5 Dariya News

ਡਿਪਟੀ ਕਮਿਸ਼ਨਰ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਲੋੜਵੰਦਾਂ ਲਈ 11 ਰੁਪਏ 'ਚ ਮਿਲਣ ਵਾਲੀ ਆਕਸੀਜਨ ਨਾਲ ਲੈਸ ਐਂਬੂਲੈਂਸ ਦੀ ਸ਼ੁਰੂਆਤ

ਐਨ.ਜੀ.ਓਜ਼ ਵਲੋਂ ਔਖੀ ਘੜੀ 'ਚ ਲੋਕ ਸੇਵਾ 'ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ

5 Dariya News

ਜਲੰਧਰ 28-May-2021

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਅਤੇ ਉਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਅੱਜ ਲੋੜਵੰਦ ਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ 11 ਰੁਪਏ ਵਿੱਚ ਉਪਲਬੱਧ ਹੋਣ ਵਾਲੀ ਆਕਸੀਜਨ ਨਾਲ ਲੈਸ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਗਈ।ਲੋਕਾਂ ਭਲਾਈ ਲਈ ਅਤਿ ਲੋੜੀਂਦੀ ਸੇਵਾ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮਾਨਵਤਾ ਦੀ ਸੱਚੀ ਸੇਵਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਮਿਸਾਲੀ ਸੇਵਾ ਦੀ ਉਦਾਹਰਣ ਸੂਬੇ ਤੋਂ ਇਲਾਵਾ ਪੂਰੇ ਦੇਸ਼ ਵਿੱਚ ਵੀ ਕਿਤੇ ਨਹੀਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਆਕਸੀਜਨ ਨਾਲ ਲੈਸ ਇਹ ਐਂਬੂਲੈਂਸ ਲੋੜਵੰਦ ਲੋਕਾਂ ਦੀਆਂ ਕੀਮਤੀ ਜਾਨਾਂ ਬਚਾ ਸਕਦੀ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਲੋੜਵੰਦ ਵਿਅਕਤੀ ਜੋ ਇਸ ਸਹੂਲਤ ਦਾ ਲਾਭ ਲੈਣਾ ਚਾਹੁੰਦਾ ਹੈ ਫੋਨ ਨੰਬਰ 9115560161 'ਤੇ ਸੰਪਰਕ ਕਰਕੇ ਸੇਵਾਵਾਂ ਦਾ ਲਾਭ ਉਠਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਸੰਕਟ ਕਰਕੇ ਸਿਹਤ ਸੰਭਾਲ ਵਿਵਸਥਾ 'ਤੇ ਭਾਰੀ ਬੋਝ ਪਿਆ ਹੋਇਆ ਹੈ ਤਾਂ ਐਨ.ਜੀ.ਓਜ਼ ਆਖ਼ਰੀ ਉਮੀਦ ਵਲੋਂ ਇਹ ਐਂਬੂਲੈਂਸ ਸੇਵਾ ਚਲਾਉਣਾ ਆਸ ਦੀ ਕਿਰਨ ਵਾਂਗ ਹੈ। ਉਨ੍ਹਾਂ ਕਿਹਾ ਕਿ ਇਸ ਐਨ.ਜੀ.ਓਜ਼ ਵਲੋਂ ਕੀਤੇ ਜਾ ਰਹੇ ਉਪਰਾਲੇ ਹੋਰਨਾਂ ਨੂੰ ਵੀ ਲੋੜਵੰਦ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਅੱਗੇ ਆਉਣ ਲਈ ਪ੍ਰੇਰਿਤ ਕਰਨਗੇ।ਇਸ ਮੌਕੇ ਐਨ.ਜੀ.ਓ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਵਲੋਂ ਡਿਪਟੀ ਕਮਿਸ਼ਨਰ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਐਨ.ਜੀ.ਓ ਵਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਜਾਣੂੰ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਐਨ.ਜੀ.ਓ. ਵਲੋਂ ਹੁਣ ਤੱਕ ਕੋਵਿਡ ਕਰਕੇ ਮੌਤ ਹੋਣ 'ਤੇ 500 ਮ੍ਰਿਤਕ ਦੇਹਾਂ ਦਾ ਸਸਕਾਰ ਕਰਨ ਤੋਂ ਇਲਾਵਾ ਲੋੜਵੰਦ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕ ਐਨ.ਜੀ.ਓ. ਵਲੋਂ ਲੋੜਵੰਦ ਲੋਕਾਂ ਨੂੰ ਖਾਣਾ, ਦਵਾਈਆਂ ਅਤੇ ਕਪੜੇ 11 ਰੁਪਏ 'ਚ ਮੁਹੱਈਆ ਕਰਵਾਏ ਜਾ ਰਹੇ ਹਨ।