5 Dariya News

ਕੋਰੋਨਾ ਮਹਾਂਮਾਰੀ ਤੇ ਫਤਿਹ ਪਾਉਣ ਲਈ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਇਕੱਠੇ ਹੋ ਕੇ ਜੰਗ ਲੜਨ ਦੀ ਲੋੜ : ਅੰਮ੍ਰਿਤ ਕੌਰ ਗਿੱਲ

ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਨੌਜਵਾਨਾਂ ਦੀ ਭੂਮਿਕਾ ਅਹਿਮ

5 Dariya News

ਫ਼ਤਹਿਗੜ੍ਹ ਸਾਹਿਬ 27-May-2021

ਜ਼ਿਲ੍ਹੇ ਦੇ ਪੇਂਡੂ ਇਲਾਕਿਆਂ ਵਿੱਚ ਵੱਧ ਰਹੇ ਕੋਰੋਨਾ ਕੇਸਾਂ ਨੂੰ ਠੱਲ੍ਹ ਪਾਉਣ ਲਈ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਇਕੱਠੇ ਹੋ ਕੇ ਕੋਰੋਨਾ ਖਿਲਾਫ ਜੰਗ ਲੜਨ ਦੀ ਲੋੜ ਹੈ। ਮਿਸ਼ਨ ਫਤਿਹ ਤਹਿਤ ਨੌਜਵਾਨ  ਕੋਰੋਨਾ ਮਾਹਾਮਾਰੀ ਨੂੰ ਰੋਕਣ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਸ਼ਨ ਫ਼ਤਹਿ ਤਹਿਤ ਨੌਜਵਾਨਾਂ ਨਾਲ ਕੋਰੋਨਾ ਨੂੰ ਕਾਬੂ ਪਾਉਣ ਲਈ ਵੀਡੀਓ ਕਾਨਫ਼ਰੈਂਸਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ।ਇਸ ਮੌਕੇ ਸ਼੍ਰੀਮਤੀ ਗਿੱਲ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੋਰੋਨਾ ਨੂੰ ਠੱਲ੍ਹਣ ਵਿੱਚ ਨੌਜਵਾਨ ਅਹਿਮ ਰੋਲ ਨਿਭਾਅ ਸਕਦੇ ਹਨ। ਉਨ੍ਹਾਂ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਅੱਗੇ ਹੋ ਕੇ ਵੈਕਸੀਨ ਲਗਵਾਉਣ ਲਈ ਪ੍ਰੇਰਨ ਅਤੇ ਇਸ ਗੱਲ ਲਈ ਵੀ ਜਾਗਰੂਕ ਕਰਨ ਕਿ ਜੇਕਰ ਕਿਸੇ ਨੂੰ ਕੋਰੋਨਾ ਸਬੰਧੀ ਕੋਈ ਵੀ ਲੱਛਣ ਹੈ ਤਾਂ ਉਹ ਤੁਰੰਤ ਡਾਕਟਰ ਕੋਲੋਂ ਆਪਣੀ ਜਾਂਚ ਕਰਵਾਏ। ਜੇਕਰ ਛੇਤੀ ਟੈਸਟ ਕਰਵਾਉਣ ਉਤੇ ਮੁੱਢਲੇ ਪੜਾਅ ਤਹਿਤ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਵੀ ਜਾਂਦੀ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸਰਕਾਰ ਵੱਲੋਂ ਇਲਾਜ ਲਈ ਉਸ ਮਰੀਜ਼ ਨੂੰ ਘਰ ਵਿੱਚ ਹੀ ਕੋਰੋਨਾ ਫ਼ਤਿਹ ਕਿੱਟ ਮੁਹੱਈਆ ਕਰਵਾਈ ਜਾਂਦੀ ਹੈ। ਜੇਕਰ ਕੋਈ ਲੋੜਵੰਦ ਹੈ ਤਾਂ ਸਰਕਾਰ ਵੱਲੋਂ ਸਬੰਧਤ ਪਰਿਵਾਰ ਨੂੰ ਰਾਸ਼ਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਲਈ ਲੋਕ ਵੱਧ ਤੋਂ ਵੱਧ ਟੈਸਟਿੰਗ ਕਰਵਾਉਣ ਅਤੇ ਅੱਗੇ ਹੋ ਕੇ ਵੈਕਸੀਨੇਸ਼ਨ ਵੀ ਕਰਵਾਉਣ।ਡਿਪਟੀ ਕਮਿਸ਼ਨਰ ਨੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਦਿਲਬਰ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਨੌਜਵਾਨਾਂ ਦੇ ਗਰੁੱਪ ਬਣਾ ਕੇ ਪਿੰਡ ਅਤੇ ਵਾਰਡ ਪੱਧਰ ਤੇ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕ ਕਰਨ ਲਈ ਪ੍ਰੇਰਿਤ ਕਰਨ ਤਾਂ ਜੋ ਜਿਲ੍ਹੇ ਅੰਦਰ 100 ਫੀਸਦੀ ਟੈਸਟਿੰਗ ਅਤੇ ਵੈਕਸੀਨੇਸਨ ਕਰਾ ਕੇ ਜਿਲ੍ਹੇ ਨੂੰ ਕੋਰੋਨਾ ਮੁਕਤ ਕੀਤਾ  ਜਾ ਸਕੇ।  ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮਿਸ਼ਨ ਫਤਿਹ-2 ਸਬੰਧੀ ਬੈਜ ਵੀ ਜਾਰੀ ਕੀਤਾ ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨੁਪ੍ਰਿਤਾ ਜੌਹਲ, ਸੈਕਟਰੀ ਜਿਲ੍ਹਾ ਪ੍ਰੀਸਦ ਸ਼੍ਰੀਮਤੀ ਦਿਲਾਬਰ ਕੌਰ, ਚੇਅਰਮੈਨ ਯੋਜਨਾ ਕਮੇਟੀ ਸ.ਹਰਿੰਦਰ ਸਿੰਘ ਭਾਂਬਰੀ, ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਸ਼੍ਰੀ ਸੁਭਾਸ਼ ਸੂਦ, ਸਮੇਤ ਹੋਰ ਅਧਿਕਾਰੀ ਮੌਜੂਦ ਸਨ।