5 Dariya News

ਕਰੋਨਾ ਤੋਂ ਬਚਾਅ ਲਈ ਵੈਕਸੀਨੇਸ਼ਨ ਲਾਜ਼ਮੀ : ਡਾ. ਸੰਜੀਵ ਕੁਮਾਰ

ਇਕ ਦਿਨ ਵਿੱਚ ਸੀ.ਐਚ.ਸੀ. ਚਨਾਰਥਲ ਕਲਾਂ ਤੇ ਖੇੜਾ ਅਧੀਨ ਆਉਂਦੇ ਪਿੰਡਾਂ ਸਮੇਤ ਸਾਰੇ ਉੱਪ ਮੰਡਲ ਫ਼ਤਹਿਗੜ੍ਹ ਸਾਹਿਬ ਵਿਚ ਕਰੀਬ 06 ਹਜ਼ਾਰ ਲੋਕਾਂ ਨੂੰ ਟੀਕੇ ਲਾਏ

5 Dariya News

ਫ਼ਤਹਿਗੜ੍ਹ ਸਾਹਿਬ 03-Jul-2021

ਮਿਸ਼ਨ ਫ਼ਤਹਿ-02 ਤਹਿਤ ਕਰੋਨਾ ਨੂੰ ਮਾਤ ਦੇਣ ਲਈ ਵੈਕਸੀਨੇਸ਼ਨ ਮੁਹਿੰਮ ਜ਼ੋਰਾਂ ਉਤੇ ਹੈ ਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਲਗਾਤਾਰ ਕੈਂਪ ਲਾ ਕੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ, ਜਿਸ ਦਾ ਲੋਕਾਂ ਨੂੰ ਅੱਗੇ ਵੱਧ ਕੇ ਲਾਹਾ ਲੈਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ ਡੀ ਐਮ ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ ਨੇ ਪਿੰਡ ਚਨਾਰਥਲ ਕਲਾਂ ਵਿਖੇ ਵੈਕਸੀਨੇਸ਼ਨ ਕੈਂਪ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਹਨਾਂ ਦੱਸਿਆ ਕਿ ਅੱਜ ਮੈਗਾ ਵੈਕਸੀਨੇਸ਼ਨ ਮੁਹਿੰਮ ਤਹਿਤ ਸੀ.ਐਚ.ਸੀ. ਚਨਾਰਥਲ ਕਲਾਂ ਤੇ ਖੇੜਾ ਅਧੀਨ ਆਉਂਦੇ ਪਿੰਡਾਂ ਸਮੇਤ ਸਾਰੇ ਉੱਪ ਮੰਡਲ ਵਿਚ ਕਰੀਬ 06 ਹਜ਼ਾਰ ਲੋਕਾਂ ਨੂੰ ਟੀਕੇ ਲਾਏ ਗਏ।ਉਹਨਾਂ ਕਿਹਾ ਕਿ ਲੋਕਾਂ ਨੂੰ ਅੱਗੇ ਵੱਧ ਕੇ ਇਸ ਟੀਕਾਕਰਨ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਅਫਵਾਹ ਉਤੇ ਯਕੀਨ ਕੀਤੇ ਬਿਨਾਂ ਇਹ ਵੈਕਸੀਨ ਲਗਵਾਈ ਜਾਵੇ।ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ ਹੈ। ਜੇ ਕਿਤੇ ਕਿਸੇ ਕਿਸਮ ਦੀ ਕੋਈ ਦਿੱਕਤ ਆਉਂਦੀ ਵੀ ਹੈ ਤਾਂ ਉਹ ਫੌਰੀ ਦੂਰ ਕੀਤੀ ਜਾਂਦੀ ਹੈ। ਉਨ੍ਹਾਂ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਖੁਦ ਵੀ ਵੈਕਸੀਨ ਲਗਵਾਉਣ ਤੇ ਅੱਗੇ ਹੋਰਨਾਂ ਨੂੰ ਵੀ ਵੱਧ ਤੋਂ ਵੱਧ ਵੈਕਸੀਨ ਲਗਵਾਉਣ ਲਈ ਪ੍ਰੇਰਨ।ਇਸ ਨਾਲ ਜਿੱਥੇ ਕਰੋਨਾ ਦੀ ਮੌਜੂਦਾ ਲਹਿਰ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ ਤੇ ਨਾਲ ਹੀ 100 ਫ਼ੀਸਦ ਵੈਕਸੀਨੇਸ਼ਲ ਦਾ ਟੀਚਾ ਪੂਰਾ ਕਰਨ ਵਿੱਚ ਮਦਦ ਮਿਲੇਗੀ, ਉਥੇ ਜੇ ਕਰੋਨਾ ਦੀ ਤੀਜੀ ਲਹਿਰ ਆਈ ਤਾਂ ਉਸ ਦਾ ਵੀ ਟਾਕਰਾ ਮਜ਼ਬੂਤੀ ਨਾਲ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕੋਵਿਡ ਵੈਕਸੀਨੇਸ਼ਨ ਮੁਹਿੰਮ ਵਿੱਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਤੇ ਅਜਿਹੇ ਉਪਰਾਲੇ ਜਾਰੀ ਰੱਖਣ ਦੀ ਅਪੀਲ ਕੀਤੀ।ਇਸ ਮੌਕੇ ਤਹਿਸੀਲਦਾਰ ਗੁਰਜਿੰਦਰ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ.ਰਮਿੰਦਰ ਕੌਰ, ਵਿਧਾਇਕ ਨਾਗਰਾ ਦੇ ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਸਰਪੰਚ ਜਗਦੀਪ ਸਿੰਘ ਨੰਬਰਦਾਰ, ਪੰਚ ਗੁਰਸੇਵਕ ਸਿੰਘ ਸੋਨੀ ਆਦਿ ਹਾਜ਼ਰ ਸਨ।