ਪੁਲੀਸ ਨੇ ਘਟਨਾ ਵਾਪਰਨ ਦੇ 15 ਮਿੰਟਾਂ ਅੰਦਰ ਕਾਰ ਖੋਹਣ ਵਾਲੇ ਤਿੰਨ ਲੁਟੇਰੇ ਕਾਬੂ ਕੀਤੇ
ਰਿਵਾਲਵਰ, ਜਿੰਦਾ ਕਾਰਤੂਸ ਅਤੇ ਖੋਹੀ ਗਈ ਕਾਰ ਕੀਤੇ ਜ਼ਬਤ
5 Dariya News
ਹੁਸ਼ਿਆਰਪੁਰ 22-May-2021
ਗੜਸ਼ੰਕਰ ਵਿਚ ਚੰਡੀਗੜ੍ਹ ਰੋਡ ਉਤੇ ਤੇਲ ਪੰਪ ਦੇ ਬਾਹਰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਲੁੱਟਣ ਦੀ ਘਟਨਾ ਨੂੰ ਅੰਜਾਮ ਦੇਣ ਦੇ 15 ਮਿੰਟਾਂ ਦੇ ਅੰਦਰ ਸਥਾਨਕ ਪੁਲੀਸ ਨੇ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਅਤੇ ਗੈਰ-ਕਾਨੂੰਨੀ ਰਿਵਾਲਵਰ, ਜਿੰਦਾ ਕਾਰਤੂਸ, ਖਿਡੌਣਾ ਪਿਸਤੌਲ ਅਤੇ ਖੋਹੀ ਹੋਈ ਕਾਰ ਜ਼ਬਤ ਕਰ ਲਈ।ਇਨ੍ਹਾਂ ਤਿੰਨਾਂ ਦੀ ਪਛਾਣ ਪਲਵਿੰਦਰ ਸਿੰਘ, ਪੱਤੋ ਹੀਰਾ ਸਿੰਘ (ਮੋਗਾ), ਰਵਿੰਦਰ ਸਿੰਘ, ਪਿੰਡ ਕਠੂਆ ਨੰਗਲ (ਅੰਮਿਰਤਸਰ) ਅਤੇ ਅਸ਼ਵਨੀ ਕੁਮਾਰ, ਹਸਨ ਬਾਗ, ਨਾਗਪੁਰ ਦੇ ਤੌਰ ਉਤੇ ਹੋਈ ਹੈ।ਇਹ ਪ੍ਰਗਟਾਵਾ ਕਰਦੇ ਹੋਏ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 21 ਮਈ ਨੂੰ ਰੋਡ ਮਾਜਰਾ ਦੇ ਵਾਸੀ ਸੱਜਣ ਨੇ ਅਨੰਦਪੁਰ ਸਾਹਿਬ ਚੌਕ ਵਿਖੇ ਇੰਸਪੈਕਟਰ ਰਾਕੇਸ਼ ਕੁਮਾਰ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੂੰ ਸ਼ਿਕਾਇਤ ਕੀਤੀ ਕਿ ਤਿੰਨ ਅਣਪਛਾਤੇ ਅਪਰਾਧੀਆਂ ਨੇ ਚੰਡੀਗੜ੍ਹ ਰੋਡ ਉਤੇ ਇਕ ਪੈਟਰੋਲ ਪੰਪ ਦੇ ਬਾਹਰ ਉਸ ਦੀ ਸਵਿੱਫਟ ਕਾਰ (ਪੀ.ਬੀ.08 ਸੀ.ਵੀ.-0094) ਖੋਹ ਲਈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਤੋਂ ਤੁਰੰਤ ਬਾਅਦ ਏ ਐਸ ਪੀ. ਗੜ੍ਹਸ਼ੰਕਰ ਤੁਸ਼ਾਰ ਗੁਪਤਾ ਦੀ ਨਿਗਰਾਨੀ ਹੇਠ ਰਾਕੇਸ਼ ਕੁਮਾਰ ਨੇ ਪਰਮਿੰਦਰ ਕੌਰ ਦੀ ਅਗਵਾਈ ਵਾਲੀ ਸਮੁੰਦਰਾ ਪੁਲੀਸ ਚੌਕੀ ਨੂੰ ਅਲਰਟ ਕਰ ਦਿੱਤਾ ਜਿਸ ਨੇ ਆਪਣੀ ਟੀਮ ਨਾਲ ਟਰੱਕਾਂ ਨਾਲ ਮੇਨ ਰੋਡ ਬਲਾਕ ਕਰ ਦਿੱਤਾ ਅਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ .38 ਬੋਰ ਦਾ ਗੈਰ-ਕਾਨੂੰਨੀ ਹਥਿਆਰ, ਦੋ ਜਿੰਦਾ ਕਾਰਤੂਸ, ਖਿਡੌਣਾ ਪਿਸਤੌਲ ਅਤੇ ਖੋਹੀ ਹੋਈ ਕਾਰ ਜ਼ਬਤ ਕੀਤੀ। ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਖਿਲਾਫ਼ ਆਈ.ਪੀ.ਸੀ. ਦੀ ਧਾਰਾ 379-ਬੀ ਅਤੇ ਆਰਮਜ਼ ਐਕਟ ਦੀ ਧਾਰਾ 25, 54 ਅਤੇ 59 ਤਹਿਤ ਕੇਸ ਦਰਜ ਕੀਤਾ ਗਿਆ ਹੈ।