5 Dariya News

ਵਿਧਾਇਕ ਅੰਗਦ ਸਿੰਘ ਅਤੇ ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ

ਡੰਪ ਅਤੇ ਹੜਤਾਲੀ ਮੁਲਾਜ਼ਮਾਂ ਦੇ ਮੁੱਦੇ ਜਲਦ ਹੱਲ ਕਰਨ ਦੀ ਕੀਤੀ ਅਪੀਲ

5 Dariya News

ਚੰਡੀਗੜ੍ਹ 26-May-2021

ਵਿਧਾਇਕ ਅੰਗਦ ਸਿੰਘ ਅਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਸਚਿਨ ਦੀਵਾਨ ਵੱਲੋਂ ਅੱਜ ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ ਕਰ ਕੇ ਸ਼ਹਿਰ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਚਰਚਾ ਕੀਤੀ ਗਈ। ਉਨਾਂ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਇਸ ਵੇਲੇ ਨਵਾਂਸ਼ਹਿਰ ਵਿਚ ਦੋ ਭੱਖਦੇ ਮੁੱਦੇ ਹਨ, ਜਿਨਾਂ ਵਿਚ ਅਬਾਦੀ ਵਿਚਲੇ ਕੂੜੇ ਦੇ ਡੰਪ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਅਤੇ ਕੌਂਸਲ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਸ਼ਹਿਰ ਦੇ ਬਦਤਰ ਹੋਏ ਹਾਲਾਤ ਸ਼ਾਮਿਲ ਹਨ। ਉਨਾਂ ਕਿਹਾ ਕਿ ਨਵਾਂਸ਼ਹਿਰ ਵਿਚ ਮੂਸਾਪੁਰ ਰੋਡ ’ਤੇ ਸਥਿਤ ਕੂੜੇ ਦਾ ਡੰਪ ਅਬਾਦੀ ਵਿਚ ਬਣਿਆ ਹੋਇਆ ਹੈ, ਜਿਸ ਕਾਰਨ ਸਬੰਧਤ ਇਲਾਕਿਆਂ ਦੇ ਵਾਸੀਆਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਗੰਧਲੇ ਵਾਤਾਵਰਨ ਵਿਚ ਰਹਿਣ ਲਈ ਮਜਬੂਰ ਹਨ। ਇਸ ਲਈ ਡੰਪ ਨੂੰ ਉਥੋਂ ਸ਼ਿਫਟ ਕਰ ਕੇ ਅਬਾਦੀ ਤੋਂ ਬਾਹਰ ਲਿਜਾਣਾ ਬੇਹੱਦ ਜ਼ਰੂਰੀ ਹੈ। ਉਨਾਂ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਨਗਰ ਕੌਂਸਲ ਮੁਲਾਜ਼ਮਾਂ ਦੀ ਹੜਤਾਲ ਇਸ ਵੇਲੇ ਸ਼ਹਿਰ ਲਈ ਦੂਜਾ ਵੱਡਾ ਮਸਲਾ ਬਣਿਆ ਹੋਇਆ ਹੈ। ਉਨਾਂ ਕਿਹਾ ਕਿ ਮੁਲਾਜ਼ਮ ਯੂਨੀਅਨ ਦੀ ਹੜਤਾਲ ਕਾਰਨ ਇਸ ਵੇਲੇ ਸ਼ਹਿਰ ਦੇ ਹਾਲਾਤ ਬਦਤਰ ਬਣੇ ਹੋਏ ਹਨ ਅਤੇ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਉਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਸੜਕਾਂ ’ਤੇ ਖਿੱਲਰਿਆ ਇਹ ਕੂੜਾ ਹੋਰਨਾਂ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ, ਜਿਸ ਦਾ ਢੁਕਵਾਂ ਨਿਪਟਾਰਾ ਕਰਨਾ ਫੌਰਨ ਲੋੜੀਂਦਾ ਹੈ। ਉਨਾਂ ਕੈਬਨਿਟ ਮੰਤਰੀ ਨੂੰ ਸ਼ਹਿਰ ਦੇ ਇਨਾਂ ਦੋਵਾਂ ਅਹਿਮ ਮਸਲਿਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਅਪੀਲ ਕੀਤੀ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਇਨਾਂ ਦੋਵਾਂ ਮਸਲਿਆਂ ਦੇ ਜਲਦ ਹੀ ਢੁਕਵੇਂ ਹੱਲ ਦਾ ਭਰੋਸਾ ਦਿਵਾਇਆ ਗਿਆ।