5 Dariya News

ਪੰਜਾਬ ਸਰਕਾਰ ਵਲੋਂ ਲੜਕੀਆਂ ਨੂੰ ਮੁਹੱਈਆ ਕਰਵਾਏ ਜਾਣਗੇ ਮੁਫਤ ਸੈਨੇਟਰੀ ਪੈਡ

5 Dariya News

ਸ੍ਰੀ ਮੁਕਤਸਰ ਸਾਹਿਬ 28-May-2021

ਪੰਜਾਬ ਸਰਕਾਰ ਵੱਲੋਂ ਸਾਰੇ ਵਰਗਾਂ ਨੂੰ ਧਿਆਨ ਵਿੱਚ ਰੱਖਦਿਆਂ  ਸਮੇਂ ਸਮੇਂ ਤੇ  ਭਲਾਈ ਸਕੀਮਾਂ  ਬਣਾਈਆਂ ਜਾਂਦੀਆਂ ਹਨ, ਇਸੇ ਲੜੀ ਤਹਿਤ ਪੜਾਈ ਛੱਡ ਚੁੱਕੀਆਂ ਲੜਕੀਆਂ  ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀਆਂ ਔਰਤਾਂ ਲਈ ਮੁਫਤ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਉਡਾਣ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਜਾਣਕਾਰੀ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਵੀਡੀਓ ਕਾਨਫ਼ਰੈਂਸਿੰਗ ਰਾਹੀਂ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਦਿੱਤੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਚੱਲ ਰਹੇ  ਆਂਗਣਵਾੜੀ ਸੈਂਟਰ ਵਿੱਚ  ਗਰਭਵਤੀ ਔਰਤਾਂ ਅਤੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਨਾਲ ਹਰੇਕ ਆਂਗਣਵਾੜੀ ਵੱਲੋਂ ਲੜਕੀਆਂ ਜਾਂ ਔਰਤਾਂ ਨੂੰ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਣਗੇ ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਹਾਂਵਾਰੀ ਦੌਰਾਨ ਸਾਰੀਆਂ ਲੜਕੀਆਂ ਲਈ ਸੈਨੇਟਰੀ ਪੈਡ ਖਰੀਦਣੇ ਸੰਭਵ ਨਹੀਂ ਸਨ, ਇਸ ਲਈ ਉਨ੍ਹਾ ਨੂੰ ਘਰੇਲੂ ਤਰੀਕੇ ਅਪਣਾੳਂੁਣੇ ਪੈਂਦੇ ਸਨ। ਇਸ ਕਾਰਨ ਜਿੱਥੇ ਉਨ੍ਹਾਂ ਦੀ ਪੜਾਈ ਦਾ ਨੁਕਸਾਨ ਹੁੰਦਾ ਸੀ ਉੱਥੇ ਹੀ ਉਨਾਂ ਦਾ ਆਤਮ ਵਿਸ਼ਵਾਸ ਵੀ ਘਟਦਾ ਸੀ। ਪੰਜਾਬ ਸਰਕਾਰ ਵੱਲੋਂ ਇਹ ਸਕੀਮ ਸ਼ੁਰੂ ਕਰਨ ਨਾਲ ਜਿੱਥੇ ਲੜਕੀਆਂ ਦੀ ਸਿਹਤ ਠੀਕ ਰਹੇਗੀ, ਉੱਥੇ ਹੀ ਉਨ੍ਹਾਂ ਦਾ ਆਤਮ ਵਿਸ਼ਵਾਸ ਵੀ ਵਧੇਗਾ ਅਤੇ ਪੜ੍ਹਾਈ ਦਾ ਨੁਕਸਾਨ ਵੀ ਨਹੀਂ ਹੋਵੇਗਾ।ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੀਆਂ ਲੜਕੀਆਂ ਨੂੰ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਂਦੇ ਸਨ ਪ੍ਰੰਤੂ ਸਰਕਾਰ ਵੱਲੋਂ ਨਵੀਂ ਸ਼ੁਰੂ ਕੀਤੀ ਉਡਾਣ ਸਕੀਮ ਰਾਹੀਂ ਪੜ੍ਹਾਈ ਕਰ ਰਹੀਆਂ ਸਾਰੀਆਂ ਲੜਕੀਆਂ ਅਤੇ ਪੜਾਈ ਛੱਡ ਚੁੱਕੀਆਂ ਲੜਕੀਆਂ, ਗਰੀਬੀ ਰੇਖਾ ਤੋਂ ਹੇਠਾ ਰਹਿਣ ਵਾਲੀਆਂ ਔਰਤਾਂ, ਝੁੱਗੀਆਂ ਝੌਪੜੀਆਂ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਸੈਨੇਟਰੀ ਪੈਡ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਰਾਜੇਸ਼ ਤ੍ਰਿਪਾਠੀ ਐਡੀਸ਼ਨਲ ਡਿਪਟੀ ਕਮਿਸ਼ਨਰ, ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਗੁਰਵਿੰਦਰ ਸਿੰਘ ਸਰਾਓ ਵੀ ਹਾਜ਼ਰ ਸਨ।