ਪੰਜਾਬ ਸਰਕਾਰ ਵੱਲੋਂ ‘ਉਡਾਣ’ ਯੋਜਨਾ ਦੀ ਸ਼ੁਰੂਆਤ
ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਤੇ ਬੱਚੀਆਂ ਨੂੰ ਮੁਫ਼ਤ ਮੁਹੱਈਆ ਕੀਤੇ ਜਾਣਗੇ ਸੈਨੇਟਰੀ ਪੈਡ-ਵਿਮਲ ਸੇਤੀਆ
5 Dariya News
ਫਰੀਦਕੋਟ 28-May-2021
ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਵੱਲੋਂ ਅੱਜ ‘ਵਿਸ਼ਵ ਮਾਸਿਕ ਧਰਮ ਸਵੱਛਤਾ ਦਿਵਸ’ ਮੌਕੇ ਵਰਚੂਅਲ ਸਮਾਗਮਾਂ ਰਾਹੀਂ ਰਾਜ ਵਿਆਪੀ ‘ਉਡਾਣ’ ਯੋਜਨਾ ਦੀ ਸ਼ੁਰੂਆਤ ਕੀਤੀ ।ਇਸ ਯੋਜਨਾ ਤਹਿਤ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਤੇ ਬੱਚੀਆਂ ਨੂੰ ਮੁਫ਼ਤ ਸੈਨੇਟਰੀ ਨੈਪਕਿਨ ਵੰਡੇ ਜਾਣਗੇ। ਇਸ ਸੰਬੰਧੀ ਜਿਲ੍ਹਾ ਪੱਧਰੀ ਵਰਚੂਅਲ ਸਮਾਗਮ ਡੀ. ਸੀ ਦਫਤਰ ਦੇ ਐਨ. ਆਈ. ਸੀ ਵਿਖੇ ਹੋਇਆ ਜਿਸ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਵਿਮਲ ਕੁਮਾਰ ਸੇਤੀਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸਮਾਗਮ ਨੂੰ ਫਰੀਦਕੋਟ ਜਿਲੇ ਦੀਆਂ 27 ਵੱਖ- ਵੱਖ ਲੋਕੇਸ਼ਨਾਂ ਤੇ ਲਾਈਵ ਕੀਤਾ ਗਿਆ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਰਾਜ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਰਾਜ ਵਿਆਪੀ ਪ੍ਰਾਜੈਕਟ ਪੰਜਾਬ ਸਰਕਾਰ ਦਾ ਇਕ ਹੋਰ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਔਰਤਾਂ ਦੇ ਸ਼ਕਤੀਕਰਨ ਵਿੱਚ ਮਦਦ ਮਿਲੇਗੀ। ਇਸ ਤੇ ਸਰਕਾਰ ਵੱਲੋਂ 50 ਕਰੋੜ 55 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਬੱਸਾਂ ਵਿੱਚ ਸਾਰੀਆਂ ਔਰਤਾਂ ਲਈ ਸਫ਼ਰ ਦੀ ਸਹੂਲਤ ਮੁਫ਼ਤ ਕੀਤੀ ਹੈ ਅਤੇ ਔਰਤਾਂ ਲਈ ਸਰਕਾਰੀ ਨੌਕਰੀਆਂ ਵਿੱਚ 33 ਫੀਸਦੀ ਰਾਖਵਾਂਕਰਨ ਯਕੀਨੀ ਬਣਾਇਆ ਹੈ। ਉਨਾਂ ਦੱਸਿਆ ਕਿ ਮਹਿਲਾਵਾਂ ਨੂੰ ਪੰਚਾਇਤੀ ਰਾਜ ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ 50 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ ਤਾਂ ਜੋ ਉਹ ਸਿਆਸੀ ਖੇਤਰ ਵਿੱਚ ਵੀ ਨਾਮਣਾ ਖੱਟ ਸਕਣ।ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਔਰਤਾਂ ਦੇ ਸ਼ਕਤੀਕਰਨ ਲਈ ਵਚਨਬੱਧ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਮਾਣ-ਸਤਿਕਾਰ ਨਾਲ ਜ਼ਿੰਦਗੀ ਜਿਊਣ ਦਾ ਮੌਕਾ ਦੇਣ ਲਈ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਆਂਗਨਵਾੜੀ ਵਰਕਰਾਂ ਰਾਹੀਂ ਔਰਤਾਂ ਨੂੰ ਸੈਨੇਟਰੀ ਨੈਪਕਿਨਾਂ ਦੀ ਵੰਡ ਯਕੀਨੀ ਬਣਾਈ ਜਾਵੇਗੀ।ਉਨਾਂ ਕਿਹਾ ਕਿ ਇਸ ਨਾਲ ਔਰਤਾਂ ਨੂੰ ਮਾਸਿਕ ਧਰਮ ਸਮੇਂ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਆਤਮ-ਵਿਸ਼ਵਾਸ ਤੇ ਮਾਣ ਨਾਲ ਜੀਣ ਦਾ ਮੌਕਾ ਮਿਲੇਗਾ ਅਤੇ ਉਹ ਨਿੱਜੀ ਸਫ਼ਾਈ ਦੇ ਮਹੱਤਵ ਨੂੰ ਸਮਝਣਗੀਆਂ।ਉਨ੍ਹਾਂ ਜਿਲ੍ਹਾ ਪ੍ਰੋਗਰਾਮ ਅਫਸਰ ਨੂੰ ਹਦਾਇਤ ਕੀਤੀ ਕਿ ਉਡਾਨ ਪ੍ਰਾਜੈਕਟ ਅਧੀਨ ਸਾਰੀਆਂ ਲੋੜਵੰਦ ਅੋਰਤਾਂ/ ਲੜਕੀਆਂ ਨੂੰ ਨੈਪਕਿਨ ਪੈਡ ਦੀ ਸਹੂਲਤ ਯਕੀਨੀ ਬਣਾਈ ਜਾਵੇ।ਇਸ ਮੌਕੇ ਪ੍ਰੋਗਰਾਮ ਅਫਸਰ ਸ੍ਰੀ ਕਰਨ ਬਰਾੜ, ਡੀ.ਆਈ.ਓ. ਸ੍ਰੀ ਅਨਿਲ ਕਟਿਆਰ ਵੀ ਹਾਜ਼ਰ ਸਨ।