5 Dariya News

ਕੋਰੋਨਾ ਮਰੀਜ਼ਾਂ ਦੀ ਜਲਦ ਪਛਾਣ ਕਰਕੇ ਬਚਾਈ ਜਾ ਸਕਦੀ ਹੈ ਜਾਨ : ਹੁਸ਼ਨ ਲਾਲ

ਕਿਹਾ, ਸਮੂਹ ਡਾਕਟਰ ਤੇ ਵਿਭਾਗ ਆਪਸੀ ਮਿਲਵਰਤਨ ਨਾਲ ਕੋਵਿਡ ਤੇ ਪਾ ਸਕਦੇ ਹਨ ਫ਼ਤਿਹ

5 Dariya News

ਬਠਿੰਡਾ 22-May-2021

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸ਼ਨ ਲਾਲ ਨੇ ਅੱਜ ਇੱਥੇ ਪਹੁੰਚ ਕੇ ਜ਼ਿਲ੍ਹੇ ਅੰਦਰ ਕਰੋਨਾ ਮਹਾਂਮਾਰੀ ਦੇ ਫ਼ੈਲਾਅ ਨੂੰ ਰੋਕਣ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਇਸ ਭਿਆਨਕ ਮਹਾਂਮਾਰੀ ਦੇ ਖ਼ਾਤਮੇ ਲਈ ਕਰੋਨਾ ਪ੍ਰਭਾਵਿਤ ਮਰੀਜ਼ਾਂ ਨੂੰ ਬਚਾਉਣ ਚ ਜੁਟੇ ਸਿਹਤ ਵਿਭਾਗ ਤੇ ਪ੍ਰਾਈਵੇਟ ਡਾਕਟਰਾਂ ਤੇ ਜ਼ਿਲ੍ਹਾ ਪ੍ਰਸ਼ਾਸ਼ਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਜਿਨ੍ਹਾਂ ਜਲਦੀ ਕਰੋਨਾ ਮਰੀਜ਼ਾਂ ਦੀ ਪਹਿਛਾਣ ਕਰਨਗੇ, ਓਨਾ ਜਲਦੀ ਹੀ ਅਸੀਂ ਇਸ ਭਿਆਨਕ ਬਿਮਾਰੀ ਤੋਂ ਮਨੁੱਖੀ ਜਾਨਾਂ ਨੂੰ ਬਚਾਉਣ ਵਿਚ ਸਫ਼ਲ ਹੋਣਗੇ। ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਵੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਮੌਜੂਦ ਰਹੇ।ਇਸ ਮੌਕੇ ਮੌਜੂਦ ਜ਼ਿਲ੍ਹੇ ਦੇ ਕਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ਼ ਕਰ ਰਹੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੂੰ ਉਨ੍ਹਾਂ ਖ਼ਾਸ ਅਪੀਲ ਕੀਤੀ ਕਿ ਉਹ ਕਰੋਨਾ ਮਰੀਜ਼ਾਂ ਦਾ ਇਲਾਜ਼ ਕਰਨ ਮੌਕੇ ਇੰਮੋਸ਼ਨਲ ਨਾ ਹੋਣ ਸਗੋਂ ਪੂਰੀ ਸਮਝਦਾਰੀ, ਜਿੰਮੇਵਾਰੀ ਤੇ ਹੌਸਲੇ ਨਾਲ ਇਲਾਜ਼ ਕਰਨ। ਉਨ੍ਹਾਂ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਕਰੋਨਾ ਮੁਕਤ ਪਿੰਡ ਮੁਹਿੰਮ ਦੀ ਗੱਲ ਕਰਦਿਆਂ ਕਿਹਾ ਕਿ ਇਸ ਮੁਹਿੰਮ ਤਹਿਤ ਪਿੰਡਾਂ ਦੇ ਲੋਕਾਂ ਵਲੋਂ ਸਮਝਦਾਰੀ ਦਿਖਾਉਂਦਿਆਂ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਪਿੰਡਾਂ ਦੇ ਲੋਕਾਂ ਵੈਕਸੀਨੇਸ਼ਨ ਤੇ ਟੈਸਟਿੰਗ ਕਰਵਾਉਣ ਵਿਚ ਅੱਗੇ ਆ ਰਹੇ ਹਨ ਜਿਸ ਕਾਰਨ ਪਿੰਡਾਂ ਵਿਚ ਕਰੋਨਾ ਟੈਸਟਿੰਗ ਕਰਵਾਉਣ ਨਾਲ ਮੌਤ ਦੀ ਦਰ ਵੀ ਘਟਣ ਲੱਗੀ ਹੈ। ਉਨ੍ਹਾਂ ਕਰੋਨਾ ਦੇ ਮੁਕੰਮਲ ਖ਼ਾਤਮੇ ਲਈ ਡਾਕਟਰਾਂ ਅਤੇ ਸਮੂਹ ਵਿਭਾਗਾਂ ਨੂੰ ਆਪਸੀ ਮਿਲਵਰਤਨ ਨਾਲ ਡਟੇ ਰਹਿਣ ਦੀ ਵੀ ਅਪੀਲ ਕੀਤੀ।ਇਸ ਮੌਕੇ ਡੀ.ਐਮ.ਸੀ. ਲੁਧਿਆਣਾ ਦੇ ਪ੍ਰਸਿੱਧ ਡਾ. ਵਿਸ਼ਵ ਮੋਹਨ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਡਾਕਟਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਪਾਜੀਟਿਵ ਕੇਸਾਂ ਦਾ ਇਲਾਜ਼ ਕਰਨ ਸਮੇਂ ਕਨਫ਼ਿਊਜ਼ ਨਾ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਚੱਲ ਰਹੀ ਮੌਜੂਦਾ ਦੂਸਰੀ ਕਰੋਨਾ ਵੇਵ ਨੂੰ ਜਿਨ੍ਹਾਂ ਅਸੀਂ ਛੋਟਾ ਕਰ ਲਵਾਗਾ ਓਨਾ ਹੀ ਜਲਦੀ ਇਸ ਤੇ ਕਾਬੂ ਪਾ ਸਕਾਂਗੇ। ਇਸ ਮੌਕੇ ਉਨ੍ਹਾਂ ਆਉਣ ਵਾਲੀ ਕਰੋਨਾ ਦੀ ਤੀਸਰੀ ਵੇਵ ਨੂੰ ਖ਼ਤਰਨਾਕ ਦੱਸਦਿਆਂ ਇਸ ਤੋਂ ਸੁਚੇਤ ਰਹਿਣ ਦੀ ਵੀ ਅਪੀਲ ਕੀਤੀ।

ਇਸ ਉਪਰੰਤ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਪ੍ਰਸਿੱਧ ਡਾ. ਆਰ.ਪੀ.ਐਸ. ਸਿਬੀਆ ਨੇ ਕਰੋਨਾ ਮਹਾਂਮਾਰੀ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ਼ ਕਰ ਰਹੇ ਡਾਕਟਰਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਅਪੀਲ ਕੀਤੀ ਕਿ ਜੇਕਰ ਉਹ ਆਪਸੀ ਮਿਲਵਰਤਨ ਤੇ ਇੱਕ ਟੀਮ ਵਾਂਗ ਲਗਾਤਾਰ ਤਿੰਨ ਹਫ਼ਤੇ ਪੂਰੀ ਦ੍ਰਿੜਤਾ ਨਾਲ ਮਿਲ ਕੇ ਕਰੋਨਾ ਖਿਲਾਫ਼ ਕੰਮ ਕਰਨਗੇ ਤਾਂ ਉਹ ਲਾਜ਼ਮੀ ਹੀ ਇਸ ਮਹਾਂਮਾਰੀ ਤੇ ਕਾਬੂ ਪਾਉਣ ਵਿਚ ਸਫ਼ਲ ਹੋਣਗੇ। ਇਸ ਮੌਕੇ ਉਨ੍ਹਾਂ ਵਿਸ਼ੇਸ਼ ਤੌਰ ਪਲਾਜ਼ਮਾਂ ਕਦੋਂ, ਕਿਵੇਂ, ਕਦੋਂ ਤੱਕ ਤੇ ਕਿੰਨੀ ਮਾਤਰਾ ਵਿਚ ਦੇਣਾ ਹੈ ਬਾਰੇ ਵਿਸਥਾਰਪੂਰਵਕ ਤੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ।ਇਸ ਉਪਰੰਤ ਪ੍ਰਮੁੱਖ ਸਕੱਤਰ ਸ਼੍ਰੀ ਹੁਸ਼ਨ ਲਾਲ ਨੇ ਕਰੋਨਾ ਰੋਕਥਾਮ ਵਿਚ ਲੱਗੇ ਜ਼ਿਲ੍ਹਾ ਪ੍ਰਸ਼ਾਸ਼ਿਕ ਉੱਚ ਅਧਿਕਾਰੀਆਂ ਤੇ ਕਰੋਨਾ ਸੈੱਲਾਂ ਇੰਚਾਰਜਾਂ ਨਾਲ ਵੱਖਰੀ ਮੀਟਿੰਗ ਕਰਦਿਆਂ ਜ਼ਿਲ੍ਹੇ ਅੰਦਰ ਕਰੋਨਾ ਦੇ ਖ਼ਾਤਮੇ ਲਈ ਕੀਤੇ ਜਾ ਰਹੇ ਕਾਰਜਾਂ ਜਿਵੇਂ ਕਰੋਨਾ ਟੈਸਟਿੰਗ, ਵੈਕਸੀਨੇਸ਼ਨ, ਘਰੇਲੂ ਇਕਾਂਤਵਾਂਸ, ਹਸਪਤਾਲਾਂ ਵਿਚ ਲੈਵਲ 1 ਤੇ ਲੈਵਲ 2 ਦੀ ਸਥਿਤ ਤੋਂ ਇਲਾਵਾ ਮਿਸ਼ਨ ਫ਼ਤਿਹ ਕਿੱਟਾਂ, ਆਕਸੀਜਨ ਗੈਸ ਤੇ ਆਕਸੀਜਨ ਕੰਨਸਨਟ੍ਰੇਟਰਾਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਵੀ ਦਿੱਤੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਸਰਕਾਰੀ ਰੇਟ ਤੋਂ ਵੱਧ ਪੈਸੇ ਲੈਣ ਵਾਲੇ ਪ੍ਰਾਈਵੇਟ ਹਸਪਤਾਲਾਂ ਦੇ ਖਿਲਾਫ਼ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।ਇਸ ਮੌਕੇ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਮਿਸ਼ਨ ਫ਼ਤਿਹ ਕਿੱਟ ਕਰੋਨਾ ਪਾਜੀਟਿਵ ਮਰੀਜ਼ ਨੂੰ ਮੌਕੇ ਤੇ ਮੁਹੱਈਆ ਕਰਵਾਈ ਜਾਵੇ ਅਤੇ ਇਸ ਕਿੱਟ ਦੀ ਕਿਵੇਂ ਵਰਤੋਂ ਕਰਨੀ ਹੈ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਵੈਕਸੀਨੇਸ਼ਨ ਦੀ ਸਹੀ ਵਰਤੋਂ ਕਰਨ ਤੇ ਤਰੁੰਤ ਪੋਰਟਲ ਤੇ ਚੜ੍ਹਾਉਣ ਦੀ ਹਦਾਇਤ ਕੀਤੀ। ਉਨ੍ਹਾਂ ਘਰੇਲੂ ਇਕਾਂਤਵਾਸ ਮਰੀਜ਼ਾਂ ਦਾ ਖ਼ਾਸ ਧਿਆਨ ਰੱਖਣ ਤੇ ਕਰੋਨਾ ਮੁਕਤ ਪਿੰਡ ਅਭਿਆਨ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚੜਾਉਣ ਲਈ ਬਲਾਕ ਪੱਧਰ ਤੇ ਸਾਂਝੀ ਕਮੇਟੀ ਬਣਾ ਕੇ ਇਸ ਨੂੰ ਸਫ਼ਲਤਾਪੂਰਵਕ ਨੇਪਰੇ ਚੜਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਆਕਸੀਜਨ ਗੈਸ ਦੀ ਸਮੀਖਿਆ ਕਰਦਿਆਂ ਕਿਹਾ ਕਿ ਆਕਸੀਜਨ ਕੰਨਸਟੇ੍ਰਟਰਾਂ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਆਕਸੀਜਨ ਗੈਸ ਦੀ ਬਚਤ ਕੀਤੀ ਜਾਵੇ। ਇਸ ਮੌਕੇ ਸਿਖਲਾਈ ਅਧੀਨ ਆਈ.ਏ.ਐਸ. ਸ਼੍ਰੀ ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਸ੍ਰੀ ਬਬਨਦੀਪ ਸਿੰਘ ਵਾਲੀਆ, ਐਸ.ਪੀ. ਸ਼੍ਰੀ ਸੁਰਿੰਦਰਪਾਲ ਸਿੰਘ, ਡੀ.ਡੀ.ਪੀ.ਓ ਮੈਡਮ ਨੀਰੂ ਗਰਗ, ਡਾ. ਪਾਮਿਲ, ਡਾ. ਯਾਦਵਿੰਦਰ, ਕਰੋਨਾ ਸੈੱਲ ਦੇ ਜ਼ਿਲਾ ਇੰਚਾਰਜ ਸ਼੍ਰੀ ਮਨਪ੍ਰੀਤ ਸਿੰਘ ਅਰਸ਼ੀ, ਘਰੇਲੂ ਇਕਾਂਤਵਾਸ ਦੇ ਜ਼ਿਲ੍ਹਾ ਇੰਚਾਰਜ ਸ. ਗੁਰਦੀਪ ਸਿੰਘ ਮਾਨ ਤੋਂ ਇਲਾਵਾ ਕਰੋਨਾ ਮਰੀਜ਼ਾਂ ਦਾ ਇਲਾਜ਼ ਕਰ ਰਹੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਤੇ ਉਨ੍ਹਾਂ ਦੇ ਨੁਮਾਂਇੰਦੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।