ ਸਮਝ ਸਕਣਗੇ। ਐਜੂਕੇਸ਼ਨਲ ਪਾਰਕ ਦੀਆਂ ਆਕਿ੍ਰਤੀਆਂ ਬੱਚਿਆਂ ਨੂੰ ਆਪਣੇ ਵੱਲ ਆਕਰਸਤਿ ਕਰਦੀਆਂ ਹਨ। ਗੌਰਤਲਬ ਹੈ ਕਿ ਅਜਿਹੇ ਪਾਰਕਾਂ ਤੇ ਕਈ ਸਕੂਲਾਂ ਨੇ ਲੱਖਾਂ ਰੁਪਏ ਖਰਚ ਕੀਤੇ ਹਨ ਜਦੋਂਕਿ ਪ੍ਰਵੀਨ ਸਿੰਘ ਨੇ ਹੱਡ ਭੰਨਵੀਂ ਮਿਹਨਤ ਕਰਕੇ 20 ਹਜ਼ਾਰ ਤੋਂ ਵੀ ਘੱਟ ਖਰਚੇ ਹਨ।

ਹੈਰਾਨੀਜਨਕ ਪਹਿਲੂ ਹੈ ਕਿ ਤਿੰਨ ਸਾਲ ਪਹਿਲਾਂ ਇਸ ਸਕੂਲ ’ਚ ਸਿਰਫ਼ 37 ਵਿਦਿਆਰਥੀ ਪੜ੍ਹਦੇ ਸਨ ਅਤੇ ਹੁਣ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਗਿਣਤੀ 93 ਤੱਕ ਪੁੱਜ ਗਈ ਹੈ। ਮਹੱਤਵਪੂਰਨ ਤੱਥ ਹੈ ਕਿ ਪਿੰਡ  ਦੀ ਅਬਾਦੀ ਕੋਈ ਜਿਆਦਾ ਨਹੀਂ ਪਰ ਇਸ ਵਕਤ 5 ਗੁਆਂਢੀ ਪਿੰਡਾਂ ਦੇ ਬੱਚੇ ਇਸ ਸਕੂਲ ਵਿੱਚ ਸਿੱਖਿਆ ਹਾਸਿਲ ਕਰ ਰਹੇ ਹਨ। ਅਧਿਆਪਕ ਪ੍ਰਵੀਨ ਸਿੰਘ ਦਾ ਕਹਿਣਾ ਹੈ ਕਿ ਸਕੂਲ ਦੀ ਖਸਤਾ ਹਾਲਤ ਕਾਰਨ ਸਕੂਲ ਵਿੱਚੋਂ ਬੱਚਿਆਂ ਦੀ ਗਿਣਤੀ ਦਿਨ-ਬ-ਦਿਨ ਘੱਟ ਰਹੀ ਸੀ। ਸਕੂਲ ਵਿੱਚ ਬੱਚਿਆਂ ਦੀ ਗਿਣਤੀ ਦੇ ਵਾਧੇ ਲਈ ਸਕੂਲ ਦੀ ਬਿਲਡਿੰਗ ਬਣਾਉਣਾ ਜਰੂਰੀ ਸੀ ਇਸ ਲਈ  ਪਹਿਲੇ 3 ਸਾਲ ਲਗਾਤਾਰ ਸਕੂਲ ਦੇ ਲੇਖੇ ਲਾਏ ਹਨ ਜਿੰਨ੍ਹਾਂ ’ਚ ਪੜ੍ਹਾਈ ਤੇ ਸਕੂਲ ਦਾ ਮੂੰਹ ਮੱਥਾ ਸਵਾਰਨਾ ਸ਼ਾਮਲ ਹੈ। ਇਸ ਲਈ ਪਿੰਡ ਵਾਸੀਆਂ ਅਤੇ ਸਮਾਜਸੇਵੀ ਸੰਸਥਾਵਾਂ ਦਾ ਵੱਡਾ ਸਹਿਯੋਗ ਰਿਹਾ ਹੈ। ਸਕੂਲ ਵਿੱਚ ਇਸ ਮੌਕੇ ਸੀਸੀਟੀਵੀ ਕੈਮਰੇ, ਹਰ ਕਮਰੇ ਵਿੱਚ ਪ੍ਰੋਜੈਕਟਰ, ਝੂਲੇ ਲੱਗੇ ਹੋਏ ਹਨ। ਸਕੂਲ ਦੀ ਇਸ ਪ੍ਰਾਪਤੀ ਲਈ ਜਿਥੇ ਜਲਿ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਜਲਿ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵੱਲੋਂ ਸਕੂਲ ਸਟਾਫ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਉਥੇ ਹੀ ਸਿੱਖਿਆ ਵਿਭਾਗ ਦੇ ਫੇਸਬੁੱਕ ਪੇਜ ਐਕਟੀਵਿਟੀ ਸਕੂਲ ਐਜੂਕੇਸਨ ਪੰਜਾਬ ਤੇ ਵੀ ਸੇਅਰ ਕੀਤੀਆਂ ਜਾ ਚੁੱਕੀਆਂ ਹਨ।  ਉਨ੍ਹਾਂ ਦੱਸਿਆ ਕਿ ਸਕੂਲ ਦੀ ਨਵੀਂ ਬਿਲਡਿੰਗ ਬਣਨ ਨਾਲ ਸੁੰਦਰਤਾ ਵਿੱਚ ਵਾਧਾ ਹੋਇਆ ਹੈ ਅਤੇ ਸਕੂਲ ਖੁੱਲਣ ਤੇ ਵਿਦਿਆਰਥੀਆਂ ਲਈ ਇਸ ਸਕੂਲ ਦਾ ਨਿਵੇਕਲਾ ਰੂਪ ਸਾਹਮਣੇ ਆਏਗਾ। ਸਕੂਲ ਦੀ ਨੁਹਾਰ ਬਦਲਣ ਵਿੱਚ ਸਕੂਲ ਦੇ ਸਟਾਫ ਮੈਂਬਰ ਮੰਜੂ ਪਠਾਨੀਆ, ਸਵਿਤਾ ਦੇਵੀ ਅਤੇ ਦਾਨੀ ਸੱਜਣ ਰਮਨ ਗੋਇਲ, ਰਾਜਨ ਮਹਿਤਾ, ਮਾਸਟਰ ਜੀਤ ਰਾਜ ਅਤੇ ਬਾਕੀ ਪਿੰਡ ਵਾਸੀਆਂ ਦਾ ਸਹਿਯੋਗ ਰਿਹਾ ਹੈ।