ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿਚਲੇ ਚੋਆਂ ਤੇ ਨਾਲਿਆਂ ਦੀ ਸਫਾਈ ਦਾ ਕੰਮ ਬਰਸਾਤਾਂ ਤੋਂ ਪਹਿਲਾਂ ਮੁਕੰਮਲ ਕਰਨ ਦੇ ਆਦੇਸ਼
ਸਫ਼ਾਈ ਕਾਰਜਾਂ ਦੀ ਐਸ.ਡੀ.ਐਮਜ਼ ਖੁਦ ਕਰਨ ਨਿਗਰਾਨੀ
5 Dariya News
ਫ਼ਤਹਿਗੜ੍ਹ ਸਾਹਿਬ 16-Jun-2021
ਜ਼ਿਲ੍ਹੇ ਵਿੱਚੋਂ ਲੰਘਦੇ ਚੋਆਂ ਤੇ ਨਾਲਿਆਂ ਦੀ ਸਫ਼ਾਈ ਦਾ ਕੰਮ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਮੁਕੰਮਲ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਬਰਸਾਤੀ ਸੀਜ਼ਨ ਦੌਰਾਨ ਬਰਸਾਤੀ ਪਾਣੀ ਦੀ ਆਸਾਨੀ ਨਾਲ ਨਿਕਾਸੀ ਹੋ ਸਕੇ।ਇਹ ਨਿਰਦੇਸ਼ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਬੱਚਤ ਭਵਨ, ਫਤਹਿਗੜ੍ਹ ਸਾਹਿਬ ਵਿਖੇ ਸੰਭਾਵੀ ਹੜਾਂ ਤੋਂ ਬਚਾਅ ਸਬੰਧੀ ਕਾਰਜਾਂ ਦਾ ਨਰੀਖਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਅਤੇ ਸਬ ਡਿਵੀਜ਼ਨ ਪੱਧਰ 'ਤੇ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ, ਫੋਨ 01763-232838, ਸਬ ਡਿਵੀਜ਼ਨ ਫ਼ਤਹਿਗੜ੍ਹ ਸਾਹਿਬ ਤਹਿਸੀਲ ਦਫ਼ਤਰ ਵਿਖੇ, ਫੋਨ 01763-502016, ਸਬ ਡਿਵੀਜ਼ਨ ਅਮਲੋਹ ਤਹਿਸੀਲ ਦਫ਼ਤਰ ਵਿਖੇ, ਫੋਨ 01765-230029, ਸਬ ਡਿਵੀਜ਼ਨ ਬਸੀ ਪਠਾਣਾਂ ਤਹਿਸੀਲ ਦਫ਼ਤਰ ਵਿਖੇ 01763-252748 ਅਤੇ ਸਬ ਡਿਵੀਜ਼ਨ ਖਮਾਣੋਂ ਐਸ ਡੀ ਐਮ ਦਫ਼ਤਰ ਵਿਖੇ 01628-260700 ਸ਼ਾਮਲ ਹਨ। ਸੰਭਾਵੀਂ ਹੜ੍ਹਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਸੂਚਨਾ ਲਈ ਇਨ੍ਹਾਂ ਕੰਟਰੋਲ ਰੂਮ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਿਜਲੀ ਸਪਲਾਈ ਸਬੰਧੀ ਮੁਸ਼ਕਲਾਂ ਦੇ ਹੱਲ ਲਈ ਨੋਡਲ ਕੰਪਲੈਂਟ ਸੈਂਟਰ ਸਰਹਿੰਦ ਦੇ ਫੋਨ ਨੰਬਰ 96461-11993, 01763-227012, 1912, ਐਡੀਸ਼ਨਲ ਐਸ ਈ ਡਿਵੀਜ਼ਨ ਸਰਹਿੰਦ 96461-11515, ਐਡੀਸ਼ਨਲ ਐਸ ਈ ਡਿਵੀਜ਼ਨ ਅਮਲੋਹ 96461-11516, ਐਡੀਸ਼ਨਲ ਐਸ ਈ ਡਿਵੀਜ਼ਨ ਮੰਡੀ ਗੋਬਿੰਦਗੜ੍ਹ 96461-11512, ਐਡੀਸ਼ਨਲ ਐਸ ਈ ਡਿਵੀਜ਼ਨ ਗਰਿਡ ਮੇਨਟੀਨੈਂਸ 96461-11536 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸ਼੍ਰੀਮਤੀ ਮਲਿਕ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚੋਂ ਲੰਘਦੀਆਂ ਪ੍ਰਮੁੱਖ ਤੇ ਲਿੰਕ ਸੜਕਾਂ 'ਤੇ ਬਣੇ ਹੋਏ ਪੁਲਾਂ ਤੇ ਪੁਲੀਆਂ ਦੀ ਸਫਾਈ ਵੀ ਯਕੀਨੀ ਬਣਾਈ ਜਾਵੇ। ਐਸ.ਡੀ.ਐਮਜ਼ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਸਫਾਈ ਦੇ ਕੰਮ ਦੀ ਖੁਦ ਨਿਗਰਾਨੀ ਕਰਨ ਅਤੇ ਜ਼ਿਲ੍ਹੇ ਵਿੱਚੋਂ ਲੰਘਦੀਆਂ ਸਾਰੀਆਂ ਡਰੇਨਾਂ, ਚੋਆਂ ਆਦਿ ਦੀ ਸਫਾਈ ਦੇ ਕੰਮ ਨੂੰ ਪਹਿਲ ਦੇ ਆਧਾਰ 'ਤੇ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਬਰਸਾਤ ਦੇ ਮੌਸਮ ਵਿੱਚ ਪਾਣੀ ਦੀ ਨਿਕਾਸੀ ਨਿਰਵਿਘਨ ਹੋ ਸਕੇ।ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਲੋੜੀਂਦਾ ਸਮਾਨ, ਕਿਸ਼ਤੀਆਂ, ਚੱਪੂ, ਲਾਈਫ ਜੈਕਟਾਂ , ਟੈਂਟ, ਬਾਂਸ, ਪੌਲੀਥੀਨ ਸ਼ੀਟਾਂ, ਤਰਪਾਲਾਂ ਅਤੇ ਸਰਚ ਲਾਈਟਾਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਜ਼ਿਲ੍ਹਾ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਮੌਕੇ ਖਾਣ ਪੀਣ ਦੇ ਸਮਾਨ ਦਾ ਪ੍ਰਬੰਧ ਕਰਨ ਲਈ ਕਿਹਾ। ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਬਰਸਾਤ ਦੇ ਮੌਸਮ ਤੋਂ ਪਹਿਲਾਂ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ।ਸ਼੍ਰੀਮਤੀ ਮਲਿਕ ਨੇ ਹੜ੍ਹ ਆਉਣ ਦੀ ਸਥਿਤੀ ਵਿੱਚ ਪ੍ਰਭਾਵਤ ਵਿਅਕਤੀਆਂ ਨੂੰ ਠਹਿਰਾਉਣ ਲਈ ਢੁਕਵੀਆਂ ਸਰਕਾਰੀ ਬਿਲਡਿੰਗਾਂ ਦੀ ਅਗੇਤੇ ਹੀ ਪਛਾਣ ਕਰਨ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ। ਉਨ੍ਹਾਂ ਨੇ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਬਰਸਾਤੀ ਪਾਣੀ ਦੇ ਨਿਕਾਸ ਵਿੱਚ ਰੁਕਾਵਟ ਪਾਉਣ ਵਾਲੇ ਦਰਖ਼ਤਾਂ ਸਬੰਧੀ ਸਮੱਸਿਆ ਦਾ ਹੱਲ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਐਸ.ਡੀ.ਐਮਜ਼, ਤਹਿਸੀਲਦਾਰ, ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਅਤੇ ਸਿਹਤ ਵਿਭਾਗ ਨੂੰ ਹੜ੍ਹ ਆਉਣ ਦੀ ਸਥਿਤੀ ਵਿੱਚ ਰਾਹਤ ਕੈਂਪ ਲਗਾਉਣ ਲਈ ਵੀ ਪ੍ਰਬੰਧ ਕਰਨ ਵਾਸਤੇ ਕਿਹਾ।ਮਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਦਿਆਲ ਸਿੰਘ ਚੱਠਾ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ, ਐਸ.ਡੀ.ਐਮ. ਅਮਲੋਹ ਆਨੰਦ ਸਾਗਰ ਸ਼ਰਮਾ, ਐਸ.ਡੀ.ਐਮ. ਬਸੀ ਪਠਾਣਾ ਜਸਪ੍ਰੀਤ ਸਿੰਘ, ਐਸ.ਡੀ.ਐਮ. ਖਮਾਣੋਂ ਅਰਵਿੰਦ ਕੁਮਾਰ, ਐਸ ਪੀ ਹਰਪਾਲ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।