5 Dariya News

12 ਜੂਨ ਨੂੰ 12 ਹੋਰ ਏਐਫਪੀਆਈ ਕੈਡਿਟ ਬਣੇ ਅਧਿਕਾਰੀ

5 Dariya News

ਐਸ.ਏ.ਐਸ. ਨਗਰ 12-Jun-2021

12 ਏਐਫਪੀਆਈ ਸਾਬਕਾ ਕੈਡਿਟਾਂ ਨੇ ਅੱਜ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਵਿਖੇ ਸਿਖਲਾਈ ਮੁਕੰਮਲ ਕੀਤੀ ਅਤੇ ਭਾਰਤੀ ਫੌਜ ਵਿਚ ਲੈਫਟੀਨੈਂਟ ਦਾ ਅਹੁਦਾ ਹਾਸਲ ਕੀਤਾ। ਆਰਮੀ ਕਮਾਂਡਰ ਪੱਛਮੀ ਕਮਾਂਡ ਲੈਫਟੀਨੈਂਟ ਜਨਰਲ ਆਰ ਪੀ ਸਿੰਘ ਵੱਲੋਂ ਪਰੇਡ ਦੀ ਸਮੀਖਿਆ ਕੀਤੀ ਗਈ। ਕੋਵਿਡ 19 ਪਾਬੰਦੀਆਂ ਕਾਰਨ, ਕੈਡਿਟਾਂ ਦੇ ਮਾਪਿਆਂ ਨੂੰ ਪਰੇਡ ਲਈ ਨਹੀਂ ਬੁਲਾਇਆ ਗਿਆ।ਹੁਣ ਤੱਕ ਪਹਿਲੇ ਅੱਠ ਕੋਰਸਾਂ ‘ਚੋਂ 162 ਕੈਡਿਟ ਐਨਡੀਏ ਜਾਂ ਹੋਰ ਸੇਵਾ ਅਕਾਦਮੀਆਂ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ ਇਨ੍ਹਾਂ ਵਿੱਚੋਂ 83 ਨੇ ਹਥਿਆਰਬੰਦ ਸੈਨਾਵਾਂ ਵਿੱਚ ਕਾਰਜਭਾਰ ਸੰਭਾਲਿਆ ਹੈ। 68 ਕੈਡਿਟ ਆਰਮੀ, 8 ਨੇਵੀ ਅਤੇ 7 ਏਅਰ ਫੋਰਸ ਵਿਚ ਭਰਤੀ ਹੋਏ ਹਨ। 19 ਜੂਨ ਨੂੰ ਏਅਰ ਫੋਰਸ ਅਕੈਡਮੀ ਦੀ ਪਰੇਡ ਖ਼ਤਮ ਹੋਣ ਉਪਰੰਤ ਦੋ ਹੋਰ ਕੈਡੇਟਾਂ ਦੇ ਹਵਾਈ ਸੈਨਾ ਵਿਚ ਸ਼ਾਮਲ ਹੋਣ ਦੀ ਉਮੀਦ ਹੈ।ਇਹ ਕੈਡੇਟ ਪੰਜਵੇਂ ਏਐਫਪੀਆਈ ਕੋਰਸ ਦੇ ਹਿੱਸੇ ਵਜੋਂ ਸਾਲ 2015 ਵਿੱਚ ਆਰਮਡ ਫੋਰਸਿਜ਼ ਪ੍ਰੀਪਰੇਟਰੀ ਇੰਸਟੀਚਿਊਟ, ਮੁਹਾਲੀ ਵਿੱਚ ਸ਼ਾਮਲ ਹੋਏ । ਉਹ ਸਾਲ 2017 ਵਿੱਚ ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ ਵਿੱਚ 138ਵੇਂ ਐਨਡੀਏ ਕੋਰਸ ਦੇ ਹਿੱਸੇ ਵਜੋਂ ਸ਼ਾਮਲ ਹੋਏ। ਐਨਡੀਏ ਵਿਖੇ ਤਿੰਨ ਸਾਲਾਂ ਦੀ ਸਖ਼ਤ ਸਿਖਲਾਈ ਦੇ ਪੂਰਾ ਹੋਣ ‘ਤੇ ਉਹ ਸਰਵਿਸ ਟ੍ਰੇਨਿੰਗ ਦੇ ਅੰਤਮ ਸਾਲ ਲਈ ਆਈਐਮਏ ਵਿਚ ਸ਼ਾਮਲ ਹੋਏ।ਅਕੈਡਮੀ ਕੈਡਿਟ ਐਜਟੈਂਟ ਲਵਨੀਤ ਸਿੰਘ ਨੇ ਪਾਸਿੰਗ ਆਊਟ ਕੋਰਸ ਦੇ ਮੈਰਿਟ ਦੇ ਸਮੁੱਚੇ ਕ੍ਰਮ ਵਿਚ ਤੀਜੇ ਸਥਾਨ 'ਤੇ ਆ ਕੇ ਕਾਂਸੀ ਦਾ ਤਗਮਾ ਜਿੱਤ ਕੇ ਨਾਮ ਖੱਟਿਆ। ਲਵਨੀਤ ਜਲਾਲਾਬਾਦ ਪੂਰਬ ਨਾਲ ਸਬੰਧਤ ਹਨ ਅਤੇ ਉਹਨਾਂ ਦੇ ਪਿਤਾ ਸਰਦਾਰ ਭੁਪਿੰਦਰ ਸਿੰਘ ਇੱਕ ਕਿਸਾਨ ਹਨ। ਉਹਨਾਂ ਦੀ ਮਾਤਾ ਸ੍ਰੀਮਤੀ ਪਰਵੀਨ ਕੌਰ ਇੱਕ ਘਰੇਲੂ ਸੁਆਣੀ ਹੈ। ਉਹ ਸਿੱਖ ਲਾਈਟ ਇਨਫੈਂਟਰੀ ਦੀ 7ਵੀਂ ਬਟਾਲੀਅਨ ਵਿਚ ਸ਼ਾਮਲ ਹੋਣਗੇ।ਪਿਛਲੇ ਸਮੇਂ ਵਿੱਚ ਏਐਫਪੀਆਈ ਦੇ ਕੈਡਿਟਾਂ ਨੇ ਸੇਵਾ ਅਕਾਦਮੀਆਂ ਵਿੱਚ ਵੱਖ ਵੱਖ ਤਗਮੇ ਜਿੱਤ ਕੇ ਪ੍ਰਸਿੱਧੀ ਹਾਸਲ ਕੀਤੀ। ਲੈਫਟੀਨੈਂਟ ਹਰਪ੍ਰੀਤ ਸਿੰਘ (ਸਕਾਇੰਡ ਹਾਰਸ) ਨੂੰ ਮਾਰਚ 2020 ਵਿਚ ਆਫ਼ਿਸਰਜ਼ ਟ੍ਰੇਨਿੰਗ ਅਕੈਡਮੀ ਵਿਖੇ ਸਵਾਰਡ ਆਫ਼ ਆਨਰ ਅਤੇ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ ਅਤੇ ਲੈਫਟੀਨੈਂਟ ਗੁਰਵੰਸ਼ ਸਿੰਘ ਗੋਸਲ (ਸਿੱਖ ਰੈਜੀਮੈਂਟ) ਨੂੰ ਦਸੰਬਰ 2018 ਵਿਚ ਇੰਡੀਅਨ ਮਿਲਟਰੀ ਅਕੈਡਮੀ ਵਿਚ ਕਾਂਸੀ ਦਾ ਤਗਮਾ ਦਿੱਤਾ ਗਿਆ। 

ਏਐਫਪੀਆਈ ਦੇ ਸਾਬਕਾ ਕੈਡਿਟ ਜੋ ਹੁਣ ਅਧਿਕਾਰੀਆਂ ਵਜੋਂ ਸੇਵਾਵਾਂ ਨਿਭਾ ਰਹੇ ਹਨ, ਦੇਸ਼ ਦੀ ਸੇਵਾ ਲਈ ਵੱਡੇ ਸਨਮਾਨ ਪ੍ਰਾਪਤ ਕਰ ਰਹੇ ਹਨ। ਕੈਪਟਨ ਵਿਸ਼ਵਵਦੀਪ ਸਿੰਘ ਜੋ ਸਪੈਸ਼ਲ ਫੋਰਸਿਜ਼ ਵਿਚ ਹਨ, ਨੂੰ ਜਨਵਰੀ 2021 ਵਿਚ ਬਹਾਦਰੀ ਲਈ ਸੈਨਾ ਮੈਡਲ ਅਤੇ ਲੈਫਟੀਨੈਂਟ ਜਸਮੀਤ ਸਿੰਘ ਬਮਰਾਹ, ਜੈਕ ਰਿਫ, ਨੂੰ ਗਲਵਾਨ ਵੈਲੀ ਵਿਚ ਆਪ੍ਰੇਸ਼ਨਜ਼ ਲਈ ਚੀਫ਼ ਆਫ਼ ਡਿਫੈਂਸ ਸਟਾਫ਼ ਪ੍ਰਸ਼ੰਸਾ ਪੱਤਰ ਦਿੱਤਾ ਗਿਆ।ਇਸ ਵੇਲੇ ਏਐਫਪੀਆਈ ਵਿੱਚ ਤਿੰਨ ਸਿਖਲਾਈ ਕੋਰਸ ਚਲ ਰਹੇ ਹਨ। 39 ਕੈਡਿਟਾਂ ਦੇ ਨੌਵੇਂ ਕੋਰਸ ਨੇ ਹਾਲ ਹੀ ਵਿੱਚ ਆਪਣੀ ਦੋ ਸਾਲਾਂ ਦੀ ਸਿਖਲਾਈ ਪੂਰੀ ਕੀਤੀ ਹੈ। ਯੂਪੀਐਸਸੀ ਦੁਆਰਾ ਮੈਰਿਟ ਸੂਚੀ ਜਾਰੀ ਹੋਣ ਤੋਂ ਤੁਰੰਤ ਬਾਅਦ ਇਸ ਕੋਰਸ ਦੇ ਚੁਣੇ ਗਏ ਕੈਡੇਟ ਜਲਦੀ ਹੀ ਐਨਡੀਏ ਵਿੱਚ ਸ਼ਾਮਲ ਹੋ ਜਾਣਗੇ। ਦਸਵੇਂ ਕੋਰਸ ਦੇ 50 ਕੈਡਿਟ 12ਵੀਂ ਜਮਾਤ ਵਿੱਚ ਪੜ੍ਹ ਰਹੇ ਹਨ ਅਤੇ ਇਸ ਸਾਲ ਸਤੰਬਰ ਵਿੱਚ ਐਨਡੀਏ ਦਾਖਲਾ ਪ੍ਰੀਖਿਆ ਦੇਣਗੇ। 42 ਕੈਡਿਟਾਂ ਦਾ ਗਿਆਰ੍ਹਵਾਂ ਕੋਰਸ ਹਾਲ ਹੀ ਵਿੱਚ ਏਐਫਪੀਆਈ ਵਿੱਚ ਸ਼ਾਮਲ ਹੋਇਆ ਹੈ ਅਤੇ ਪਿਛਲੇ ਮਹੀਨੇ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਸੀ।ਕੋਵਿਡ 19 ਕਾਰਨ ਪਿਛਲੇ ਸਾਲ ਮਾਰਚ ਤੋਂ ਲੈ ਕੇ ਸਾਰੀ ਸਿਖਲਾਈ ਆਨਲਾਈਨ ਢੰਗ ਰਾਹੀਂ ਦਿੱਤੀ ਜਾ ਰਹੀ ਹੈ। ਸਖ਼ਤ ਪਾਬੰਦੀਆਂ ਦੇ ਬਾਵਜੂਦ, ਜਨਵਰੀ 2020 ਤੋਂ ਮਈ 2021 ਦੀ ਮਿਆਦ ਦੇ ਦੌਰਾਨ ਇੰਸਟੀਚਿਊਟ ਲਗਭਗ 28 ਕੈਡਟਾਂ ਨੂੰ ਐਨਡੀਏ ਅਤੇ ਹੋਰ ਅਕੈਡਮੀਆਂ ਵਿੱਚ ਭੇਜਣ ਦੇ ਯੋਗ ਹੋਇਆ ਹੈ।ਇਸ ਸਾਲ ਤੋਂ ਏਐਫਪੀਆਈ ਵੱਲੋਂ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਕੈਡੇਟ ਸਿਖਲਾਈ ਵਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਰਾਹੀਂ ਪੰਜਾਬ ਦੇ ਵੱਖ ਵੱਖ ਚੋਣਵੇਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਥਿਆਰਬੰਦ ਸੈਨਾ ਵਿੱਚ ਸ਼ਾਮਲ ਹੋਣ ਲਈ ਸਿਖਲਾਈ ਦੇਣ ਅਤੇ ਪ੍ਰੇਰਿਤ ਕਰਨ ਲਈ ਪਹੁੰਚ ਕਰਨ ਕੀਤੀ ਗਈ ਹੈ। ਕਲਾਸ 11 ਅਤੇ 12 ਵੀਂ ਜਮਾਤ ਵਿੱਚ ਪੜ੍ਹ ਰਹੇ 100 ਤੋਂ ਵੱਧ ਵਿਦਿਆਰਥੀ ਪਹਿਲਾਂ ਹੀ ਇਸ ਨਵੇਂ ਉੱਦਮ ਵਿੱਚ ਦਾਖਲਾ ਲੈ ਚੁੱਕੇ ਹਨ ਜਿਸ ਨਾਲ ਆਉਣ ਵਾਲੇ ਸਾਲਾਂ ਵਿੱਚ ਹਥਿਆਰਬੰਦ ਸੈਨਾ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ।