ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਫ਼ਰੀਦਕੋਟ ਵਿਖੇ ਕਿਰਤ ਵਿਭਾਗ ਦੇ ਦਫਤਰ ਦਾ ਉਦਘਾਟਨ
ਹੁਣ ਵਿਭਾਗ ਨਾਲ ਸਬੰਧਤ ਸਾਰੀਆਂ ਸੇਵਾਵਾਂ ਜ਼ਿਲ੍ਹਾ ਹੈੱਡਕੁਆਰਟਰ ਤੇ ਮਿਲਣਗੀਆਂ -ਢਿੱਲੋਂ
5 Dariya News
ਫ਼ਰੀਦਕੋਟ 05-Jul-2021
ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਫ਼ਰੀਦਕੋਟ ਤੋਂ ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਅੱਜ ਕਿਰਤ ਵਿਭਾਗ ਦੇ ਜ਼ਿਲ੍ਹਾ ਹੈੱਡਕੁਆਰਟਰ ਫ਼ਰੀਦਕੋਟ ਵਿਖੇ ਨਵੇਂ ਬਣੇ ਦਫਤਰ ਦਾ ਉਦਘਾਟਨ ਕੀਤਾ ।ਉਨ੍ਹਾਂ ਕਿਹਾ ਕਿ ਹੁਣ ਰਜਿਸਟਰਡ ਕਿਰਤੀਆਂ ਨੂੰ ਕਿਰਤ ਵਿਭਾਗ ਅਤੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਨਾਲ ਸਬੰਧਤ ਕੰਮਾਂ ਅਤੇ ਭਲਾਈ ਸਕੀਮਾਂ ਦਾ ਲਾਭ ਜ਼ਿਲ੍ਹਾ ਹੈੱਡਕੁਆਰਟਰ ਤੇ ਮਿਲੇਗਾ ,ਜਿਸ ਨਾਲ ਉਨ੍ਹਾਂ ਦੇ ਸਮੇਂ ਦੀ ਵੱਡੀ ਬੱਚਤ ਹੋਵੇਗੀ। ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪਹਿਲਾਂ ਕਿਰਤ ਵਿਭਾਗ ਦਾ ਦਫਤਰ ਕੋਟਕਪੂਰਾ ਵਿਖੇ ਹੋਣ ਕਾਰਨ ਰਜਿਸਟਰਡ ਕਿਰਤੀ ਕਾਮਿਆਂ ਨੂੰ ਆਪਣੇ ਕੰਮਾਂ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀ ਮੰਗ ਤੇ ਸਥਾਨਕ ਆਰਾ ਮਾਰਕੀਟ ਨਜ਼ਦੀਕ ਲੇਬਰ ਸ਼ੈੱਡ ਵਿਖੇ ਕਿਰਤ ਵਿਭਾਗ ਦਾ ਨਵਾਂ ਦਫਤਰ ਬਣਾਇਆ ਗਿਆ ਹੈ ਜਿੱਥੇ ਕਿ ਵਿਭਾਗ ਨਾਲ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਬੈਠਣਗੇ। ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਅਤੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋ ਰਜਿਸਟਰਡ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਡੀ ਪੱਧਰ ਤੇ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਕਿਰਤੀਆਂ ਨੂੰ ਇਨ੍ਹਾਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਚਾਹੀਦਾ ਹੈ ।ਇਸ ਮੌਕੇ ਵਿਭਾਗ ਦੇ ਇੰਸਪੈਕਟਰ ਲੇਬਰ ਸ੍ਰੀ ਰਾਜੀਵ ਸੋਢੀ ਨੇ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ ਕਿਰਤੀ ਕਾਮਿਆਂ ਵਜੋਂ ਆਪਣੇ ਆਪ ਨੂੰ ਵਿਭਾਗ ਕੋਲ ਰਜਿਸਟਰਡ ਕਰਾ ਕੇ ਬੋਰਡ ਵਲੋਂ ਚਲਾਈਆਂ ਜਾ ਰਹੀਆਂ ਕਾਮਿਆਂ ਲਈ ਵੱਖ ਵੱਖ ਭਲਾਈ ਸਕੀਮਾਂ ਦਾ ਲਾਭ ਉਠਾਉਣ ।ਉਨ੍ਹਾਂ ਕਿਹਾ ਕਿ ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਦਫਤਰ ਵਿਚ ਕੰਮ ਵਾਲੇ ਦਿਨ ਦਫ਼ਤਰੀ ਸਮੇਂ ਵਿਚ ਸੰਪਰਕ ਕੀਤਾ ਜਾ ਸਕਦਾ ਹੈ ।ਇਸ ਮੌਕੇ ਨਗਰ ਕੌਂਸਲ ਫ਼ਰੀਦਕੋਟ ਦੇ ਪ੍ਰਧਾਨ ਸ੍ਰੀ ਨਰਿੰਦਰ ਸਿੰਘ ਨਿੰਦਾ ,ਐਮ .ਸੀ ਸੁਖਮੰਦਰ ਸਿੰਘ ,ਸੀਡੀਪੀਓ ਮਨਦੀਪ ਸਿੰਘ ਸੋਢੀ ,ਰਿੱਕੀ ਗਾਂਧੀ ,ਬਲਕਰਨ ਸਿੰਘ ਨੰਗਲ ,ਕਰਮਜੀਤ ਸਿੰਘ ਟਹਿਣਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।