5 Dariya News

ਕੋਵਿਡ ਟੀਕਾਕਰਨ: ਜ਼ਿਲ੍ਹੇ ’ਚ ਲਗਾਏ ਗਏ ਮੈਗਾ ਟੀਕਾਕਰਨ ਕੈਂਪਾਂ ’ਚ ਇਕ ਦਿਨ ’ਚ ਲਾਭਪਾਤਰੀਆਂ ਦੀ ਕੀਤੀ ਗਈ 76 ਹਜ਼ਾਰ ਤੋਂ ਵੱਧ ਵੈਕਸੀਨੇਸ਼ਨ : ਅਪਨੀਤ ਰਿਆਤ

ਡਿਪਟੀ ਕਮਿਸ਼ਨਰ ਨੇ ਸਰਵਿਸਜ਼ ਕਲੱਬ ’ਚ ਕੋਵੀਸ਼ੀਲਡ ਦੀ ਦੂਜੀ ਡੋਜ਼ ਲੈ ਕੇ ਟੀਕਾਕਰਨ ਮੁਹਿੰਮ ਦੀ ਕਰਵਾਈ ਸ਼ੁਰੂਆਤ

5 Dariya News

ਹੁਸ਼ਿਆਰਪੁਰ 03-Jul-2021

ਜ਼ਿਲ੍ਹੇ ’ਚ ਆਯੋਜਿਤ ਮੈਗਾ ਟੀਕਾਕਰਨ ਕੈਂਪ ’ਚ ਅੱਜ 18 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਨੂੰ ਕੋਵੀਸ਼ੀਲਡ ਦੀ 76 ਹਜ਼ਾਰ ਤੋਂ ਵੱਧ ਡੋਜ਼ਾਂ ਲਗਾ ਕੇ ਨਵਾਂ ਰਿਕਾਰਡ ਸਥਾਪਿਤ ਕੀਤਾ ਗਿਆ ਹੈ। ਅੱਜ ਜ਼ਿਲ੍ਹੇ ਵਿੱਚ ਪਹਿਲੀ ਵਾਰ ਇੰਨੀ ਵੱਡੀ ਮਾਤਰਾ ਵਿੱਚ ਲਾਭਪਾਤਰੀਆਂ ਦਾ ਕੋਵਿਡ ਟੀਕਾਕਰਨ ਕੀਤਾ ਗਿਆ ਹੈ। ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਸਵੇਰੇ 8 ਵਜੇ ਸਰਵਿਸਜ਼ ਕਲੱਬ ਹੁਸ਼ਿਆਰਪੁਰ ਵਿਚ ਕੋਵੀਸ਼ੀਲਡ ਦੀ ਦੂਜੀ ਡੋਜ਼ ਲਗਵਾ ਕੇ ਕੀਤੀ। ਇਸ ਦੌਰਾਨ ਉਨ੍ਹਾਂ ਟੀਕਾਕਰਨ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਡਿਊਟੀ ’ਤੇ ਤਾਇਨਾਤ ਮੈਡੀਕਲ ਸਟਾਫ਼ ਦਾ ਹੌਂਸਲਾ ਵਧਾਇਆ। ਇਸ ਤੋਂ ਬਾਅਦ ਉਨ੍ਹਾਂ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਪਿੰਡ ਚੱਗਰਾਂ ਦੇ ਬਾਬਾ ਭਰਥਰੀ ਮੰਦਰ ਵਿੱਚ ਲੱਗੇ ਟੀਕਾਕਰਨ ਕੈਂਪ ਦੀ ਵੀ ਸ਼ੁਰੂਆਤ ਕਰਵਾਈ। ਇਸ ਦੌਰਾਨ ਉਨ੍ਹਾਂ ਨਾਲ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਸਹਾਇਕ ਆਕਬਾਰੀ ਕਮਿਸ਼ਨਰ ਏ.ਐਸ. ਕੰਗ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ, ਨੋਡਲ ਅਫ਼ਸਰ ਕਮਲ ਕੁਮਾਰ ਖੋਸਲਾ ਵੀ ਮੌਜੂਦ ਸਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 18 ਸਾਲ ਤੋਂ ਵੱਧ ਉਮਰ ਦੀ ਆਬਾਦੀ 11 ਲੱਖ 90 ਹਜ਼ਾਰ ਦੇ ਕਰੀਬ ਹੈ ਅਤੇ ਹੁਣ ਤੱਕ 6 ਲੱਖ 75 ਹਜ਼ਾਰ ਤੋਂ ਵੱਧ ਵੈਕਸੀਨੇਸ਼ਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 1400 ਦੇ ਕਰੀਬ ਪਿੰਡ ਹਨ ਅਤੇ ਜਿਸ ਤਹਿਤ ਪਿੰਡਾਂ ਨੂੰ ਵਿਸ਼ੇਸ਼ ਫੋਕਸ ਕਰਦੇ ਹੋਏ ਇਥੇ 100 ਫੀਸਦੀ ਵੈਕਸੀਨੇਸ਼ਨ ਦਾ ਟੀਚਾ ਰੱਖਿਆ ਹੈ ਅਤੇ ਹੁਣ ਤੱਕ 206 ਪਿੰਡਾਂ ਨੂੰ 100 ਫੀਸਦੀ ਵੈਕਸੀਨੇਟ ਕੀਤਾ ਜਾ ਚੁੱਕਾ ਹੈ। 

ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਲੋਕਾਂ ਦਾ ਸਹਿਯੋਗ ਮਿਲਦਾ ਰਿਹਾ ਤਾਂ ਬਹੁਤ ਜਲਦ ਪੂਰੇ ਜ਼ਿਲ੍ਹੇ ਵਿੱਚ 100 ਫੀਸਦੀ ਟੀਕਾਕਰਨ ਕਰ ਕੇ ਕੋਵਿਡ ’ਤੇ ਫਤਿਹ ਪ੍ਰਾਪਤ ਕਰ ਲਵਾਂਗੇ।ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਪੂਰੇ ਜ਼ਿਲ੍ਹੇ ਵਿੱਚ ਹੀ ਲੋਕਾਂ ਨੇ ਟੀਕਾਕਰਨ ਨੂੰ ਲੈ ਕੇ ਬਹੁਤ ਉਤਸ਼ਾਹ ਦਿਖਾਇਆ ਹੈ, ਜਿਸ ਦਾ ਮਤਲਬ ਹੈ ਕਿ ਲੋਕਾਂ ਵਿੱਚ ਟੀਕਾਕਰਨ ਨੂੰ ਲੈ ਕੇ ਕਾਫੀ ਜਾਗਰੂਕਤਾ ਵਧੀ ਹੈ। ਉਨ੍ਹਾਂ ਕਿਹਾ ਕਿ ਇਸ ਮੈਗਾ ਟੀਕਾਕਰਨ ਕੈਂਪ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਹੁਤ ਮਿਹਨਤ ਕੀਤੀ ਗਈ, ਜਿਸ ਵਿੱਚ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਟੀਚਾ ਪ੍ਰਾਪਤ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿਲ੍ਹੇ ਨੂੰ 50 ਹਜ਼ਾਰ ਵੈਕਸੀਨੇਸ਼ਨ ਦਾ ਟੀਚਾ ਦਿੱਤਾ ਗਿਆ ਸੀ ਅਤੇ ਇਕ ਹੀ ਦਿਨ ਵਿੱਚ 75 ਹਜ਼ਾਰ ਤੋਂ ਵੱਧ ਵੈਕਸੀਨੇਸ਼ਨ ਕਰਕੇ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ।ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਚੋਣ ਰਜਿਸਟਰੇਸ਼ਨ ਅਫ਼ਸਰ ਦੀ ਅਗਵਾਈ ਵਿੱਚ ਟੀਕਾਕਰਨ ਕੈਂਪ ਸਫ਼ਲਤਾਪੂਰਵਕ ਕਰਵਾਏ ਗਏ। ਇਸ ਦੌਰਾਨ ਜ਼ਿਲ੍ਹਾ ਪੁਲਿਸ ਵਲੋਂ ਵੀ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। ਉਨ੍ਹਾਂ ਸਿਹਤ ਵਿਭਾਗ ਅਤੇ ਟੀਕਾਕਰਨ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਦਿਨ ਰਾਤ ਕੀਤੀ ਗਈ ਮਿਹਨਤ ਦੇ ਚੱਲਦਿਆਂ ਅੱਜ ਜਿਲ੍ਹੇ ਵਿੱਚ ਕੋਵਿਡ ਮਹਾਮਾਰੀ ’ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਮੁਕੇਰੀਆਂ, ਮੰਡ ਭੰਡੇਰ, ਬੁਢਾਬੜ, ਭੂੰਗਾ, ਬੀਨੇਵਾਲ, ਸ਼ਾਮਚੁਰਾਸੀ, ਚੱਕੋਵਾਲ, ਮਾਹਿਲਪੁਰ, ਪਾਲਦੀ, ਪੋਸੀ, ਤਲਵਾੜਾ, ਹਾਜੀਪੁਰ, ਗੜ੍ਹਸ਼ੰਕਰ, ਟਾਂਡਾ, ਭੋਲ ਕਲੋਤਾ, ਦਸੂਹਾ, ਕਮਾਹੀ ਦੇਵੀ ਦੇ ਖੇਤਰ ਵਿੱਚ ਆਉਂਦੀਆਂ ਸਾਈਟਾਂ ਤੋਂ ਇਲਾਵਾ ਸਿਵਲ ਹਸਪਤਾਲ ਹੁਸ਼ਿਆਰਪੁਰ, ਕੈਨਾਲ ਕਲੋਨੀ, ਸਰਵਿਸਜ਼ ਕਲੱਬ ਤੋਂ ਇਲਾਵਾ ਹੋਰ ਸਥਾਨਾਂ ’ਤੇ ਕੋਵੀਸ਼ੀਲਡ ਵੈਕਸੀਨ ਲਗਾਈ ਗਈ।