5 Dariya News

ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਰਕਰਾਂ ਨੇ ਮੁੱਖ ਮੰਤਰੀ ਦੇ ਫਾਰਮ ਹਾਊਸ ਦਾ ਘਿਰਾਓ ਕਰਨ ਵੇਲੇ ਪੁਲਿਸ ਬੈਰੀਕੇਡ ਤੋੜੇ ਤੇ ਜਲ ਤੋਪਾਂ ਦਾ ਕੀਤਾ ਸਾਹਮਣਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅਕਾਲੀ ਦਲ ਤੇ ਬਸਪਾ ਦੀ ਸੀਨੀਅਰ ਲੀਡਰਸ਼ਿਪ ਨਾਲ ਰਲ ਕੇ ਦਿੱਤੀਆਂ ਗ੍ਰਿਫਤਾਰੀਆਂ

5 Dariya News

ਚੰਡੀਗੜ੍ਹ 15-Jun-2021

ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਵਰਕਰਾਂ ਨੇ ਅੱਜ ਵੈਕਸੀਨ ਤੇ ਫਤਿਹ ਕਿੱਟ ਘੁਟਾਲੇ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਗ੍ਰਿਫਤਾਰੀ ਮੰਗਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨ ਵੇਲੇ ਪੁਲਿਸ ਬੈਰੀਕੇਡ ਤੋੜ ਸੁੱਟ ਤੇ ਜਲ ਤੋਪਾਂ ਦਾ ਸਾਹਮਣਾ ਕੀਤਾ।ਅਕਾਲੀ ਦਲ ਤੇ ਬਸਪਾ ਦੇ ਹਜ਼ਾਰਾਂ ਵਰਕਰ ਇਸ ਤੋਂ ਪਹਿਲਾਂ ਮੁੱਖ ਮੰਤਰੀ ਦੀ ਰਿਹਾਹਿਸ਼ ਨੇੜੇ ਇਕੱਤਰ ਹੋਏ ਅਤੇ ਪਿਛਲੇ ਸਾਢੇ ਚਾਰ ਸਾਲ ਤੋਂ ਲਾਪਤਾ ਹੰਕਾਰੀ ਰਾਜੇ ਨੂੰ ਜਗਾਉਣ ਵਾਸਤੇ ਮਿੰਨੀ ਰੈਲੀ ਵਿਚ ਸ਼ਮੂਲੀਅਤ ਕੀਤੀ । ਰੋਸ ਰੈਲੀ ਨੂੰ  ਬਸਪਾ ਦੇ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਵੀ ਸੰਬੋਧਨ ਕੀਤਾ ਤੇ ਮੰਗ ਕੀਤੀ ਕਿ ਹਾਈਵੇਅ ਪ੍ਰਾਜੈਕਟਰਾਂ ਲਈ ਐਕਵਾਇਰ ਕੀਤੀ ਜਾ ਰਹੀ ਕਿਸਾਨਾਂ ਦੀ ਜ਼ਮੀਨ ਲਈ ਉਹਨਾਂ ਨੂੰ ਮਾਰਕੀਟ ਰੇਟ ਅਨੁਸਾਰ ਅਦਾਇਗੀ ਕੀਤੀ ਜਾਵੇ।ਧਰਨੇ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ  ਨੇ ਸਪਸ਼ਟ ਕੀਤਾ ਕਿ ਜਿਹੜੇ ਵੀ ਕਾਂਗਰਸ ਦੇ ਮੰਤਰੀ ਭ੍ਰਿਸ਼ਟਾਚਾਰ ਕਰ ਰਹੇ ਹਨ, 2022 ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਬਣਨ ਉਪਰੰਤ ਇਹਨਾਂ ਤੋਂ ਹਿਸਾਬ ਕਿਤਾਬ ਲਿਆ ਜਾਵੇਗਾ ਤੇ ਇਹਨਾਂ ਖਿਲਾਫ ਕਾਨੁੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਭ੍ਰਿਸ਼ਟ ਮੰਤਰੀਆਂ ਦਾ ਬਚਾਅ ਕਰਨ ਲਈ ਮੁੱਖ ਮੰਤਰੀ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਜਿਥੇ ਬਲਬੀਰ ਸਿੱਧੂ ਨਸ਼ਾ ਛੁਡਾਊ ਗੋਲੀਆਂ ਦੇ ਘੁਟਾਲੇ, ਪੀ ਪੀ ਈ ਕਿੱਟ ਘੁਟਾਲੇ, ਵੈਕਸੀਨ ਘੁਟਾਲੇ ਤੇ ਫਤਿਹ ਕਿੱਟ ਘੁਟਾਲੇ ਲਈ ਜ਼ਿੰਮੇਵਾਰ ਹਨ, ਉਥੇ ਹੀ ਸਾਧੂ ਸਿੰਘ ਧਰਮਸੋਤ 303 ਕਰੋੜ ਰੁਪਏ ਦੇ ਐਸ ਸੀ ਸਕਾਲਰਸ਼ਿਪ ਘੁਟਾਲੇ ਅਤੇ ਸੁਖਜਿੰਦਰ ਸਿੰਘ ਰੰਧਾਵਾ ਬੀਜ ਘੁਟਾਲੇ ਲਈ ਜ਼ਿੰਮੇਵਾਰ ਹਨ। ਸਰਦਾਰ ਬਾਦਲ ਨੇ ਕਿਹਾ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਆਪ ਰੇਤ ਤੇ ਸ਼ਰਾਬ ਮਾਫੀਆ ਨੂੰ ਪੁਸ਼ਤ ਪਨਾਹੀ  ਦਿੱਤੀ ਹੈ ਜਿਹਨਾਂ ਨੇ ਸੂਬੇ ਨੂੰ ਲੁੱਟ ਲਿਆ ਹੈ ਤੇ  5600 ਕਰੋੜ ਰੁਪਏ ਦਾ ਆਬਕਾਰੀ ਘਾਟਾ ਹੀ ਪਿਆ ਹੈ ਤੇ ਸੈਂਕੜੇ ਕਰੋੜ ਰੁਪਏ ਦਾ ਘਾਟਾ ਰੇਤੇ ਦੇ ਨਜਾਇਜ਼ ਮਾਇਨਿੰਗ ਤੋਂ ਪਿਆ ਹੈ।ਸਰਦਾਰ ਬਾਦਲ ਨੇ ਕਾਂਗਰਸ ਸਰਕਾਰ ਵੱਲੋਂ ਗਰੀਬ ਬੱਚਿਆਂ ਨੂੰ ਸਿੱਖਿਆ ਤੋਂ ਵਿਰਸਾ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਨ ’ਤੇ ਅਸੀਂ ਯਕੀਨੀ ਬਣਾਵਾਂਗੇ ਕਿ  ਸਰਕਾਰੀ ਸਕੂਲਾਂ  ਵਿਚ ਵਿਸ਼ਵ ਪੱਧਰ ਦੀ ਮਿਆਰੀ ਸਿੱਖਿਆ ਬੱਚਿਆਂ ਨੁੰ ਮੁਫਤ ਮਿਲੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਐਸ ਸੀ ਵਿਦਿਆਰਥੀਆਂ ਨੂੰ ਇੰਜੀਨੀਅਰਿੰਗ ਤੇ ਮੈਡੀਕਲ ਕਾਲਜਾਂ ਵਿਚ ਸਕਾਲਰਸ਼ਿਪ ਦਿੱਤੀ ਜਾਵੇਗੀ। 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਭ੍ਰਿਸ਼ਟ ਤੇ ਘੁਟਾਲਿਆਂ ਵਾਲੀ ਕਾਂਗਰਸ ਸਰਕਾਰ ਦਾ ਅੰਤ ਸ਼ੁਰੂ  ਹੋ ਗਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਸੇਧ ਦੇਵੇਗਾ। ਉਹਨਾਂ ਕਿਹਾ ਕਿ ਦੋਹਾਂ ਪਾਰਟੀਆਂ ਦੇ ਇਕੋ ਜਿਹੇ ਆਦਰਸ਼ਤ ਹਨ ਤੇ ਦੋਵੇਂ ਗਰੀਬਾਂ ਤੇ ਦਬੇ ਕੁਚਲਿਆਂ ਤੇ ਕਿਸਾਨ ਤੇ ਖੇਤ ਮਜ਼ਦੂਰਾਂ ਦੀ ਭਲਾਈ ਪ੍ਰਤੀ ਵਚਨਬੱਧ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਇਕ ਜ਼ੁਬਾਨ ਵਾਲੀ ਪਾਰਟੀ ਹੈ ਤੇ ਅਸੀਂ ਭਾਜਪਾ ਨਾਲ ਗਠਜੋੜ ਚੰਗੇ ਮਾੜੇ ਸਮੇਂ ਵਿਚ ਨਿਭਾਇਆ ਪਰ ਜਦੋਂ ਉਸਨੇ ਕਿਸਾਨ ਹਿਤਾਂ  ’ਤੇ ਹਮਲਾ ਕੀਤਾ ਤਾਂ ਸਾਡੇ ਕੋਲ ਗਠਜੋੜ ਛੱਡਣ ਤੋਂ ਇਲਾਵਾ ਹੋਰ ਕੋਈ ਚਾਰਾ ਬਾਕੀ ਨਹੀਂ ਰਹਿ ਗਿਆ। ਉਹਨਾਂ ਕਿਹਾ ਕਿ ਹੁਣ ਬਸਪਾ ਨਾਲ ਸਾਡਾ ਗਠਜੋੜ ਸਥਾਈ ਹੈ ਤੇ ਦੱਸਿਆ ਕਿ ਗਠਜੋੜ ਕਾਇਮ ਕਰਨ ਵਿਚ ਕੁਮਾਰੀ ਮਾਇਆਵਤੀ ਦੀ ਵੱਡੀ ਭੂਮਿਕਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਬਸਪਾ ਦੇ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਬਾਬੂ ਕਾਂਸ਼ੀ ਰਾਮ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸੁਫਨੇ ਪੂਰੇ ਕਰੇਗਾ ਤੇ ਇਹ ਸੂਬੇ ਵਿਚੋਂ ਕਾਂਗਰਸ ਪਾਰਟੀ ਦੇ ਖਾਤਮੇ ਵੱਲ ਇਕ ਕਦਮ ਹੈ। ਬਸਪਾ ਪ੍ਰਧਾਨ ਨੇ ਕਾਂਗਰਸ ਦੇ ਲੁਧਿਆਣਾ ਤੋਂ ਐਮ ਪੀ ਰਵਨੀਤ ਬਿੱਟੂ ਵੱਲੋਂ ਆਪਣੇ ਹਾਲ ਹੀ ਬਿਆਨ ਨਾਲ ਦਲਿਤ ਭਾਈਚਾਰੇ ਦਾ ਅਪਮਾਨ ਕਰਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਸਬੰਧੀ ਐਮ ਪੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸੂਬੇ ਦੇ ਦੋ ਲੱਖ ਐਸ ਸੀ ਵਿਦਿਆਰਥੀਆਂ ਨੂੰ ਸਿਰਫ ਇਸ ਕਰ ਕੇ ਰੋਲ ਨੰਬਰ ਨਹੀਂ ਦਿੱਤੇ ਜਾ ਰਹੇ ਕਿਉਂਕਿ ਕਾਂਗਰਸ ਸਰਕਾਰ ਨੇ ਉਹਨਾਂ ਦੀ ਸਕਾਲਰਸ਼ਿਪ ਦੀ ਅਦਾਇਗੀ ਨਹੀਂ ਕੀਤੀ ਤੇ ਉਹ ਦਲਿਤ ਵਿਦਿਆਰਥੀਆਂ ਨਾਲ ਵਿਤਕਰੇ ਪ੍ਰਤੀ ਮੂਕ ਦਰਸ਼ਕ ਬਣ ਕੇ ਬੈਠੀ ਹੋਈ ਹੈ। ਸ੍ਰੀ ਗੜ੍ਹੀ ਨੈ ਇਹ ਵੀ ਦੱਸਿਆ ਕਿ ਕਿਵੇਂ ਸਫਾਈ ਕਰਮਚਾਰੀ ਜੋ ਕਿ ਪਿਛਲੇ ਇਕ ਮਹੀਨੇ ਤੋਂ ਹੜਤਾਲ ’ਤੇ ਹਨ ਨਾਲ ਹੜਤਾਲ ਖਤਮ ਕਰਵਾਉਣ ਲਈ ਕੋਈ ਰਾਬਤ ਕਾਇਮ ਨਹੀਂ ਕੀਤਾ ਗਿਆ। ਉਹਨਾਂ ਮੰਗ ਕੀਤੀ ਕਿ ਸਫਾਈ ਕਰਮਚਾਰੀਆਂ ਦੀ ਮੰਗਾਂ ਤੁਰੰਤ ਮੰਨੀਆਂ ਜਾਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਜਨਮੇਜਾ ਸਿੰਘ ਸੇਖੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਗੁਲਜ਼ਾਰ ਸਿੰਘ ਰਣੀਕੇ, ਸ਼ਰਨਜੀਤ ਸਿੰਘ ਢਿੱਲੋਂ, ਬਿਕਰਮ ਸਿੰਘ ਮਜੀਠੀਆ, ਗੋਬਿੰਦ ਸਿੰਘ ਲੌਂਗੋਵਾਲ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਜਗਮੀਤ ਸਿੰਘ ਬਰਾੜ, ਪਵਨ ਟੀਨੂੰ, ਐਨ ਕੇ ਸ਼ਰਮਾ,  ਮਨਪ੍ਰੀਤ ਇਯਾਲੀ, ਬਲਦੇਵ ਖਹਿਰਾ, ਡਾ. ਸੁਖਵਿੰਦਰ  ਸੁੱਖੀ, ਰੋਜ਼ੀ ਬਰਕੰਦੀ, ਪਰਮਬੰਸ ਸਿੰਘ ਰੋਮਾਣਾ, ਰਣਜੀਤ ਗਿੱਲ ਤੇ ਚਰਨਜੀਤ ਸਿੰਘ ਬਰਾੜ ਨੇ ਵੀ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।