5 Dariya News

ਪਟਿਆਲਾ 'ਚ ਬਣੇਗੀ ਸੜਕੀ ਹਾਦਸਿਆਂ ਦੇ ਪੀੜਤਾਂ ਦੀ ਯਾਦਗਾਰ, ਡੀ.ਸੀ. ਨੇ ਨੀਂਹ ਪੱਥਰ ਰੱਖਿਆ

ਜ਼ਿਲ੍ਹਾ ਪ੍ਰਸ਼ਾਸਨ ਤੇ ਪਟਿਆਲਾ ਮੀਡੀਆ ਕਲੱਬ ਦੇ ਸਹਿਯੋਗ ਨਾਲ 'ਪਟਿਆਲਾ ਫਾਊਂਡੇਸ਼ਨ ਵੱਲੋਂ ਲੋਕਾਂ ਨੂੰ ਸੜਕ ਹਾਦਸਿਆਂ ਪ੍ਰਤੀ ਸੁਚੇਤ ਕਰਨ ਲਈ ਨਿਵੇਕਲਾ ਉਪਰਾਲਾ

5 Dariya News

ਪਟਿਆਲਾ 20-May-2021

ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਇੱਥੇ ਮਹਾਰਾਜ ਭਲਿੰਦਰ ਸਿੰਘ ਸਪੋਰਟ ਕੰਪਲੈਕਸ, ਪੋਲੋ ਗਰਾਊਂਡ ਨੇੜੇ ਸੜਕ ਹਾਦਸਿਆਂ ਦੇ ਪੀੜਤਾਂ ਦੀ ਯਾਦਗਾਰ ਉਸਾਰੀ ਦਾ ਕਾਰਜ ਨੀਂਹ ਪੱਥਰ ਰੱਖ ਕੇ ਅਰੰਭ ਕਰਵਾਇਆ। ਪਟਿਆਲਾ ਫਾਊਂਡੇਸ਼ਨ ਨੇ ਆਪਣੇ ਵਿਸ਼ੇਸ਼ ਪ੍ਰਾਜੈਕਟ 'ਸੜਕ' ਤਹਿਤ ਛੇਵੇਂ ਯੂ.ਐਨ. ਗਲੋਬਲ ਰੋਡ ਸੇਫ਼ਟੀ ਹਫ਼ਤੇ ਨੂੰ ਮਨਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਟਿਆਲਾ ਮੀਡੀਆ ਕਲੱਬ ਦੇ ਸਹਿਯੋਗ ਨਾਲ ਇਹ ਇੱਕ ਨਿਵੇਕਲਾ ਉਪਰਾਲਾ ਕੀਤਾ ਹੈ। ਇਸ ਮੌਕੇ ਸੜਕ ਹਾਦਸਿਆਂ 'ਚ ਮਾਰੇ ਗਏ ਲੋਕਾਂ ਦੀ ਯਾਦ 'ਚ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ।ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਫਾਊਂਡੇਸ਼ਨ ਅਤੇ ਸ੍ਰੀ ਰਵੀ ਸਿੰਘ ਆਹਲੂਵਾਲੀਆ ਵੱਲੋਂ ਸੜਕ ਸੁਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੜਕੀ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਤਾਂ ਕਿ ਕੀਮਤੀ ਜਾਨਾਂ ਨੂੰ ਸੜਕ ਹਾਦਸਿਆਂ 'ਚ ਅਜਾਂਈ ਜਾਣ ਤੋਂ ਬਚਾਇਆ ਜਾ ਸਕੇ।ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਸ੍ਰੀ ਰਵੀ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਸੜਕੀ ਹਾਦਸਿਆਂ 'ਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੀ ਯਾਦਗਾਰ ਦੀ ਸਾਂਭ-ਸੰਭਾਲ ਪਟਿਆਲਾ ਫਾਊਂਡੇਸ਼ਨ, ਪਟਿਆਲਾ ਮੀਡੀਆ ਕਲੱਬ ਦੇ ਸਹਿਯੋਗ ਨਾਲ ਕੀਤੀ ਜਾਵੇਗੀ, ਜਿੱਥੇ ਹਾਦਸੇ 'ਚ ਜਾਨਾ ਗਵਾਉਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ 'ਮੈਨੂੰ ਯਾਦ ਰੱਖਿਓ' ਪਲੇਕ ਲਗਾਈ ਜਾ ਸਕੇਗੀ। ਇਸ ਨਾਲ ਨਾ ਕੇਵਲ ਅਜਿਹੇ ਪਰਿਵਾਰਾਂ ਨੂੰ ਧਰਵਾਸ ਮਿਲੇਗਾ, ਜਿਨ੍ਹਾਂ ਦੇ ਮੈਂਬਰਾਂ ਨੇ ਆਪਣੀਆਂ ਕੀਮਤੀ ਜਾਨਾਂ ਹਾਦਸਿਆਂ 'ਚ ਗਵਾਈਆਂ ਹਨ, ਬਲਕਿ ਟਾਲੇ ਜਾ ਸਕਣ ਵਾਲੇ ਸੜਕੀ ਹਾਦਸਿਆਂ ਨੂੰ ਠੱਲਣ ਲਈ ਆਮ ਲੋਕਾਂ ਨੂੰ ਇਸ ਜਰੀਏ ਜਾਗਰੂਕ ਵੀ ਕੀਤਾ ਜਾਵੇਗਾ।ਇਸ ਤੋਂ ਇਲਾਵਾ ਬੱਚਿਆਂ ਦੇ ਇੱਕ ਡੈਲੀਗੇਟ ਨੇ ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੂੰ ਇੱਕ ਖੁੱਲ੍ਹਾ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਸੁਰੱਖਿਅਤ ਜੋਨਾਂ, ਜਿਥੇ ਸਕੂਲ, ਹਸਪਤਾਲ ਜਾਂ ਘਰ ਹੋਣ, ਵਿਖੇ ਵਾਹਨਾਂ ਦੀ ਸਪੀਡ ਲਿਮਟ 30 ਕਿਲੋਮੀਟਰ ਪ੍ਰਤੀ ਘੰਟਾ ਕਰਕੇ ਸੇਫ਼ ਸਕੂਲ ਜੋਨ, 'ਚ ਆਮ ਲੋਕਾਂ ਦੀ ਜਾਨਾਂ ਨੂੰ ਸੁਰੱਖਿਅਤ ਕੀਤਾ ਜਾਵੇ।ਛੇਵੇਂ ਯੂ.ਐਨ. ਰੋਡ ਸੇਫ਼ਟੀ ਹਫ਼ਤੇ ਨੂੰ ਮਨਾਏ ਜਾਣ ਦੇ ਹਿੱਸੇ ਵਜੋਂ ਹੀ ਸ੍ਰੀ ਕੁਮਾਰ ਅਮਿਤ ਨੇ 13 ਰੋਡ ਸੇਫ਼ਟੀ ਇੰਜੀਨੀਅਰਾਂ ਵੱਲੋਂ ਪਟਿਆਲਾ ਫਾਊਂਡੇਸ਼ਨ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ 'ਚ ਸੀਟ ਬੈਲਟ ਲਗਾਉਣ ਅਤੇ ਹੈਲਮੈਟ ਦੀ ਵਰਤੋਂ ਸਬੰਧੀ ਤਿਆਰ ਕੀਤੀ ਗਈ ਇੱਕ ਰਿਪੋਰਟ ਵੀ ਜਾਰੀ ਕੀਤੀ।ਇਸ ਮੌਕੇ ਫਾਊਂਡੇਸ਼ਨ ਦੇ ਮੈਂਬਰ ਅਨਮੋਲਜੀਤ ਸਿੰਘ, ਹਰਪ੍ਰੀਤ ਸੰਧੂ, ਰਾਕੇਸ਼ ਬਧਵਾਰ, ਪਵਨ ਗੋਇਲ, ਵਿਕਰਮ ਮਲਹੋਤਰਾ, ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਅਮਨ ਸੂਦ, ਗੁਰਪ੍ਰੀਤ ਸਿੰਘ ਚੱਠਾ ਤੇ ਨਵਦੀਪ ਢੀਂਗਰਾ ਵੀ ਮੌਜੂਦ ਸਨ। ਸ੍ਰੀ ਰਵੀ ਸਿੰਘ ਆਹਲੂਵਾਲੀਆ ਨੇ ਅੱਗੇ ਦੱਸਿਆ ਕਿ ਯੂ.ਐਨ. ਵੱਲੋਂ 6ਵੇਂ ਗਲੋਬਲ ਰੋਡ ਸੇਫ਼ਟੀ ਹਫ਼ਤੇ ਦੀ ਸ਼ੁਰੂਆਤ 17 ਮਈ ਨੂੰ ਕੀਤੀ ਸੀ, ਜਿਸ ਤਹਿਤ ਇਸ ਵਾਰ ਸੁਰੱਖਿਅਤ ਜੋਨਾਂ, ਗਲੀਆਂ ਅਤੇ ਰਿਹਾਇਸ਼ੀ ਇਲਾਕਿਆਂ 'ਚ ਵਾਹਨਾਂ ਦੀ ਸਪੀਡ 30 ਕਿਲੋਮੀਟਰ ਪ੍ਰਤੀ ਘੰਟਾ ਕੀਤੇ ਜਾਣ ਨੂੰ ਉਭਾਰਿਆ ਜਾ ਰਿਹਾ ਹੈ।